ਭਾਸ਼ਾ ਵਿਭਾਗ, ਹੁਸ਼ਿਆਰਪੁਰ ਨੇ ਕਰਵਾਈ ਵਾਰਿਸ਼ ਸ਼ਾਹ ਦੇ 300 ਸਾਲਾ ਜਨਮ ਸ਼ਤਾਬਦੀ ਤੇ ਗੋਸ਼ਟੀ
- ‘ਕਿੱਸਾ ਹੀਰ’ ਦੀ ਰਚਨਾ ਪ੍ਰਕਿਰਿਆ ਤੇ ਹੋਈ ਭਖ਼ਵੀਂ ਚਰਚਾ
ਹੁਸ਼ਿਆਰਪੁਰ, 24 ਜੂਨ 2022 - ਸਕੱਤਰ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ ਵਿਖੇ ਡਾ. ਜਸਵੰਤ ਰਾਏ ਖੋਜ ਅਫ਼ਸਰ ਦੀ ਅਗਵਾਈ ਵਿੱਚ ਸਿਰਮੌਰ ਕਿੱਸਾਕਾਰ ਵਾਰਿਸ ਸ਼ਾਹ ਦੇ 300 ਸਾਲਾ ਜਨਮ ਸ਼ਤਾਬਦੀ ਤੇ ਕਰਵਾਈ ਗੋਸ਼ਟੀ ਯਾਦਗਾਰੀ ਹੋ ਨਿਬੜੀ। ਗੋਸ਼ਟੀ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ. ਸੰਜੀਵ ਗੌਤਮ ਅਤੇ ਡਿਪਟੀ ਸ. ਸੁਖਵਿੰਦਰ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਲੋਂ ਪ੍ਰੋ. ਹਰਜਿੰਦਰ ਸਿੰਘ ਅਟਵਾਲ ਸੰਪਾਦਕ ਨਵਾਂ ਜ਼ਮਾਨਾ ਐਤਵਾਰਤਾ ਨੇ ਸ਼ਿਰਕਤ ਕੀਤੀ। ਗੋਸ਼ਟੀ ਵਿਚੋਂ ਪਹਿਲਾ ਪਰਚਾ ਡਾ. ਜੀਵਨ ਜੋਤੀ ਸ਼ਰਮਾ ਗੁਰਦਾਸਪੁਰ, ਦੂਜਾ ਪਰਚਾ ਡਾ. ਗ਼ਜ਼ਨਫ਼ਰ ਬੁਖ਼ਾਰੀ ਪਾਕਿਸਤਾਨ ਵਲੋਂ ਲਿਖਿਆ ਤੇ ਜਮੀਲ ਅਬਦਾਲੀ ਮਾਲੇਰਦੋਟਲਾ ਵਲੋਂ ਅਨੁਵਾਦ ਪੇਸ਼ ਹੋਇਆ ਅਤੇ ਤੀਜਾ ਪਰਚਾ ਸ਼ਾਇਰ ਮਦਨ ਵੀਰਾ ਨੇ ਜ਼ੁਬਾਨੀ ਤੱਥਾਂ ਦੇ ਅਧਾਰ ਤੇ ਪੇਸ਼ ਕੀਤਾ।
ਰਿਸਰਚ ਸਕਾਲਰਾਂ ਨੇ ਪੇਸ਼ ਪਰਚਿਆਂ ’ਚ ਕਿਹਾ ਕਿ ਵਾਰਿਸ ਦੀ ਹੀਰ ਸਾਡੇ ਸਾਹਿਤ ਤੇ ਸਭਿਆਚਾਰ ਦੀ ਅਦੁੱਤੀ ਰਚਨਾ ਹੈ। ਸਾਰੀ ਪੰਜਾਬੀ ਸੰਸਕ੍ਰਿਤੀ ਇਸ ਵਿੱਚ ਸਮੋਈ ਹੈ। ਇਹ ਪੰਜਾਬੀ ਸਾਹਿਤ ਦੀ ਸ਼ਾਹਕਾਰ ਰਚਨਾ ਹੈ। ਰਾਂਝੇ ਅਤੇ ਹੀਰ ਬਗੈਰ ਸਾਡਾ ਪੰਜਾਬੀ ਵਿਰਸਾ ਸੱਖਣਾ ਹੈ। ਸਮਕਾਲੀ ਸਮਾਜਿਕ ਬਿਰਤਾਂਤ ਦੀ ਚਿਤਰਕਾਰੀ ਕਰਦੀ ਅਤੇ ਲੋਕ ਮੁਹਾਵਰੇ ਨੂੰ ਪ੍ਰਣਾਈ ਹੋਈ ਹੋਣ ਕਰਕੇ ਵਾਰਿਸ ਦੀ ਹੀਰ ਲੋਕਾਂ ਦੇ ਮੂੰਹ ਚੜ੍ਹ ਬੋਲੀ। ਡਾ. ਹਰਜਿੰਦਰ ਸਿੰਘ ਅਟਵਾਲ ਨੇ ਪੇਸ਼ ਪਰਚਿਆਂ ਤੇ ਆਪਣੀਆਂ ਟਿਪਣੀਆਂ ਦਿੰਦਿਆਂ ਆਖਿਆ ਕਿ ਅਜੋਕਾ ਦੌਰ ਵੀ ਵਾਰਿਸ ਸ਼ਾਹ ਦੇ ਦੌਰ ਜਿਹਾ ਜਾਪਦਾ ਹੈ।
ਵਾਰਿਸ਼ ਸ਼ਾਹ ਦੀ ਹੀਰ ਦੀ ਮਕਬੂਲੀਅਤ ਦਾ ਪਤਾ ਇੱਥੋਂ ਲਗਦਾ ਹੈ ਕਿ ਇਹ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀ ਵੀ ਪਸੰਦੀਦਾ ਕਿਤਾਬ ਰਹੀ ਹੈ। ਇਹ ਪੰਜਾਬ ਦਾ ਸਭਿਆਚਾਰਕ ਇਤਿਹਾਸ ਕਹੀ ਜਾ ਸਕਦੀ ਹੈ। ਇਹ ਇਕੱਲੀ ਪ੍ਰੇਮ ਕਹਾਣੀ ਹੀ ਨਹੀਂ ਹੈ। ਪ੍ਰੇਮ ਤਾਂ ਇਸ ਵਿੱਚ ਸਾਧਨ ਬਣਿਆ ਹੈ। ਇਸ ਰਚਨਾ ’ਚੋਂ ਵਾਰਿਸ ਸ਼ਾਹ ਦੀ ਵਡਿਆਈ ਉੱਭਰ ਕੇ ਸਾਹਮਣੇ ਆਉੱਦੀ ਹੈ। ਡਾ. ਕਰਮਜੀਤ ਸਿੰਘ ਰੁਹਾਂ ਨੇ ਕਿਹਾ ਕਿ ਜੇ ਵਾਰਿਸ਼ ਸ਼ਾਹ ਦੀ ਹੀਰ ਅੱਜ ਵੀ ਜੀਉਂਦੀ ਹੈ ਤਾਂ ਇਹ ਇਸਦਾ ਪਾਪੂਲਰ ਹੋਣ ਦਾ ਸਬੂਤ ਹੀ ਹੈ। ਇਸ ਦਾ ਸੁਹਜ ਪੱਧਰ ਬਹੁਤ ਉੱਚਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਰੱਬ ਨੂੰ ਰਾਂਝਾ ਕਹਿਣਾ ਕਿਤੇ ਹੋਰ ਨਹੀਂ ਮਿਲਦਾ ਇਹ ਸਿਰਫ਼ ਵਾਰਿਸ ਸ਼ਾਹ ਵਰਗੇ ਪੰਜਾਬੀ ਸੂਫ਼ੀਆਂ ਦੇ ਹੀ ਹਿੱਸੇ ਆਇਆ ਹੈ।
ਗੋਸ਼ਟੀ ਦੇ ਦੂਜੇ ਦੌਰ ਵਿੱਚ ਦਾਰਾ ਸਿੰਘ ਲੋਕ ਗਾਇਕ ਗੋਲਡ ਮੈਡਲਿਸਟ ਅਤੇ ਬਾਂਸੁਰੀ ਵਾਦਕ ਸੁਰਜੀਤ ਜੀਤ ਨੇ ਸੰਗੀਤਕ ਮਾਹੌਲ ਪੈਦਾ ਕਰਕੇ ਸਮਾਰੋਹ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਧੰਨਵਾਦੀ ਸ਼ਬਦ ਪ੍ਰਧਾਨਗੀ ਕਰ ਰਹੇ ਅਧਿਕਾਰੀਆਂ ਨੇ ਆਖੇ। ਉਪਰੰਤ ਰਿਸਰਚ ਸਕਾਲਰਾਂ, ਵਿਦਵਾਨਾਂ, ਆਰਟਿਸਟਾਂ ਤੇ ਡਾਇਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵਲੋਂ ਲਾਈ ਪੁਸਤਕ ਪ੍ਰਦਰਸ਼ਨੀ ਖਿਚ ਦਾ ਕੇਂਦਰ ਰਹੀ। ਸਮਾਰੋਹ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖੂਬੀ ਨਿਭਾਈ। ਇਸ ਸਮੇਂ ਲੈਕ. ਮਨਮੋਹਨ ਸਿੰਘ, ਲੈਕ, ਸਤਵੰਤ ਕੌਰ, ਡਾ. ਸ਼ਮਸ਼ੇਰ ਮੋਹੀ, ਜਸਵੀਰ ਸਿੰਘ ਧੀਮਾਨ, ਸੁਰਿੰਦਰ ਕੰਗਵੀਂ, ਪ੍ਰਿੰ. ਦਰਸ਼ਨ ਸਿੰਘ, ਪ੍ਰਿੰ. ਚਰਨ ਸਿੰਘ, ਲੈਕ, ਬਲਦੇਵ ਸਿੰਘ, ਅਸ਼ੋਕ ਕੁਮਾਰ, ਬਬੀਤਾ ਰਾਣੀ, ਅੰਜੂ ਬਾਲਾ, ਵਿਜੇ ਬੰਬੇਲੀ, ਪ੍ਰਭਜੋਤ ਕੌਰ, ਜੁਗਲ ਕਿਸ਼ੋਰ, ਪਵਨ ਕੁਮਾਰ, ਸੁਰਿੰਦਰ ਪਾਲ ਅਤੇ ਡਾਇਟ ਦੇ ਵਿਦਿਆਰਥੀ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।