‘ਵਾਹ ਜ਼ਿੰਦਗੀ’ ਨਰਿੰਦਰ ਪਾਲ ਸਿੰਘ ਜਗਦਿਓ ਦੀ ਸੁਜਿੰਦ ਵਾਰਤਕ : ਪ੍ਰੋ. ਗੁਰਭਜਨ ਗਿੱਲ
- ਹਰੇਕ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰੇਗਾ
ਲੁਧਿਆਣਾ/ਖੰਨਾ, 15 ਜੁਲਾਈ 2023 - ਪੰਜਾਬ ਸਰਕਾਰ ਦੇ ਲੋਕ ਸੰਪਰਕ ਅਧਿਕਾਰੀ ਸਃ॥ਨਰਿੰਦਰ ਪਾਲ ਸਿੰਘ ਜਗਦਿਓ ਦੀ ਨਵ ਪ੍ਰਕਾਸ਼ਿਤ ਪੁਸਤਕ ‘ਵਾਹ ਜ਼ਿੰਦਗੀ!’ ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਕਿਤਾਬ ਰੌਚਕਤਾ ਤੇ ਗਿਆਨ ਦਾ ਸੋਮਾ ਹੈ ਅਤੇ ਕਈ ਵੱਡੇ ਤੇ ਸੂਖਮ ਵਿਸ਼ੇ ਲੇਖਕ ਨੇ ਥੋੜ੍ਹੇ ਸ਼ਬਦਾਂ ਵਿਚ ਪਰੋ ਦਿੱਤੇ ਹਨ। ਇੱਥੇ ਨਿਊ ਬੈਂਕ ਕਾਲੋਨੀ ਵਿਖੇ ਕਿਤਾਬ ਦੀ ਘੁੰਡ ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਲੇਖਕ ਨਾ ਤਾਂ ਗੱਲ ਅਧੂਰੀ ਛੱਡਦਾ ਹੈ ਤੇ ਨਾ ਹੀ ਸ਼ਬਦਾਂ ਦੀ ਫਜ਼ੂਲ ਖਰਚੀ ਕਰਦਾ ਹੈ ਅਤੇ ਸੀਮਤ ਸ਼ਬਦਾਂ ‘ਚ ਹਰੇਕ ਗੱਲ ਬਹੁਤ ਸਵਾਦਲੇ ਤਰੀਕੇ ਨਾਲ ਪਾਠਕਾਂ ਸਾਹਮਣੇ ਰੱਖ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਲੇਖਕ ਨੇ ਆਮ ਜ਼ਿੰਦਗੀ ਦੇ ਵਿਸ਼ੇ ਨਿੱਜੀ ਤਜ਼ਰਬਿਆਂ, ਕਹਾਣੀਆਂ, ਉਦਾਹਰਣਾਂ ਅਤੇ ਸਵਾਦਲੀਆਂ ਬਾਤਾਂ ਰਾਹੀਂ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ। ਕਿਤਾਬ ਵਿਚ ਅਜਿਹੇ ਵਿਸ਼ੇ ਅਤੇ ਗੱਲਾਂ ਹਨ ਜਿਸਨੂੰ ਪੜ੍ਹ ਕੇ ਹਰ ਉਮਰ ਵਰਗ ਦਾ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰੇਗਾ।
ਨਰਿੰਦਰ ਪਾਲ ਸਿੰਘ ਜਗਦਿਓ ਦੀ ਕਿਤਾਬ “ਵਾਹ ਜ਼ਿੰਦਗੀ !” ਵਿਚ 50 ਲੇਖ ਸ਼ਾਮਲ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵਿਲੱਖਣ ਤੇ ਰੌਚਕ ਸ਼ੈਲੀ ਵਿਚ ਪੇਸ਼ ਕਰਦੇ ਹਨ।
ਲੇਖਕ ਦਾ ਕਹਿਣਾ ਹੈ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਰਾਹਾਂ ਨੂੰ ਪਾਰ ਕਰਨ ਲਈ ਸਾਨੂੰ ਛੋਟੇ ਜਿਹੇ ਸਹਾਰੇ, ਹੌਂਸਲੇ ਜਾਂ ਫਿਰ ਹਿੰਮਤ ਭਰੇ ਦੋ ਸ਼ਬਦਾਂ ਦੀ ਲੋੜ ਹੁੰਦੀ ਹੈ ਅਤੇ ਪਾਠਕਾਂ ਨੂੰ ਇਹ ਸਾਰਾ ਕੁਝ “ਵਾਹ ਜ਼ਿੰਦਗੀ!” ਦੇ ਪੰਨਿਆਂ ‘ਚੋਂ ਮਿਲ ਜਾਵੇਗਾ। ਕਿਤਾਬ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ।
ਕਾਬਿਲੇਗੌਰ ਹੈ ਕਿ ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਉਨ੍ਹਾਂ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਮਰੀਕਾ-ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਵੀ ਮਿਲਦੀ ਹੈ। ਜਲਦ ਹੀ ਆਸਟ੍ਰੇਲੀਆ ਵਿਚ ਵੀ ਇਹ ਕਿਤਾਬ ਉਪਲੱਬਧ ਹੋਵੇਗੀ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ ਇਲਾਵਾ ਲੇਖਕ ਦੇ ਮਾਤਾ-ਪਿਤਾ ਅਮਰਜੀਤ ਕੌਰ ਤੇ ਬਲਵੀਰ ਸਿੰਘ, ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਪੁਨੀਤ ਪਾਲ ਸਿੰਘ ਗਿੱਲ, ਮੁੱਖ ਮੰਤਰੀ ਪੰਜਾਬ ਦੇ ਲੋਕ ਸੰਪਰਕ ਅਧਿਕਾਰੀ ਇਕਬਾਲ ਸਿੰਘ ਬਰਾੜ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਐਸਐਚਓ ਸਿਟੀ-2 ਖੰਨਾ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ,ਵੇਰਕਾ ਮਿਲਟ ਪਲਾਂਟ ਲੁਧਿਆਣਾ ਦੇ ਡਿਪਟੀ ਮੈਨੇਜਰ ਧਰਮਿੰਦਰ ਸਿੰਘ ਗਰੇਵਾਲ ਅਤੇ ਦਾਦ ਪਿੰਡ ਤੋਂ ਸਰਪੰਚ ਸਃ ਜਗਦੀਸ਼ ਪਾਲ ਸਿੰਘ ਗਰੇਵਾਲ ਹਾਜ਼ਰ ਸਨ।