ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ
ਅੱਧ ਸੁਤੀ ਨੀਂਦ ‘ਚ ਸੁੱਤੇ ਸੀ, ਦੋ ਵਜੇ ਰਾਤ ਨੂੰ ਉੱਠੇ ਸੀ
ਜਾਂ ਲਾਈਨਾਂ ਵਿਚ ਖਲੋਏ ਸੀ, ਤੇਰੀ ਜਾਨ ਨੂੰ ਉਥੇ ਰੋਏ ਸੀ
ਨੱਬੇ ਸਾਲਾ ਬਾਪੂ ਵੀ, ਤੂੰ ਚੁੱਕ ਲਾਈਨ ਵਿਚ ਲਾਤਾ
ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ
ਉਸ ਲਾਈਨ ਚ ਹਰ ਇਕ ਮੇਰੇ ਜਿਹਾ, ਮੈਨੂੰ ਇਕ ਨਾ ਦਿੱਸਿਆ ਤੇਰੇ ਜਿਹਾ
ਨਾ ਮੰਤਰੀ ਨਾ ਹੀ ਵਪਾਰੀ ਸੀ, ਜਿੰਨਾ ਦੀ ਤੇਰੇ ਨਾਲ ਯਾਰੀ ਸੀ
ਰੱਬ ਜਾਣੇ ਉਹ ਸਭ ਕਿੱਥੇ ਸੀ, ਦੋ ਵੀ ਨਾ ਲਾਈਨ ਚ ਡਿੱਠੇ ਸੀ
ਸੱਤ ਘੰਟਿਆਂ ਦੀ ਵਾਰੀ ਪਿੱਛੋਂ ਦੋ ਹਜ਼ਾਰ ਦਾ ਨੋਟ ਫੜਾਤਾ
ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ
ਢਾਬੇ ਤੋਂ ਰੋਟੀ ਖਾਣੀ ਸੀ, ਇਕ ਬਸ ਦੀ ਟਿਕਟ ਕਟਾਣੀ ਸੀ
ਨਾ ਅੰਨ ਦਾ ਘਰ ਵਿਚ ਫੱਕਾ ਸੀ, ਨਾ ਘਰ ਵਿਚ ਸੌਦਾ ਪਤਾ ਸੀ
ਜਿਸ ਨੂੰ ਵੀ ਨੋਟ ਫੜਾਉਂਦਾ ਸੀ, ਹਰ ਇਕ ਹੀ ਪਰ੍ਹੇ ਭਜਾਉਂਦਾ ਸੀ
ਹਰ ਕੋਈ ਖੁੱਲ੍ਹੇ ਮੰਗਦਾ ਸੀ, ਮੈਨੂੰ ਸਭ ਨੇ ਗੂਠਾ ਦਿਖਾਤਾ
ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ
ਕਈਆਂ ਦਾ ਚੁੱਲ੍ਹਾ ਬਲਿਆ ਨਾ, ਬਿਨ ਕੱਫਣ ਮੁਰਦਾ ਜਲਿਆ ਨਾ
ਕਿਸੇ ਵਿਆਹ ਵਾਲੇ ਘਰ ਸੋਗ ਪਿਆ, ‘ਲਾਜ ਖੁਣੋਂ ਕਿਸੇ ਦਾ ਭੋਗ ਪਿਆ
ਕਈ ਕਹਿੰਦੇ ਆਪਣੇ ਵਰਗਿਆ ਨੂੰ ਤੁਸੀਂ ਪਹਿਲਾਂ ਈ ਦਸ ਬਚਾਤਾ
ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ
ਹਰ ਮਨ ਚੋਂ ਖੁਸ਼ੀਆਂ ਮੁੜ ਗਈਆਂ, ਸਭ ਨਿੱਕੀਆਂ ਬੱਚਤਾਂ ਖੁਰ ਗਈਆਂ
ਬੇਬੇ ਦੀ ਗੁਥਲੀ ਖਾਲੀ ਹੈ, ਉਸ ਦਾ ਹੁਣ ਅੱਲਾ ਵਾਲੀ ਹੈ
ਬੱਚਿਆਂ ਦੇ ਗੱਲੇ ਰੋਲ ਦਿੱਤੇ, ਬੀਵੀਆਂ ਦੇ ਪਰਦੇ ਖੋਲ੍ਹ ਦਿਤੇ,
ਜੋ ਦਸ ਵੀਹ ਕਰਕੇ ਜੋੜਿਆ ਸੀ, ਚੁੱਕ ਮੀਆਂ ਨੂੰ ਪਕੜਾਤਾ
ਰਾਜਾ ਜੀ ਤੇਰੇ ਫੁਰਮਾਨਾਂ ਨੇ, ਹਰ ਥਾਂ ਘੜਮੱਸ ਮਚਾਤਾ