ਜੈਤੋ ਵਿਖੇ ਹਰਦਮ ਮਾਨ ਦੇ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ' ਉੱਪਰ ਹੋਈ ਵਿਚਾਰ ਚਰਚਾ
ਨਿੱਜ ਤੋਂ ਲੋਕਾਈ ਤੱਕ ਦੀ ਗੱਲ ਹੈ ‘ਸ਼ੀਸ਼ੇ ਦੇ ਅੱਖਰ'- ਡਾ. ਦਵਿੰਦਰ ਸੈਫ਼ੀ
‘ਸ਼ੀਸ਼ੇ ਦੇ ਅੱਖਰ' ਪੰਜਾਬੀ ਗ਼ਜ਼ਲ ਨੂੰ ਅਮੀਰੀ ਪ੍ਰਦਾਨ ਕਰਨ ਵਾਲਾ ਸੰਗ੍ਰਹਿ ਹੈ-ਮਨਜੀਤ ਪੁਰੀ
ਹਰਮੇਲ ਪ੍ਰੀਤ,ਬਾਬੂਸ਼ਾਹੀ ਨੈਟਵਰਕ
ਜੈਤੋ, 25 ਅਗਸਤ 2022-ਪੰਜਾਬੀ ਸਾਹਿਤ ਸਭਾ (ਰਜਿ:) ਜੈਤੋ ਅਤੇ ਦੀਪਕ ਜੈਤੋਈ ਮੰਚ (ਰਜਿ:) ਜੈਤੋ ਵੱਲੋਂ ਇਕ ਸਾਹਿਤਕ ਸਮਾਗਮ ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿਚ ਸਰੀ (ਕੈਨੇਡਾ) ਰਹਿੰਦੇ ਸ਼ਾਇਰ ਹਰਦਮ ਮਾਨ ਦੇ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ' 'ਤੇ ਵਿਚਾਰ ਚਰਚਾ ਕਰਵਾਈ ਗਈ।
ਦੋਹਾਂ ਸੰਸਥਾਵਾਂ ਦੇ ਸਰਪ੍ਰਸਤ ਤਰਸੇਮ ਨਰੂਲਾ ਨੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਉਪਰੰਤ ‘ਸ਼ੀਸ਼ੇ ਅੱਖਰ’ ਦਾ ਵਿਸ਼ਾਗਤ ਵਿਸ਼ਲੇਸ਼ਣ ਕਰਦਿਆਂ ਉੱਘੇ ਸ਼ਾਇਰ ਤੇ ਆਲੋਚਕ ਡਾ. ਦਵਿੰਦਰ ਸੈਫੀ ਨੇ ਕਿਹਾ ਕਿ ਹਰਦਮ ਮਾਨ ‘ਸ਼ੀਸ਼ੇ ਅੱਖਰ’ ਵਿਚ ਨਿੱਜ ਤੋਂ ਲੋਕਾਈ ਤੱਕ ਦੀ ਗੱਲ ਕਰਦਾ ਹੈ, ਉਹ ਲੋਕਤਾ ਦੀ ਪੀੜ ਨੂੰ ਮਹਿਸੂਸ ਕਰਕੇ ਕੁਰਲਾਉਂਦਾ ਹੈ ਤੇ ਇਸ ਭੈੜੇ ਪ੍ਰਬੰਧ ਨੂੰ ਬਦਲਣ ਦੀ ਚੇਸ਼ਟਾ ਰੱਖਦਾ ਹੈ। ਸ਼ਾਇਰ ਭਾਵੇਂ ਪੰਜਾਬੋਂ ਦੂਰ ਬੈਠਾ ਹੈ ਪਰ ਇਥੇ ਵਾਪਰਦੀਆਂ ਘਟਨਾਵਾਂ ਨਾਲ ਜੁੜਿਆ ਰਹਿੰਦਾ ਹੈ। ਉਹ ਆਪਣੇ ਆਲੇ ਦੁਆਲੇ ਵਾਪਰਦੇ ਅਣਸੁਖਾਵੇਂ ਵਰਤਾਰੇ ਨੂੰ ਮਹਿਸੂਸ ਕਰਕੇ ਕੇਵਲ ਕਲਪਦਾ ਹੀ ਨਹੀਂ ਸਗੋਂ ਉਸ ਦੇ ਖਿਲਾਫ਼ ਜੂਝਣਾ ਲੋਚਦਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਇਸ ਪੁਸਤਕ ਵਿਚਲੀਆਂ ਗ਼ਜ਼ਲਾਂ ਨੂੰ ਤਕਨੀਕੀ ਪੱਖ ਤੋਂ ਤੋਲਦਿਆਂ ਕਿਹਾ ਕਿ ਹਰਦਮ ਮਾਨ ਨੇ ਅਰੂਜ਼ ਦੀਆਂ ਬੰਦਿਸ਼ਾਂ ਨੂੰ ਬਾਖੂਬੀ ਨਿਭਾਇਆ ਹੈ। ਉਸ ਨੇ ਆਪਣੀ ਇਸ ਕਿਤਾਬ ਦੀਆਂ ਗ਼ਜ਼ਲਾਂ ਵਿਚ ਪੰਜਾਬੀ ਵਿਚ ਪ੍ਰਚਲਿਤ ਬਹਿਰਾਂ ਵਿੱਚੋਂ ਜ਼ਿਆਦਾਤਰ ਨੂੰ ਵਰਤਿਆ ਹੈ। ਘਣੀਆ ਨੇ ਕਿਹਾ ਕਿ ਹਰਦਮ ਮਾਨ ਵੱਡ-ਸਮਰੱਥਾ ਸ਼ਾਇਰ ਹੈ। ਇਸ ਨਵੇਂ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਇਸ ਤੱਥ ਨੂੰ ਪ੍ਰਮਾਣਿਤ ਕਰਦੀਆਂ ਹਨ।
ਉੱਘੇ ਲੇਖਕ ਕੁਮਾਰ ਜਗਦੇਵ ਸਿੰਘ ਨੇ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਹਰਦਮ ਮਾਨ ਅਤੇ ਇਸ ਇਲਾਕੇ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਮਰੱਥ ਸ਼ਾਇਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਕਿਹਾ ਕਿ ‘ਸ਼ੀਸ਼ੇ ਦੇ ਅੱਖਰ’ ਪੰਜਾਬੀ ਗ਼ਜ਼ਲ ਨੂੰ ਅਮੀਰੀ ਪ੍ਰਦਾਨ ਕਰਨ ਵਾਲਾ ਸੰਗ੍ਰਹਿ ਹੈ। ਜਿਸ ਵਿਚ ਲੇਖਕ ਨੇ ਪਰਵਾਸ ਦੇ ਵੱਖ ਵੱਖ ਪ੍ਰਭਾਵਾਂ ਨੂੰ ਧੁਰ ਅੰਦਰੋਂ ਮਹਿਸੂਸ ਕੀਤਾ ਹੈ ਅਤੇ ਬਾਖੂਬੀ ਬਿਆਨ ਕੀਤਾ ਹੈ।
ਮੁੱਖ ਮਹਿਮਾਨ ਸ. ਅਵਤਾਰ ਸਿੰਘ ਰਾਜਪਾਲ ਡੀਐੱਸਪੀ ਜੈਤੋ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਚੰਗੇ ਸਾਹਿਤ ਦੀ ਮਹੱਤਵਪੂਰਨ ਭੂਮਿਕਾ ਹੈ। ਸੁਰਿੰਦਰ ਲੂੰਬਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਸੁਰਿੰਦਰ ਮਹੇਸ਼ਵਰੀ ਤੇ ਅਲਾਇੰਸ ਇੰਟਰ ਨੈਸ਼ਨਲ ਸਕੂਲ ਦੇ ਐਮਡੀ ਘਨ੍ਹਈਆ ਲਾਲ ਨੇ ਵੀ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਨੇਪਰੇ ਚਾੜ੍ਹਨ ਵਿਚ ਸਮਾਜ ਸੇਵਕ ਸੁਰਿੰਦਰ ਮਹੇਸ਼ਵਰੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਗਾਇਕ ਤ੍ਰਿਲੋਕ ਵਰਮਾ ਅਤੇ ਨਿਰਮਲ ਨਿਮਾਣਾ ਨੇ ਹਰਦਮ ਮਾਨ ਦੀਆਂ ਗ਼ਜ਼ਲਾਂ ਦਾ ਗਾਇਣ ਕਰਕੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ।
ਸਮਾਗਮ ਦੌਰਾਨ ਤਰਸੇਮ ਨਰੂਲਾ ਰਚਿਤ ਵਾਰਤਕ ਪੁਸਤਕ ‘ਸ਼ਬਦ ਸੁਹੰਦੜੇ’ ਵੀ ਲੋਕ ਅਰਪਣ ਕੀਤੀ ਗਈ।
ਸਮਾਗਮ ਵਿਚ ਦੌਲਤ ਸਿੰਘ ਅਨਪੜ੍ਹ, ਮੇਲਾ ਰਾਮ, ਮਲਕੀਤ ਕਿੱਟੀ, ਨੈਣਪਾਲ ਸਿੰਘ ਮਾਨ, ਹਰਭਗਵਾਨ ਕਰੀਰਵਾਲੀ, ਗੁਰਪ੍ਰੀਤ ਕਾਉਣੀ, ਜਗਦੇਵ ਸਿੰਘ ਖੋਖਰ, ਈਸ਼ਰ ਸਿੰਘ ਲੰਭਵਾਲੀ, ਸੂਬਾ ਸਿੰਘ ਰਾਮੇਆਣਾ, ਸੁਰਿੰਦਰਪਾਲ, ਗੁਰਸਾਹਿਬ ਤੇਜੀ, ਜਰਨੈਲ ਸਿੰਘ ਜਖ਼ਮੀਂ, ਮਿੱਠੂ ਸਿੰਘ ਰਾਮੇਆਣਾ, ਛਿੰਦਾ ਸਿੰਘ ਆਦਿ ਨੇ ਕਲਾਮ ਪੇਸ਼ ਕੀਤਾ। ਅੰਤ ਵਿਚ ਮੰਗਤ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਹਰਮੇਲ ਪਰੀਤ ਨੇ ਬਾਖੂਬੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਬੁੱਤ-ਤਰਾਸ਼ ਚਰਨਜੀਤ ਜੈਤੋ, ਡਾ. ਪ੍ਰੀਤਕੰਵਲ ਨਰੂਲਾ, ਨਾਟਕਕਾਰ ਜਗਦੇਵ ਢਿੱਲੋਂ, ਅਦਾਕਾਰ ਭਾਰਤੀ ਦੱਤ, ਹਰਭਗਵਾਨ ਸਿੰਘ, ਕੁਲਭੂਸ਼ਨ ਮਹੇਸ਼ਵਰੀ, ਨਗਰ ਕੌਂਸਲਰ ਪ੍ਰਦੀਪ ਸਿੰਗਲਾ, ਮਾਸਟਰ ਸਾਧੂ ਰਾਮ ਸ਼ਰਮਾ, ਨਹਿਰੂ ਸਿੰਘ, ਰੰਜਨ ਆਤਮਜੀਤ, ਚਿੱਤਰਕਾਰ ਯਸ਼ਪਾਲ ਸਿੰਘ, ਦਰਸ਼ਨ ਸਿੰਘ ਬਲ੍ਹਾੜੀਆ, ਨਰਿੰਦਰਪਾਲ ਮਾਨ, ਹਰਸੰਗੀਤ ਸਿੰਘ, ਜਸਵਿੰਦਰ ਜਿੰਨੀ ਹਾਜ਼ਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com