ਪੰਜਾਬੀ ਦੀ ਪ੍ਰਫ਼ੁਲਤਾ ਲਈ ਇਸ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ : ਕਹਾਣੀਕਾਰ ਸੁਖਜੀਤ
ਹਰ ਖਿੱਤੇ ਦੀ ਤਰੱਕੀ ’ਚ ਮਾਂ-ਬੋਲੀ ਦੀ ਵਿਸ਼ੇਸ਼ ਮਹੱਤਤਾ-ਐਸ ਡੀ ਐਮ ਸ਼ਿਵਰਾਜ ਬੱਲ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਰਕਾਰੀ ਕਾਲਜ ਜਾਡਲਾ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਸਮਾਗਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 22 ਫ਼ਰਵਰੀ, 2023: ਜ਼ਿਲ੍ਹਾ ਭਾਸ਼ਾ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਅੱਜ ਸ. ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਦੀ ਮੱਦਦ ਨਾਲ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਅਤੇ ਵਿਸ਼ੇਸ਼ ਮਹਿਮਾਨ ਬੁਲਾਰੇ ਵਜੋਂ ਨਾਮਵਰ ਪੰਜਾਬੀ ਕਹਾਣੀਕਾਰ ਸੁਖਜੀਤ ਸ਼ਾਮਿਲ ਹੋਏ।
ਐਸ ਡੀ ਐਮ ਸ਼ਿਵਰਾਜ ਸਿੰਘ ਬੱਲ ਨੇ ਉਦਘਾਟਨੀ ਭਾਸ਼ਨ ’ਚ ਹਰ ਖਿੱਤੇ ਦੀ ਤਰੱਕੀ ’ਚ ਮਾਂ-ਬੋਲੀ ਦੀ ਵਿਸ਼ੇਸ਼ ਮਹੱਤਤਾ ਕਰਾਰ ਦਿੰਦੇ ਹੋਏ ਕਿਹਾ ਕਿ ਮਾਂ ਦੀ ਗੋਦ ’ਚੋਂ ਸਿੱਖੀ ਬੋਲੀ ਹੀ ਸਮਾਜ ਨਾਲ ਸਾਡੇ ਸੰਵਾਦ ਦਾ ਆਧਾਰ ਬਣਦੀ ਹੈ। ਇਹ ਬੋਲੀ/ਭਾਸ਼ਾ ਹਰ ਤਰ੍ਹਾਂ ਦੀਆਂ ਵਲਗਣਾਂ ਤੋਂ ਮੁਕਤ ਹੁੰਦੀ ਹੈ ਅਤੇ ਅਸੀਂ ਆਪਣੀ ਲੋੜ ਅਨੁਕੂਲ ਇਸ ਨਾਲ ਹੀ ਹਰ ਕਿਸੇ ਨਾਲ ਆਪਣੀਆਂ ਭਾਵਨਾਵਾਂ/ਲੋੜਾਂ ਦਾ ਪ੍ਰਗਟਾਅ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ ਅਤੇ ਸਰਕਾਰ ਇਸ ਨੂੰ ਸਹੀ ਅਰਥਾਂ ’ਚ ਸਤਿਕਾਰ ਅਤੇ ਸਨਮਾਨ ਦਿਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਨੂੰ ਹਮੇਸ਼ਾਂ ਲਈ ਜਿਊਂਦੀ ਰੱਖ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਸਾਹਿਤ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਗਿਆਨ ਭਰਪੂਰ ਹੋ ਸਕੀਏ।
ਉੱਘੇ ਕਹਾਣੀਕਾਰ ਸੁਖਜੀਤ ਜੋ ਕਿ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਲ 2022 ਦੇ ਪੁਰਸਕਾਰ ਵਾਸਤੇ ਵੀ ਚੁਣੇ ਗਏ ਹਨ, ਨੇ ਆਪਣੇ ਸੰਬੋਧਨ ’ਚ ਕਿਹਾ ਕਿਸੇ ਵੀ ਮਾਤ ਭਾਸ਼ਾ ਦੀ ਪ੍ਰਫੁਲਤਾ ਲਈ ਉਸ ਦਾ ਰੋਜ਼ਗਾਰ ਦੀ ਭਾਸ਼ਾ ਹੋਣਾ ਸਭ ਤੋਂ ਪਹਿਲੀ ਕਾਮਯਾਬੀ ਦੀ ਪੌੜੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਨੂੰ ਪੰਜਾਬੀ ਦੇ ਤਕਨੀਕੀ ਸ਼ਬਾਦਵਲੀ ਭੰਡਾਰ ਨੂੰ ਭਰਨ ਵੱਲ ਜ਼ੋਰ ਦੇਣਾ ਪਵੇਗਾ ਕਿਉਂ ਜੋ ਜਦੋਂ ਤੱਕ ਅਸੀਂ ਮਾਹਿਰਾਨਾ ਸਿਖਿਆ ਨੂੰ ਆਪਣੀ ਮਾਤ-ਭਾਸ਼ਾ ’ਚ ਪੜ੍ਹਾਉਣਾ ਸ਼ੁਰੂ ਨਹੀਂ ਕਰਦੇ, ਉਦੋਂ ਤੱਕ ਅਸੀਂ ਇਸ ਨੂੰ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ੇ ਦੀ ਮੁਹਾਰਤ ਨਾਲ ਵਿਸ਼ਾ ਅਧਿਆਪਕ ਜਾਂ ਮਾਹਿਰ ਤਾਂ ਬਣਾਏ ਜਾ ਸਕਦੇ ਹਨ ਪਰ ਤਕਨੀਕੀ ਸਿਖਿਆ ਤੇ ਹੋਰ ਰੋਜ਼ਗਾਰ ਮੁਖੀ ਕੋਰਸਾਂ ਦੇ ਪਾਠਕ੍ਰਮ ਨੂੰ ਵੀ ਪੰਜਾਬੀ ’ਚ ਪੜ੍ਹਾਏ ਜਾਣ ਦੀ ਲੋੜ ਹੈ।
ਉਨ੍ਹਾਂ ਨੈਸ਼ਨਲ ਟ੍ਰਾਂਸਲੇਸ਼ਨ ਮਿਸ਼ਨ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਤਰ ਭਾਰਤ ਭਾਸ਼ਾ ਕੇਂਦਰ ’ਚ ਪੰਜਾਬੀ ਦੇ ਨਾਲ ਉਰਦੂ, ਕਸ਼ਮੀਰੀ ਤੇ ਡੋਗਰੀ ਦੇ ਲਿਪੀਆਂਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਨੂੰ ਅਜਿਹੇ ਕੇਂਦਰਾਂ ’ਚ ਵੀ ਜਾਣ ਦੀ ਲੋੜ ਹੈ ਜੋ ਕਿ ਸਾਨੂੰ ਰੋਜ਼ਗਾਰ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਆਪਣੀ ਮਾਂ-ਬੋਲੀ ’ਚ ਲਿਖੇ ਸਾਹਿਤ, ਕਹਾਣੀ, ਕਵਿਤਾ, ਨਾਵਲ ਦਾ ਅਧਿਐਨ ਸਾਨੂੰ ਜ਼ਹਿਨੀ ਤੌਰ ’ਤੇ ਤਾਕਤ ਬਖ਼ਸ਼ਦਾ ਹੈ, ਇਸ ਲਈ ਸਾਨੂੰ ਆਪਣੇ ਅੰਦਰ ਸ਼ਬਤਾਂ ਦੀ ਤਾਕਤ ਪੈਦਾ ਕਰਨ ਲਈ ਮਾਤ-ਭਾਸ਼ਾ ’ਚ ਰਚੇ ਸਾਹਿਤ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ 6 ਜਿਲਦਾਂ ’ਚ ਛਾਪੇ ਪੰਜਾਬੀ ਕੋਸ਼ ਨੂੰ ਹਰ ਇੱਕ ਸਕੂਲ/ਕਾਲਜ ਦੀ ਲਾਇਬਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਪੁਰਾਣੇ ਸ਼ਬਦਾਂ ਸੰਗ ਸਾਂਝ ਪਾ ਸਕੇ ਅਤੇ ਆਪਣੀ ਮਾਂ-ਬੋਲੀ ਦੀ ਅਮੀਰੀ ਨੂੰ ਸਮਝ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਾਤ-ਭਾਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਆਪਣੇ ਘਰ ਤੋਂ ਕਰੀਏ ਤਾਂ ਇਹ ਜ਼ਰੂਰ ਸਾਰੀ ਉਮਰ ਜਿਉਂਦੀ ਰਹੇਗੀ।
ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਦੀ ਮਹੱਤਤਾ ’ਤੇ ਰੌਸ਼ਨੀ ਪਾਈ ਅਤੇ ਸਮਾਗਮ ’ਚ ਪੁੱਜੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਸ਼ਾ ਵਿਭਾਗ ਵੱਲੋਂ ਮਾਂ-ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਸਹਾਇਕ ਨਿਰਦੇਸ਼ਕ ਸਿਖਿਆ ਵਿਭਾਗ ਡਾ. ਕੁਲਵਿੰਦਰ ਸਿੰਘ, ਸੇਵਾ ਮੁਕਤ ਡੀ ਪੀ ਆਈ (ਐਲੀਮੈਂਟਰੀ) ਲਲਿਤ ਕਿਸ਼ੋਰ ਘਈ, ਜਗਦੀਸ਼ ਸਿੰਘ ਯੂ ਕੇ, ਤਰਸੇਮ ਸਾਥੀ, ਦੇਸ ਰਾਜ ਬਾਲੀ, ਸਤਪਾਲ ਸਿੰਘ ਸਾਹਲੋਂ, ਤਲਵਿੰਦਰ ਸ਼ੇਰਗਿੱਲ ਤੇ ਸੁੱਖਾ ਰਾਮ ਸਰੋਆ ਨੇ ਵੀ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਮਾਤ-ਭਾਸ਼ਾ ਦਾ ਮਹੱਤਵ ਵੱਖ-ਵੱਖ ਵਰਤਾਰਿਆਂ ਨਾਲ ਦੱਸਦੇ ਹੋਏ, ਆਪਣੀ ਨਵੀਂ ਪੀੜ੍ਹੀ ਦਾ ਇਸ ਨਾਲ ਪੂਰੀ ਤਰ੍ਹਾਂ ਵਾਹ-ਵਾਸਤਾ ਰੱਖਣ ਲਈ ਘਰ ’ਚ ਖੁਲ੍ਹਦਿਲੀ ਨਾਲ ਉਨ੍ਹਾਂ ਨਾਲ ਪੰਜਾਬੀ ਬੋਲਣ ਲਈ ਆਖਿਆ। ਇਸ ਮੌਕੇ ਪਰਮਜੀਤ ਖੱਟਰਾਂ ਵੀ ਮੌਜੂਦ ਸਨ।
ਸ. ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਦੀ ਪਿ੍ਰੰਸੀਪਲ ਡਾ. ਸਿੰਮੀ ਜੌਹਲ ਨੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਮਾਗਮ ਦੀ ਮੇਜ਼ਬਾਨੀ ਕਾਲਜ ਨੂੰ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਧੰਨਵਾਦ ਕੀਤਾ।
ਇਸ ਮੌਕੇ ਸਮਾਗਮ ਦਾ ਮੰਚ ਸੰਚਾਲਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਬਹੁਤ ਹੀ ਖੂਬਸੂਰਤ ਢੰਗ ਤੇ ਭਾਸ਼ਾ ਦੀ ਚੰਗੀ ਪਕੜ ਨਾਲ ਕੀਤਾ। ਇਸ ਮੌਕੇ ਕਾਲਜ ਸਟਾਫ਼ ਵਿੱਚੋਂ ਡਾ. ਬਲਜੀਤ ਕੌਰ, ਪ੍ਰੋ. ਨੇਹਾ ਰਾਣੀ, ਪ੍ਰੋ. ਪਰਮਜੀਤ ਕੌਰ, ਪ੍ਰੋ. ਸੋਨੀਆ, ਪ੍ਰੋ. ਹਰਜੀਤ ਕੌਰ, ਪ੍ਰੋ. ਜਸਵਿੰਦਰ ਰੱਲ੍ਹ, ਪ੍ਰੋ. ਹਰਿੰਦਰਜੀਤ ਸਿੰਘ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਟਾਫ਼ ’ਚੋਂ ਸੁਖਜਿੰਦਰ ਸਿੰਘ, ਹਨੀ ਕੁਮਾਰ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ।