ਲੁਧਿਆਣਾ, 30 ਜਨਵਰੀ 2020 -ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਵੈਲਹਿੰਗਾਮ ਚ ਵੱਸਦੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਕਾਰੋਬਾਰੀ ਸ: ਮਨਜੀਤ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬੀ ਭਾਈਚਾਰੇ ਤੇ ਸੰਗਤ ਦੇ ਭਰਪੂਰ ਸਹਿਯੋਗ ਨਾਲ ਅਮਰੀਕਾ ਚ ਵੈਲਹਿੰਗਾਮ ਵਿਖੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਅਰਦਾਸ ਕੀਤੀ ਜਾ ਚੁਕੀ ਹੈ।
ਬੀਤੀ ਸ਼ਾਮ ਰਾਜਗੁਰੂ ਨਗਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਖਾਲਸਾ ਯੂਨੀਵਰਸਿਟੀ ਲਈ 125 ਏਕੜ ਜਗ੍ਹਾ ਖ਼ਰੀਦ ਲਈ ਗਈ ਹੈ।
ਕੁਝ ਔਨਲਾਈਨ ਕੋਰਸਾਂ ਲਈ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੀਆਂ ਕੁਝ ਹੋਰ ਯੂਨੀਵਰਸਿਟੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਡਾ: ਐੱਸ ਪੀ ਸਿੰਘ ਜੀ ਨੂੰ ਇਸ ਸੰਕਲਪ ਨੂੰ ਪੂਰਾ ਕਰਨ ਲਈ ਸਹਿਯੋਗ ਤੇ ਅਗਵਾਈ ਦੀ ਵੀ ਇੱਛਾ ਪ੍ਰਗਟਾਈ।
ਉਨ੍ਹਾਂ ਦੱਸਿਆ ਕਿ ਤੇਜਪ੍ਰਤਾਪ ਸਿੰਘ ਸੰਧੂ ਵਰਗੇ ਨਾਮਵਰ ਫੋਟੋ ਕਲਾਕਾਰ ਪਾਸੋਂ ਬਾਰਾਂਮਾਹ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਚ ਅੰਕਿਤ 31ਰਾਗਾਂ ਦੇ ਪ੍ਰਭਾਵ ਸਰੂਪ ਵੀ ਡਾ: ਗੁਰਨਾਮ ਸਿੰਘ ਪਟਿਆਲਾ ਤੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਜੀ ਦੀ ਪ੍ਰੇਰਨਾ ਨਾਲ ਤਿਆਰ ਕਰਵਾਏ ਜਾ ਰਹੇ ਹਨ।
ਮਨਜੀਤ ਸਿੰਘ ਧਾਲੀਵਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੌਕੀਮਾਨ ਦਾ ਜੰਮਪਲ ਹੈ ਤੇ 1981 ਤੀਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ ਸ: ਕਾਹਨ ਸਿੰਘ ਪੰਨੂ , ਗੁਰਪ੍ਰੀਤ ਸਿੰਘ ਤੂਰ , ਜਸਵਿੰਦਰ ਭੱਲਾ, ਬਾਲਮੁਕੰਦ ਸ਼ਰਮਾ ਤੇ ਜੇ ਪੀ ਸਿੰਘ ਦਾ ਸਹਿਪਾਠੀ ਰਿਹਾ ਹੈ।
ਇਸ ਮੌਕੇ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਸਮਰੱਥ ਪੰਜਾਬੀਆਂ ਦੀ ਇਸ ਪਹਿਲਕਦਮੀ ਦਾ ਉਹ ਹਰ ਤਰ੍ਹਾਂ ਸਹਿਯੋਗ ਕਰਨਗੇ ਅਤੇ ਜਿਸ ਪੱਧਰ ਦੀ ਅਗਵਾਈ ਦੀ ਜ਼ਰੂਰਤ ਹੋਵੇਗੀ ਉਨ੍ਹਾਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂਕਿ ਇਹ ਸ਼ੁਭ ਕਰਮ ਤੇ ਧਰਮ ਦਾ ਕਾਰਜ ਹੈ। ਬਦੇਸ਼ਾਂ ਚ ਵੱਸਦੇ ਪੰਜਾਬੀਆਂ ਦੀ ਇਹ ਫ਼ਿਕਰਮੰਦੀ ਤੇ ਸੋਚ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਨੇੜੇ ਇਸ ਸ਼ਹਿਰ ਨੂੰ ਦੋਹਾਂ ਮੁਲਕਾਂ ਦੇ ਪੰਜਾਬੀਆਂ ਦਾ ਭਰਵਾਂ ਸਹਿਯੋਗ ਮਿਲ ਜਾਵੇ ਤਾਂ ਇਹ ਸੰਸਥਾ ਮਹਾਨ ਸੇਵਾ ਕਰਨ ਦੀ ਜ਼ਾਮਨੀ ਗੇ ਸਕਦੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਸੁਝਾਅ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪਸਾਰ ਤੇ ਵਿਕਾਸ ਲਈ ਹੋਰ ਵਿਸ਼ਿਆਂ ਤੋਂ ਇਲਾਵਾ ਭਾਸ਼ਾ ਤੇ ਸਭਿਆਚਾਰ ਵਿਭਾਗ ਜ਼ਰੂਰ ਸਥਾਪਤ ਕੀਤਾ ਜਾਵੇ। ਔਨਲਾਈਨ ਲਾਇਬਰੇਰੀ ਲਈ ਵੀ ਉਨ੍ਹਾਂ ਵੱਖ ਵੱਖ ਸੋਮਿਆਂ ਤੋਂ ਭਾਸ਼ਾ ਸਾਹਿੱਤ, ਸਿੱਖ ਧਰਮ ਤੇ ਲੋਕ ਵਿਰਾਸਤ ਬਾਰੇ ਪੁਸਤਕਾਂ ਪ੍ਰਾਪਤ ਕਰਕੇ ਦੇਣ ਦੀ ਪੇਸ਼ਕਸ਼ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ ਦੇ ਜਿਹੜੇ ਚਿਤਰ ਵਿਸ਼ਵ ਪ੍ਰਸਿੱਧ ਚਿਤਰਕਾਰ ਆਰ ਐੱਮ ਸਿੰਘ ਪਾਸੋਂ ਤਿਆਰ ਕਰਵਾਏ ਹਨ , ਉਨ੍ਹਾਂ ਦੀ ਮੁਕੰਮਲ ਪ੍ਰਦਰਸ਼ਨੀ ਦੇ ਅਧਿਕਾਰ ਇਸ ਖਾਲਸਾ ਯੂਨੀਵਰਸਿਟੀ ਚ ਸਥਾਪਤ ਕਰਨ ਲਏ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 350 ਸਾਲਗਿਰ੍ਹਾ ਮੌਕੇ ਇਹ ਸਹੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਸ: ਮਨਜੀਤ ਸਿੰਘ ਧਾਲੀਵਾਲ ਨੂੰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਨਵਪ੍ਰਕਾਸ਼ਿਤ ਪੁਸਤਕਾਂ ਮਨ ਪਰਦੇਸੀ ਤੇ ਰਾਵੀ ਭੇਂਟ ਕੀਤੀਆਂ। ਇਸ ਮੌਕੇ ਪ੍ਰੋ: ਜਗਜੀਤ ਕੌਰ ਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।