ਗੁਰਭਜਨ ਗਿੱਲ
ਸਮਰਾਲਾ, 2 ਜੂਨ 2020 - ਨੌਸ਼ਹਿਰਾ ਪੰਨੂਆਂ (ਤਰਨਤਾਰਨ) ਦੇ ਜੰਮਪਲ ਤੇ ਉਮਰ ਦਾ ਵੱਡਾ ਹਿੱਸਾ ਮਾਲਵਾ ਕਾਲਜ ਸਮਰਾਲਾ ਚ ਪੁਲਿਟੀਕਲ ਸਾਇੰਸ ਪੜ੍ਹਾ ਕੇ ਇੱਥੇ ਹੀ ਪੱਕੇ ਤੌਰ 'ਤੇ ਕਵਿਤਾ ਭਵਨ ਮਾਛੀਵਾੜਾ ਰੋਡ ਸਮਰਾਲਾ 'ਚ ਵਸੇ ਪੰਜਾਬੀ ਲੇਖਕ ਪ੍ਰੋ: ਹਮਦਰਦਵੀਰ ਨੌਸ਼ਹਿਰਵੀ (ਬੂਟਾ ਸਿੰਘ ਪੰਨੂ) ਸਦੀਵੀ ਵਿਛੋੜਾ ਦੇ ਗਏ ਹਨ।
ਸੁਹਿਰਦ ਅਧਿਆਪਕ, ਕਾਲਿਜ ਅਧਿਆਪਕ ਯੂਨੀਅਨ ਦੇ ਕ੍ਰਿਆਸ਼ੀਲ ਕਾਮੇ, ਕਹਾਣੀ ਤੇ ਕਵਿਤਾ ਦੇ ਸਮਾਂਤਰ ਸਿਰਜਕ ਸਨ ਉਹ। ਉਨ੍ਹਾਂ ਗੁਰਪਾਲ ਲਿਟ, ਗੁਲਜ਼ਾਰ ਮੁਹੰਮਦ ਗੋਰੀਆ, ਅਮਰ ਆਫਤਾਬ, ਕਮਲਜੀਤ ਨੀਲੋਂ, ਹਰਬੰਸ ਮਾਲਵਾ ਸਮੇਤ ਬਹੁਤ ਹੀ ਕਲਾਕਾਰਾਂ, ਲੇਖਕਾਂ ਤੇ ਸਿਰਜਕਾਂ ਨੂੰ ਸਿਰਜਣਾ ਮਾਰਗ 'ਤੇ ਤੋਰਿਆ।
ਸਾਹਿਤ 'ਚ ਉਨ੍ਹਾਂ ਨੂੰ ਬਣਦਾ ਹੱਕ ਭਾਵੇਂ ਕਦੇ ਨਾ ਮਿਲ ਸਕਿਆ ਪਰ ਉਨ੍ਹਾਂ ਦੀਆਂ ਕਈ ਲਿਖਤਾਂ ਬਹੁਤ ਹੀ ਮਿਆਰੀ ਤੇ ਜੀਵਨ ਸੇਧ ਬਖ਼ਸ਼ਣ ਵਾਲੀਆਂ ਹਨ। ਨਵ ਲੇਖਕਾਂ ਨੂੰ ਮੁਹੱਬਤ ਕਰਨਾ ਉਨ੍ਹਾਂ ਦੇ ਜੀਵਨ ਲਕਸ਼ ਦਾ ਹਿੱਸਾ ਸੀ।
ਮੈਨੂੰ ਯਾਦ ਹੈ ਕਿ 1975-76 ਦੇ ਦਿਨਾਂ ਚ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਕਵਿਤਾ ਭਵਨ ਦੀ ਜ਼ਿਆਰਤ ਕੀਤੀ ਸੀ। ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਪ੍ਰੀਤਮ ਕੌਰ ਦੇ ਪਕਾਏ ਮਿੱਸੇ ਪਰਸ਼ਾਦੇ ਅਜੇ ਵੀ ਚੇਤੇ ਨੇ। ਸਮਰਾਲੇ 'ਚ ਮਾਝੇ ਦਾ ਵੱਡਾ ਸਤਿਕਾਰਤ ਬੋਹੜ ਸਨ ਪ੍ਰੋ: ਹਮਦਰਦਵੀਰ ਨੌਸ਼ਹਿਰਵੀ।
ਮੈਨੂ ਚੇਤੇ ਆ ਰਿਹੈ ਕਿ ਪਿਛਲੇ ਸਾਲ ਉਹ ਬਟਾਲਾ 'ਚ ਸਿਟੀਜਨ ਫੋਰਮ ਦੇ ਬੁਲਾਵੇ ਤੇ ਗਏ ਸਨ। ਮੇਰੇ ਵੱਡੇ ਭਾ ਜੀ ਪ੍ਰੋ: ਸੁਖਵੰਤ ਸਿੰਘ ਗਿੱਲ ਦੇ ਘਰ ਉਨ੍ਹਾਂ ਦੇ ਮਾਣ ਚ ਇਕੱਤਰਤਾ ਕੀਤੀ ਗਈ ਜਿਸ ਚ ਹਰਭਜਨ ਮਲਿਕਪੁਰੀ ਨੇ ਬਹੁਤ ਗੀਤ ਸੁਣਾਏ। ਪਿਛਲੇ ਦਿਨੀਂ ਮਲਿਕਪੁਰੀ ਵੀ ਸਾਨੂੰ ਵਿਛੋੜਾ ਦੇ ਗਿਆ ਤੇ ਹੁਣ ਨੌਸ਼ਹਿਰਵੀ ਜੀ।
ਜਿਮੀਂ ਖਾ ਗਈ, ਆਸਮਾਂ ਕੈਸੇ ਕੈਸੇ।
ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਜੀ ਦੇ ਜਾਣ ਤੇ ਮੈਂ ਸਾਥੀਆਂ ਸਮੇਤ ਸਿਰ ਝੁਕਾਉਂਦਾ ਹਾਂ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਉਹ ਜੀਵਨ ਮੈਂਬਰ ਸਨ। ਸਾਡੀ ਵੱਡੀ ਧਿਰ ਬਣ ਕੇ ਹਮੇਸ਼ਾਂ ਨਿਭੇ ਵੱਡੇ ਵੀਰਾਂ ਵਾਂਗ।
ਅੱਜ ਸਵੇਰਸਾਰ ਸਾਡੇ ਪਿਆਰੇ ਪੁੱਤਰ ਤੇ ਹਿੰਮਤੀ ਪੱਤਰਕਾਰ ਰਾਮ ਦਾਸ ਬੰਗੜ ਨੇ ਸੂਚਨਾ ਦਿੱਤੀ ਹੈ ਕਿ ਪ੍ਰੋਫੈਸਰ ਹਮਦਰਦਵੀਰ ਨੌਸਹਿਰਵੀ ਜੀ ਅੱਜ 02 ਜੂਨ 2020 ਨੂੰ 2.30 ਅੰਮ੍ਰਿਤ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12.00 ਵਜੇ ਸਮਸ਼ਾਨਘਾਟ ਖੰਨਾ ਰੋਡ ਸਮਰਾਲਾ (ਲੁਧਿਆਣਾ) ਵਿਖੇ ਕੀਤਾ ਜਾਵੇਗਾ।