ਲੁਧਿਆਣਾ, 12 ਸਤੰਬਰ, 2017 : ਸਾਰਾਗੜ੍ਹੀ ਦੇ 21 ਸਿੰਘ ਸੂਰਮੇ ਫਰੰਗੀ ਤਾਜ ਦੀ ਰਾਖੀ ਲਈ ਕੁਰਬਾਨੀ ਦੇ ਗਏ। ਹੁਣ ਬਹੁਮੁਖੀ ਦੁਸ਼ਮਣਾਂ ਦੇ ਖ਼ਿਲਾਫ਼ ਗਿਆਨ ਵਿਗਿਆਨ ਅਧਾਰਿਤ ਤਕਨੀਕ ਤੇ ਲਿਆਕਤ ਨਾਲ ਲੜਨਾ ਜ਼ਰੂਰੀ ਹੈ। ਸਿੱਖਿਆ, ਸਿਹਤ, ਸਵੈਮਾਣ ਤੇ ਸਿੱਖ ਵਿਰਸੇ ਦੀ ਬਹਾਲੀ ਤੇ ਰਖਵਾਲੀ ਲਈ ਸਿਰਫ਼ ਜਸ਼ਨਾਵੀ ਸਮਾਰੋਹ ਕਾਫ਼ੀ ਨਹੀਂ ਹਨ। ਸਾਨੂੰ ਸੰਦ੍ਰਿਸ਼ (perspective) ਵੀ ਸਮਝਣਾ ਪਵੇਗਾ ਕੁਰਬਾਨੀ ਦਾ। ਸਥਾਨਕ ਸਵੈਮਾਣ ਕਾਇਮ ਰੱਖਣ ਦਾ ਹੱਕ ਸਿਰਫ਼ ਸਾਨੂੰ ਨਹੀਂ ਪਖਤੂਨਾਂ ਨੂੰ ਵੀ ਹੈ। ਇੰਗਲੈਂਡ ਸੈਨਾ ਦੇ ਕੁਝ ਅਧਿਕਾਰੀਆਂ ਦੇ ਸਨਮਾਨ ਵਿੱਚ ਅੱਜ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿੱਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਪੀ ਏ ਯੂ ਯੂਨਿਟ ਵੱਲੋਂ ਕਰਵਾਏ ਸਮਾਗਮ ਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਹ ਗੱਲਾਂ ਕਹੀਆਂ।
ਇਹ ਵੀ ਕਿਹਾ ਕਿ ਸਦੀਵੀ ਵਿਸ਼ਵ ਅਮਨ ਲਈ ਹਥਿਆਰਾਂ ਦੀ ਅੰਨ੍ਹੀ ਦੌੜ ਬੰਦ ਹੋਵੇ ਤਾਂ ਜੋ ਕਿਸੇ ਵੀ ਦੇਸ਼ ਦੀ ਜਵਾਨੀ ਨੂੰ ਲਕੀਰਾਂ ਦੀ ਰਖਵਾਲੀ ਲਈ ਜਾਨਾਂ ਕੁਰਬਾਨ ਨਾ ਕਰਨੀਆਂ ਪੈਣ। ਜੰਗੀ ਯਾਦਗਾਰਾਂ ਦੀ ਥਾਂ ਅਮਨ ਯਾਦਗਾਰਾਂ ਬਣਾਓ ਕਿਓ ਂਕਿ ਸਭ ਸੂਰਮੇ ਆਪੋ ਆਪਣੇ ਵਤਨ ਦੇ ਸਦੀਵੀ ਅਮਨ ਲਈ ਜੂਝਦੇ ਹਨ। ਸਾਡੇ ਪੁੱਤਰ ਜੰਗ ਦਾ ਬਾਲਣ ਨਾ ਬਣਨ। ਹਥਿਆਰਾਂ ਵਾਲਾ ਧਨ ਕਿਤਾਬਾਂ ਕਾਪੀਆਂ ਦਵਾਈਆਂ ਤੇ ਨੇਤਰ ਜੋਤ ਸੰਭਾਲ ਤੇ ਲੱਗੇ। ਸਰਕਲ ਦੇ ਮੁੱਖ ਸਰਪ੍ਰਸਤ ਸ: ਪਰਤਾਪ ਸਿੰਘ, ਡਾ: ਕੰਵਰ ਬਰਜਿੰਦਰ ਸਿੰਘ, ਸ: ਚਰਨਜੀਤ ਸਿੰਘ ਤੇ ਡੈਲੀਗੇਸ਼ਨ ਦੇ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸ: ਪਰਤਾਪ ਸਿੰਘ ਮੁੱਖ ਸਰਪ੍ਰਸਤ,ਗੁਰਭਜਨ ਸਿੰਘ ਗਿੱਲ ਤੇ ਕੰਵਰ ਬਰਜਿੰਦਰ ਸਿੰਘ ਨੂੰ ਬਰਤਾਨਵੀ ਵਫਦ ਨੇ ਸਨਮਾਨਿਤ ਕੀਤਾ।
ਇਸ ਵਫਦ ਦੇ ਕਨਵੀਨਰ ਅਮਰੀਕਾ ਵਾਸੀ ਸ: ਗੁਰਿੰਦਰਪਾਲ ਸਿੰਘ ਜੋਸਨ ਨੇ ਇਸ ਯੁੱਧ ਦੀ ਇਤਿਹਾਸਕਤਾ ਦੇ ਸਭ ਪਹਿਲੂਆਂ ਤੇ ਚਾਨਣਾ ਪਾਇਆ।
ਇਸ ਵਫ਼ਦ ਦੇ ਸਮੂਹ ਮੈਂਬਰਾਂ ਨੂੰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਸਿਰੋਪਾਓ ਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਟਡੀ ਸਰਕਲ ਦੇ ਮੁਖੀ ਸ: ਜਤਿੰਦਰਪਾਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇਅਤੇ ਇੱਕ ਭਾਵਪੂਰਤ ਰੁਬਾਈ ਵੀ ਸੁਣਾਈ। ਵਿਦਿਆਰਥੀਆਂ ਦਾ ਹੁਲਾਰਾ ਤੇ ਹੁੰਗਾਰਾ ਕਮਾਲ ਸੀ।