← ਪਿਛੇ ਪਰਤੋ
ਕਰਮਜੀਤ ਬੁੱਟਰ ਨੇ ਅੱਜ ਲੌਢੇ ਵੇਲੇ ਲਾਹੌਰ ਤੋਂ ਆਈ ਪਾਟੀ ਚਿੱਠੀ ਪੜ੍ਹਾਈ ਹੈ। ਏਸ਼ੀਆ ਦੇ ਸਭ ਤੋਂ ਵੱਡੇ ਜਿਉਂਦੇ ਜਾਗਦੇ ਵਿਦਵਾਨ ਤੇ ਸ਼ਾਇਰ ਨਜਮ ਹਸੈਨ ਸੱਯਦ ਜੀ ਦੀ ਸ਼ਰੀਕੇ ਹਯਾਤ ਪ੍ਰੋ: ਸਮੀਨਾ ਸੱਯਦ ਦਾ ਇੰਤਕਾਲ ਹੋ ਗਿਆ ਹੈ। ਮੈਨੂੰ ਚੇਤੇ ਆਈ ਸਾਲ 2002 ਦੀ ਲਾਹੌਰ ਦੇ ਫਲੈਟੀਜ਼ ਹੋਟਲ ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ। ਸੱਯਦ ਜੀ ਇਸ ਚ ਸ਼ਾਮਿਲ ਨਹੀਂ ਸਨ ਹੋਏ ਪਰ ਮਿਲੇ ਬਿਨਾ ਕਿਵੇਂ ਮੁੜਦੇ। ਮੈਂ ਲੁਧਿਆਣਿਓ ਂ ਉਨ੍ਹਾਂ ਲਈ ਧਾਰੀਵਾਲ ਦੀ ਲੋਈ ਲੈ ਕੇ ਗਿਆ ਸੀ। ਅਫ਼ਜ਼ਲ ਸਾਹਿਰ ਨੇ ਦੱਸਿਆ ਕਿ ਪੂਰਾ ਦਿਨ ਲਾਇਬ੍ਰੇਰੀ ਚ ਹੁੰਦੇ ਹਨ ਤੇ ਸ਼ਾਮ ਨੂੰ ਨਿਸ਼ਾਤ ਬਾਗ ਚ ਟਹਿਲ ਕੇ ਘਰ ਪਰਤਦੇ ਨੇ। ਓਸੇ ਦਿਨ ਮਦੀਹਾ ਗੌਹਰ ਦਾ ਨਿਰਦੇਸ਼ਤ ਨਾਟਕ ਬੁੱਲ੍ਹਾ ਪਹਿਲੀ ਵਾਰ ਅਸੀਂ ਵੇਖਣਾ ਸੀ ਜਦ ਸੱਯਦ ਜੀ ਨੂੰ ਲੱਭਦੇ ਲਭਾਉਂਦੇ ਅਸੀਂ ਉਨ੍ਹਾਂ ਦੇ ਘਰ ਜਾ ਪੁੱਜੇ। ਮੇਰੇ ਨਾਲ ਡਾ:ਸੁਖਦੇਵ ਸਿੰਘ ਅਫ਼ਜਲ ਸਾਹਿਰ ਤੇ ਕਹਾਣੀਕਾਰ ਜ਼ੋਇਆ ਵੀ ਸੀ। ਸੱਯਦ ਜੀ ਘਰ ਨਹੀਂ ਸਨ। ਸਮੀਨਾ ਜੀ ਹੀ ਸਨ। ਮਨ ਤਾਂ ਜ਼ਿਆਰਤ ਕਰਨ ਗਿਆ ਸੀ। ਸਮੀਨਾ ਜੀ ਨੇ ਸਾਨੂੰ ਆਪਣੇ ਗਾਏ ਕੁਝ ਕੈਸਿਟਸ ਦਿੱਤੇ। ਇਹ ਉਹ ਰੀਕਾਰਡਿੰਗਜ਼ ਸਨ ਜੋ ਸੱਯਦ ਜੀ ਦੀ ਹਫ਼ਤਾਵਾਰੀ ਸੰਗਤ ਚ ਗਾਏ ਜਾਂਦੇ ਸਨ। ਮੈਂ ਲੋਈ ਭੇਂਟ ਕਰਨੀ ਚਾਹੀ ਤਾਂ ਸਮੀਨਾ ਜੀ ਬੋਲੇ ਕਿ ਸਾਡੇ ਘਰ ਦੀ ਮਰਯਾਦਾ ਤੋਹਫ਼ੇ ਲੈਣਾ ਨਹੀਂ ਹੈ। ਸੱਯਦ ਜੀ ਪ੍ਰਵਾਨ ਨਹੀਂ ਕਰਦੇ। ਮੈਂ ਕਿਹਾ ਮੈਂ ਬਟਾਲਾ ਦਾ ਪੁੱਤਰ ਹਾਂ ਸੱਯਦ ਜੀ ਵਾਂਗ। ਤੁਹਾਡਾ ਦਿਓਰ ਹਾਂ। ਇਹ ਲੋਈ ਤੋਹਫ਼ਾ ਨਹੀਂ ,ਬਟਾਲੇ ਵੱਲੋਂ ਸ਼ੁਭ ਭਾਵਨਾ ਹੈ। ਪ੍ਰਵਾਨ ਕਰੋ। ਸਮੀਨਾ ਅੱਖਾਂ ਭਰ ਆਈ। ਬੋਲੀ ਕਿ ਸੱਯਦ ਜੀ ਘਰ ਹੁੰਦੇ ਤਾਂ ਤੁਹਾਡੇ ਨਾਲ ਬਟਾਲੇ ਦੀਆਂ ਬਾਤਾਂ ਪਾ ਕੇ ਕਿੰਨਾ ਖੁਸ਼ ਹੁੰਦੇ। 1944 ਚ ਫੀਰੋਜ਼ਪੁਰ ਚ ਜੰਮੀ ਸਮੀਨਾ ਸੰਗੀਤ ਦੀ ਪ੍ਰੋਫੈਸਰ ਸੀ ਲਾਹੌਰ ਦੇ ਹੋਮ ਸਾਇੰਸ ਕਾਲਿਜ ਚ। ਮਾਰਚ1968 ਚ ਸੱਯਦ ਜੀ ਨਾਲ ਨਿਕਾਹੀ ਗਈ। ਸੂਫ਼ੀ ਸੰਗੀਤ ਤੇ ਗੁਰਬਾਣੀ ਚ ਵਿਸ਼ੇਸ਼ ਮੁਹਾਰਤ ਸੀ ਸਮੀਨਾ ਨੂੰ। ਨਜਮ ਹੁਸੈਨ ਸੱਯਦ ਦੀਂਆਂ ਲਿਖਤਾਂ ਗੁਰਮੁਖੀ ਲਿਪੀ ਚ ਪਲਟਾ ਕੇ ਛਾਪਣ ਵਾਲਾ ਮੇਰਾ ਬੇਲੀ ਪੁਰਦਮਨ ਸਿੰਘ ਬੇਦੀ ਜਿਓਂ ਂਦਾ ਹੁੰਦਾ ਤਾਂ ਉਸਨੇ ਸਭ ਤੋਂ ਵੱਧ ਉਦਾਸ ਹੋਣਾ ਸੀ। ਘੱਟ ਅਸੀਂ ਵੀ ਉਦਾਸ ਨਹੀਂ ਹਾਂ। ਸੱਯਦ ਜੀ ਦੇ ਬੱਚਿਆਂਰਸਾਲ ਤੇ ਰਿਸ਼ਮ ਵਾਂਗ ਹੀ। ਚੰਗੀ ਰੂਹ ਵਾਲੀ ਬਟਾਲਵੀ ਨੂੰਹ ਦੇ ਜਾਣ ਤੇ ਸਾਡੀਆਂ ਅੱਖਾਂ ਨਮ ਹਨ।
ਗੁਰਭਜਨ ਗਿੱਲ
+91 98141 94872
Total Responses : 267