ਜਗਵੰਤ ਬਾਵਾ ਦਾ ਕਾਵਿ ਸੰਗ੍ਰਹਿ ‘ਨਿਆਮਤ’ ਲੋਕ ਅਰਪਣ
ਪਿੰਡ ਮੱਤੜ ਵਾਸੀਆਂ ਵੱਲੋਂ ਪੁਸਤਕ ਲੋਕ ਅਰਪਣ ਮੌਕੇ ਭਰਵਾਂ ਹੁੰਗਾਰਾ ਮਿਲਿਆ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਸਿਰਸਾ, 16 ਜੂਨ 2022 : ਪਿੰਡ ਮੱਤੜ ਦੇ ਫੌਜ਼ੀ ਨੌਜਵਾਨ ਸ਼ਾਇਰ ਜਗਵੰਤ ਬਾਵਾ ਦੀ ਪਲੇਠੀ ਪੁਸਤਕ ਕਾਵਿ ਸੰਗ੍ਰਹਿ ‘ਨਿਆਮਤ’ ਦਾ ਲੋਕ ਅਰਪਣ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਇਬ੍ਰੇਰੀ ਵਿੱਚ ਸਾਹਿਬਦੀਪ ਪਬਲੀਕੇਸ਼ਨ ਤੇ ਪੰਜਾਬੀ ਵਿਰਸਾ ਹੈਰੀਟੇਜ ਵੱਲੋਂ ਪਿੰਡ ਵਾਸੀਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਧਿਆਪਕ ਬਲਵਿੰਦਰ ਸਿੰਘ ਨੇ ਕਿਹਾ ਕਿ ਜਗਵੰਤ ਬਾਵਾ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਸਾਹਿਤ ਵਿੱਚ ਰੁਚੀ ਰੱਖਣ ਵਾਲਾ ਉੱਦਮੀ ਨੌਜਵਾਨ ਸੀ, ਪੜ੍ਹਾਈ ਤੋਂ ਬਾਅਦ ਉਸਨੇ ਦੇਸ਼ ਦੀ ਸੇਵਾ ਲਈ ਫੌਜ਼ ਭਰਤੀ ਹੋ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ, ਅੱਜ ਉਸਦੀ ਪਹਿਲੀ ਪੁਸਤਕ ਨਿਆਮਤ ਲੋਕ ਅਰਪਣ ਕਰਦਿਆਂ ਸਮੁੱਚਾ ਨਗਰ ਮਾਣ ਮਹਿਸੂਸ ਕਰ ਰਿਹਾ ਹੈ। ਭਾਵੇਂ ਕਿ ਸ਼ਾਇਰ ਜਗਵੰਤ ਬਾਵਾ ਲੇਹ ਲਦਾਖ ਵਿੱਚ ਡਿਊਟੀ ’ਤੇ ਤੈਨਾਤ ਹੋਣ ਕਾਰਨ ਸਮਾਗਮ ਵਿੱਚ ਨਹੀਂ ਪੁੱਜ ਸਕਿਆ ਫੋਨ ਰਾਹੀਂ ਉਸਨੇ ਆਏ ਮਹਿਮਾਨਾਂ ਤੇ ਲੋਕਾਂ ਨਾਲ ਆਪਣੀ ਕਿਤਾਬ ਤੇ ਕਵਿਤਾਵਾਂ ਬਾਰੇ ਗੱਲਬਾਤ ਸਾਂਝੀ ਕਰਦਿਆਂ ਕਿਹਾ ਉਹਨਾਂ ਦੀ ਜਿਆਦਾਤਰ ਕਵਿਤਾਵਾਂ ਸੂਫ਼ੀ ਰੰਗ ਵਿੱਚ ਰੰਗੀਆਂ ਹੋਈਆਂ ਹਨ।
ਪੁਸਤਕ ਲੋਕ ਅਰਪਣ ਪ੍ਰਕਾਸ਼ਕ ਕਰਨ ਭੀਖੀ, ਜਗਵੰਤ ਬਾਵਾ ਦੇ ਪਿਤਾ ਗੁਰਜੀਤ ਸਿੰਘ, ਪਤਨੀ ਗੁਰਮੀਤ ਕੌਰ, ਦਾਦੀ ਤੇਜ ਕੌਰ, ਤੇ ਪਿੰਡ ਦੇ ਪਤਵੰਤਿਆਂ ਵੱਲੋਂ ਕੀਤੀ ਗਈ। ਇਸ ਮੌਕੇ ਮਾਸਟਰ ਸੁਭਾਸ਼ ਚੰਦਰ, ਸਰਪੰਚ ਸ਼ੇਰ ਸਿੰਘ, ਸਰਪੰਚ ਗੁਰਦਾਸ ਸਿੰਘ, ਮਲਕੀਤ ਸਿੰਘ, ਜਗਦੀਸ਼ ਸਿੰਘ, ਹਰਸਿਮਰਨ ਸਿੰਘ, ਬਹਾਦਰ ਧਾਲੀਵਾਲ, ਮੰਗਲ ਸਿੰਘ ਸਰਦੂਲਗੜ੍ਹ, ਆਤਮਾ ਰਾਮ, ਗੁਰਚਰਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।