ਲੁਧਿਆਣਾ, 31 ਮਈ, 2017 : ਪੰਜਾਬੀ ਸਾਹਿਤ ਜਗਤ ਅਤੇ ਮਾਰਕਸੀ ਚਿੰਤਨ ਦੇ ਧਰੂ ਤਾਰੇ ਮਰਹੂਮ ਸੰਤ ਸਿੰਘ ਸੇਖੋਂ ਜੀ ਦੇ 109ਵੇਂ ਜਨਮ ਦਿਨ ਨੂੰ ਸਮਰਪਿਤ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਝਾਂਡੇ ਵੱਲੋਂ ਅਦਬੀ ਦਾਇਰਾ ਮੁੱਲਾਂਪੁਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਪਿੰਡ ਝਾਡੇ ਵਿਖੇ ਉੱਚ ਪੱਧਰੀ ਸਾਹਿਤਕ ਸਮਾਗਮ ਪਦਮਸ੍ਰੀ ਡਾ. ਸੁਰਜੀਤ ਪਾਤਰ, ਸ. ਪਰਗਟ ਸਿੰਘ ਗਰੇਵਾਲ, ਪ੍ਰੋ. ਰਮਨ, ਤਰਲੋਚਨ ਝਾਂਡੇ, ਪ੍ਰੋ. ਸੁਰਜੀਤ ਜੱਜ, ਹਰਦੇਵ ਦਿਲਗੀਰ ਅਤੇ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਵੈਦ ਦੇ ਸਪੁੱਤਰ ਹਰਕਰਨ ਸਿੰਘ ਤੇ ਅਧਾਰਿਤ ਪ੍ਰਧਾਨਗੀ ਮੰਡਲ ਹੇਠ ਆਯੋਜਿਤ ਕੀਤਾ ਗਿਆ। ਜਿੱਥੇ ਡਾ. ਸੁਰਜੀਤ ਪਾਤਰ ਨੇ ''ਸੰਤ ਬਾਬਾ ਠਾਕੁਰ ਸਿੰਘ ਯਾਦਗਾਰੀ ਲਾਇਬ੍ਰੇਰੀ'' ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਹਾਲ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। 'ਸੇਖੋਂ ਸਾਹਿਬ ਦੀ ਸਮਕਾਲ ਵਿਚ ਪ੍ਰਸੰਗਿਕਤਾ' ਵਿਸ਼ੇ 'ਤੇ ਨਾਮਵਰ ਸ਼ਾਇਰ ਸ੍ਰੀ ਸੁਰਜੀਤ ਜੱਜ ਨੇ ਕੁੰਜੀਵਤ ਭਾਸ਼ਨ ਦਿੰਦਿਆਂ ਸੇਖੋਂ ਸਾਹਿਬ ਨੂੰ ਉੱਚ ਦੁਮਾਲੜਾ ਸਾਹਿਤਕਾਰ ਗਰਦਾਨਿਆ। ਹਰੇਕ ਸਾਲ ਦਿੱਤੇ ਜਾਣ ਵਾਲਾ 'ਸਾਹਿਤਿਆਰਥ ਪੁਰਸਕਾਰ' ਇਸ ਵਾਰ ਸ਼ਾਇਰ ਸੁਰਜੀਤ ਜੱਜ ਨੂੰ ਪ੍ਰਦਾਨ ਕੀਤਾ ਗਿਆ। ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਸੇਖੋਂ ਸਾਹਿਬ ਦੀ ਕੀਰਤੀ ਕਰਦਿਆਂ ਕਿਹਾ ਕਿ ਸੰਤ ਸਿੰਘ ਸੇਖੋਂ ਇਕ ਮਖੌਟਾ ਨਹੀਂ ਸਗੋਂ ਚਿਹਰਾ ਸਨ। ਜਿਨ੍ਹਾਂ ਨੇ ਬੜੀ ਵਿਦਵਤਾ ਅਤੇ ਬੇਬਾਕੀ ਨਾਲ ਮਨੁੱਖੀ ਸਰੋਕਾਰਾਂ ਨਾਲ ਦਰਪੇਸ਼ ਚੁਣੌਤੀਆਂ ਦਾ ਚਿਤਰਣ ਕੀਤਾ। ਉਨ੍ਹਾਂ ਨੇ ੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਲਾਇਬ੍ਰੇਰੀ ਖੋਲ੍ਹ ਕੇ ਪੁਸਤਕ ਸੱਭਿਆਚਾਰ ਨੂੰ ਪਿੰਡ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਸੰਸਥਾ ਦੇ ਪ੍ਰਧਾਨ ਤਰਲੋਚਨ ਝਾਂਡੇ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਪੁੱਲ ਨਦੀਆਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਥੇ ਸ਼ਬਦ ਸੰਸਾਰ ਸਦੀਆਂ ਨੂੰ ਜੋੜਨ ਦਾ ਕੰਮ ਕਰਦਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸੇਖੋਂ ਸਾਹਿਬ ਦੀ ਕੀਰਤੀ ਕਰਦਿਆਂ ਸਮਕਾਲ ਵਿਚ ਆਏ ਵਿੱਦਿਅਕ ਨਿਘਾਰ ਤੇ ਚਿੰਤਾ ਵੀ ਪਰਗਟ ਕੀਤੀ। ਇਸ ਸਮੇਂ ਆਲੇ ਦੁਆਲੇ ਅਤੇ ਸਥਾਨਕ ਲੋਕਾਂ ਤੋਂ ਇਲਾਵਾ ਨਾਮਵਰ ਸਾਹਿਤਕਾਰ ਸ੍ਰੀ ਗੁਰਦਿਆਲ ਦਲਾਲ, ਅਜੀਤ ਪਿਆਸਾ, ਭਗਵਾਨ ਢਿੱਲੋਂ, ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਮਹਿਕ, ਜਸਵੀਰ ਝੱਜ, ਅਜਮੇਰ ਸਿੰਘ, ਕਸਤੂਰੀ ਲਾਲ, ਬਲਵਿੰਦਰ ਗਲੈਕਸੀ, ਜਗੀਰ ਸਿੰਘ ਪ੍ਰੀਤ, ਜਨਮੇਜਾ ਸਿੰਘ ਜੌਹਲ, ਇੰਦਰਜੀਤ ਸਿੰਘ, ਪਿਆਰਾ ਸਿੰਘ, ਬਲਵਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਮਨਿੰਦਰਜੀਤ, ਬਲਦੇਵ ਸਿੰਘ, ਸੁਰਜੀਤ ਸਿੰਘ, ਸੁਖਮਨ, ਜੋਗਿੰਦਰ ਸਿੰਘ ਖ਼ਜ਼ਾਨਚੀ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ। ਵਿਸ਼ੇਸ਼ ਤੌਰ ਤੇ ਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ, ਲਲਤੋਂ ਕਲਾ ਦੇ ਅਹੁਦੇਦਾਰ ਮਾਸਟਰ ਤਰਸੇਮ ਲਾਲ, ਉਜਾਗਰ ਲਲਤੋਂ, ਨਗਿੰਦਰ ਸਿੰਘ, ਉਜਾਗਰ ਸਿੰਘ ੰਬੱਦੋਵਾਲ, ਮਾਸਟਰ ਮਨਜੀਤ ਸਿੰਘ ਲਲਤੋਂ ਅਤੇ ਤਰਕਸ਼ੀਲ ਲਹਿਰ ਦੇ ਆਗੂ ਜਸਵੰਤ ਜੀਰਖ਼ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਮੰਚ ਸੰਚਾਲਨ ਪ੍ਰੋ. ਰਮਨ ਅਤੇ ਕਾਮਰੇਡ ਕਸਤੂਰੀ ਲਾਲ ਨੇ ਵਾਰੋ ਵਾਰੀ ਬਾਖੂਬੀ ਨਿਭਾਇਆ।