ਸੰਜੀਵ ਸੂਦ
ਲੁਧਿਆਣਾ, 23 ਜਨਵਰੀ 2020 - ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿੱਚ 2 ਰੋਜ਼ਾ ਤੀਜੀ ਪੰਜਾਬੀ ਸਾਹਿਤ ਕਾਨਫ਼ਰੰਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਦਾ ਕਿ ਅੱਜ ਪਹਿਲਾ ਦਿਨ ਸੀ, ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਲੇਖਕਾਂ ਦੀ ਲਿਖਤ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਕਾਨਫਰੰਸ ਦੇ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਭਵਨ ਕੈਨੇਡਾ ਸਰੀ ਦੇ ਸਰਪ੍ਰਸਤ ਸੁੱਖੀ ਬਾਠ ਮੌਜੂਦ ਰਹੇ। ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।
ਪੰਜਾਬ ਭਵਨ ਕੈਨੇਡਾ ਦੇ ਸਰਪ੍ਰਸਤ ਸੁੱਖੀ ਬਾਠ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਇਹੀ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੀਆਂ ਸਰਕਾਰਾਂ ਤੋਂ ਹੈਰਾਨ ਨੇ ਕਿਉਂਕਿ ਰੁਜ਼ਗਾਰ ਖ਼ਤਮ ਹੋ ਚੁੱਕਾ ਹੈ। ਜਿਸ ਕਰਕੇ ਨੌਜਵਾਨ ਵਿਹਲੇ ਹਨ।ਉਨ੍ਹਾਂ ਕਿਹਾ ਕਿ ਕੈਨੇਡਾ 'ਚ ਆਉਣ ਵਾਲੇ ਪੰਜਾਬੀਆਂ ਦਾ ਭਵਿੱਖ ਉੱਜਵਲ ਹੈ ਕਿਉਂਕਿ ਉੱਥੇ ਪੰਜਾਬੀ ਵੱਡੇ ਅਹੁਦਿਆਂ ਤੇ ਬੈਠੇ ਨੇ ਅਤੇ ਹੁਣ ਕਈ ਸਾਂਸਦ ਵੀ ਬਣ ਚੁੱਕੇ ਹਨ। ਕੈਨੇਡਾ ਦੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਵੱਲੋਂ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣ 'ਤੇ ਵੀ ਉਸ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ। ਉਧਰ ਦੂਜੇ ਪਾਸੇ ਉੱਘੇ ਲੇਖਕ ਗੁਰਭਜਨ ਗਿੱਲ ਨੇ ਕਿਹਾ ਕਿ ਪਰਵਾਸੀ ਲੇਖਕਾਂ ਦੀ ਲਿਖਤੀ ਬਾਰੇ ਇਸ ਕਾਨਫਰੰਸ ਦੇ ਵਿੱਚ ਵਿਚਾਰਾ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਲਈ ਸੰਭਵ ਹੈ ਕਿ ਉਹ ਵੱਖ-ਵੱਖ ਲਾਇਬ੍ਰੇਰੀਆਂ 'ਚ ਜਾ ਕੇ ਪ੍ਰਵਾਸੀਆਂ ਦਾ ਸਾਹਿਤ ਪੜ੍ਹ ਸਕਣ ਅਤੇ ਵਿਚਾਰ ਸਕਣ। ਇਸ ਕਰਕੇ ਉਨ੍ਹਾਂ ਵੱਲੋਂ ਕਾਲਜ ਦੇ ਵਿੱਚ ਇੱਕ ਆਨਲਾਈਨ ਲਾਇਬ੍ਰੇਰੀ ਸ਼ੁਰੂ ਕਰਨ ਲਈ ਕਿਹਾ ਗਿਆ।