-----------------
ਪਾਣੀ ਵਿੱਚ ਗੁੜ ਪਾ ਲਈਏ ਬੀਤ ਜਾਏ ਜਦ ਰਾਤ।
ਉੱਠ ਸਵੇਰੇ ਪੀ ਲਈਏ, ਚੰਗੇ ਹੋਣ ਹਾਲਾਤ।
ਧਨੀਆ ਪੱਤੇ ਮਸਲ ਕੇ,ਬੂੰਦ ਨੇਤਰੀਂ ਤਾਰ।
ਦੁਖਦੀਆਂ ਅੱਖਾਂ ਠੀਕ ਹੋਣ, ਪਲ ਲੱਗਣ ਦੋ ਚਾਰ।
ਮਿਲੇ ਊਰਜਾ ਬਹੁਤ ਹੀ, ਪੀਓ ਜੇ ਕੋਸਾ ਨੀਰ।
ਕਬਜ਼ ਮੁਕਾਵੇ ਪੇਟ ਦੀ ਮਿਟ ਜਾਵੇ ਹਰ ਪੀੜ।
ਉੱਠ ਸਵੇਰੇ ਜਲ ਛਕੋ ਘੁੱਟ ਘੁੱਟ ਕਰਕੇ ਆਪ।
ਬੱਸ ਦੋ ਤਿੰਨ ਗਲਾਸ ਹੀ, ਹਰ ਦਾਰੂ ਦਾ ਬਾਪ।
ਠੰਢਾ ਪਾਣੀ ਨਾ ਪੀਓ, ਕਰਦਾ ਬੁਰਾ ਵਿਹਾਰ।
ਕਰੇ ਹਾਜ਼ਮੇ ਨੂੰ ਸਦਾ ਇਹ ਤਾਂ ਬੜਾ ਖ਼ਵਾਰ।
ਭੋਜਨ ਕਰੀਏ ਬੈਠ ਕੇ ਧਰਤ ਪਲੱਥਾ ਮਾਰ।
ਚਿੱਥ ਚਿੱਥ ਖਾਈਏ ਅੰਨ ਨੂੰ, ਵੈਦ ਨਾ ਝਾਕੇ ਬਾਰ।
ਸੁਬਹ ਫ਼ਲ ਦਾ ਰਸ ਪੀਓ ਲੱਸੀ ਫੇਰ ਦੁਪਹਿਰ।
ਰਾਤੀਂ ਪੀਓ ਦੁੱਧ ਜੀ, ਰੋਗ ਦੀ ਨਹੀਂਓ ਂ ਖ਼ੈਰ।
ਭੋਜਨ ਕਰਕੇ ਰਾਤ ਨੂੰ ਤੁਰੀਏ ਕਦਮ ਹਜ਼ਾਰ।
ਡਾਕਟਰਾਂ ਤੇ ਵੈਦ ਦਾ ਮੁੱਕ ਜੂ ਕਾਰੋਬਾਰ।
ਘੁੱਟ ਘੁੱਟ ਪੀਓ ਨੀਰ ਨੂੰ, ਰਹੋ ਤਣਾਅ ਤੋਂ ਦੂਰ।
ਬਣੇ ਤੇਜ਼ਾਬੀ ਤੱਤ ਨਾ ਮੋਟਾਪਨ ਵੀ ਦੂਰ।
ਅਰਥਰਾਈਟਸ ਜਾਂ ਹਰਨੀਆ ਅਪੈਂਡਿਕਸ ਦਾ ਨਾਸ।
ਪਾਣੀ ਪੀਓ ਬੈਠ ਕੇ, ਰੋਗ ਨਾ ਆਵੇ ਪਾਸ।
ਲਹੂ ਦਬਾਅ ਜੇ ਵਧ ਰਿਹਾ ਨਾ ਘਬਰਾਓ ਵੀਰ।
ਚਾਹ ਪੀਣੀ ਛੱਡ ਵੇਖਣਾ, ਕੁੰਦਨ ਜਿਹਾ ਸਰੀਰ।
ਸੁਬਹ ਦੁਪਹਿਰੇ ਰੱਖ ਲਓ ਭੋਜਨ ਵਿੱਚ ਸਮਤੋਲ।
ਅੱਧ ਘੰਟਾ ਲਓ ਨੀਂਦਰਾਂ, ਰੋਗ ਨਾ ਆਵੇ ਕੋਲ।
ਛਾਹ ਵੇਲੇ ਕੰਵਰਾਂ ਜਿਓਂ ਦਿਨੇ ਜਿਓਂ ਖਾਏ ਨਰੇਸ਼।
ਭੋਜਨ ਕਰੀਏ ਰਾਤ ਨੂੰ ਜੀਕੂੰ ਰੰਕ ਸੁਰੇਸ਼।
ਦੇਰ ਰਾਤ ਤੱਕ ਜਾਗਣਾ ਰੋਗਾਂ ਦਾ ਜੰਜ਼ਾਲ।
ਪੇਟ ਖ਼ਰਾਬੀ, ਅੱਖ ਰੋਗ, ਤਨ ਵੀ ਰਹੇ ਨਿਢਾਲ।
ਦਰਦ ਜ਼ਖ਼ਮ ਤੇ ਚੋਭ ਵੀ ਸੋਜ਼ਸ਼ ਦਿਓ ਭਜਾ।
ਜਿੱਥੇ ਪੀੜਾ ਟਸਕਦੀ, ਚੁੰਬਕ ਦਿਓ ਲਗਾ।
ਸੱਤਰ ਰੋਗ ਭਿਆਨਕੀ ਚੂਨਾ ਕਰਦੈ ਦੂਰ।
ਦੂਰ ਕਰੇ ਇਹ ਬਾਂਝਪਨ ਸੁਸਤੀ ਅਪਚ ਹਜ਼ੂਰ।
ਰੋਟੀ ਖਾ ਕੇ ਵੀਰਨੋ ਪਾਣੀ ਘੰਟਾ ਬਾਅਦ।
ਇਹ ਵੀ ਹੈ ਇੱਕ ਔਸ਼ਧੀ ਰੱਖੋ ਇਸ ਨੂੰ ਯਾਦ।
ਅਲਸੀ ਤਿਲ ਤੇ ਨਾਰੀਅਲ ਘਿਓ ਸਰਸੋਂ ਦਾ ਤੇਲ।
ਏਹੀ ਖਾਓ , ਨਹੀਂ ਤੇ , ਸਮਝ ਲਵੋ ਦਿਲ ਫੇਲ।
ਕਾਲ਼ਾ ਲੂਣ ਕਮਾਲ ਹੈ ਦੋਇਮ ਪਹਾੜੀ ਜਾਣ।
ਚਿੱਟਾ ਲੂਣ ਸਮੁੰਦਰੀ ਇਹ ਹੈ ਜ਼ਹਿਰ ਸਮਾਨ।
ਭਾਂਡੇ ਜੋ ਅਲਮੀਨਮੀ ਕਰਦਾ ਹੈ ਪਰਯੋਗ।
ਆਪ ਬੁਲਾਵੇ ਦੋਸਤੋ ਉਹ ਅਠਤਾਲੀ ਰੋਗ।
Gurbhajansinghgill@gmail.Com
98726 31199