ਫਗਵਾੜਾ, 12 ਮਾਰਚ 2020 - ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ ਸੋਲਵਾਂ 'ਬਾਪੂ ਜਾਗੀਰ ਸਿੰਘ ਕੰਬੋਜ' ਯਾਦਗਾਰੀ 'ਕਲਮ' ਸਨਮਾਨ ਸਮਾਰੋਹ ਤੇ ਕਵੀ ਦਰਬਾਰ 14 ਮਾਰਚ 2020,ਸ਼ਨੀਵਾਰ ਨੂੰ, 10 ਵਜੇ (ਸਵੇਰੇ) ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ।
ਪੰਜਾਬ ਕਲਾ ਪਰਿਸ਼ਦ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਸ਼੍ਰੀ ਗੁਰਭੇਜ ਸਿੰਘ ਗੋਰਾਇਆ ਤੇ ਸ਼੍ਰੀ ਗੁਰਭਜਨ ਸਿੰਘ ਗਿੱਲ ਹੁਰਾਂ ਦੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਵਿਚ ਜੰਮੂ-ਕਸ਼ਮੀਰ ਵਿਚ ਵਿੱਚ ਪੰਜਾਬੀ ਗਲਪਕਾਰੀ ਤੇ ਪੰਜਾਬੀ ਬੋਲੀ ਦੇ ਅਲੰਬਰਦਾਰ ਜਨਾਬ ਖਾਲਿਦ ਹੁਸੈਨ ਹੁਰਾਂ ਨੂੰ "ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ 'ਕਲਮ' ਪੁਰਸਕਾਰ ਭੇਟ ਕੀਤਾ ਜਾਵੇਗਾ।
ਇਸ ਮੌਕੇ 'ਤੇ ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਪੁਰਸਕਾਰ ਡਾ. ਕਰਮਜੀਤ ਸਿੰਘ ਤੇ ਡਾ. ਯੋਗ ਰਾਜ, ਸ਼ਾਇਰ ਬਲਵਿੰਦਰ ਰਿਸ਼ੀ ਯਾਦਗਾਰੀ ਕਲਮ ਪੁਰਸਕਾਰ ਹਰਵਿੰਦਰ ਭੰਡਾਲ ਤੇ ਸਤਪਾਲ ਭੀਖੀ, ਨਵ-ਪ੍ਰਤਿਭਾ ਕਲਮ ਪੁਰਸਕਾਰ ਅਰਵਿੰਦਰ ਕੌਰ ਕਾਕੜਾ ਤੇ ਨਵਰੂਪ ਕੌਰ ਅਤੇ ਪ੍ਰੌੜ ਸ਼ਾਇਰ ਦੀ ਪਹਿਲੀ ਕਾਵਿ - ਕਿਤਾਬ ਲਈ ਸਰਵੋਤਮ ਪੁਸਤਕ 'ਕਲਮ' ਪੁਰਸਕਾਰ ਜਨਾਬ ਅਮ੍ਰਿਤਪਾਲ ਸਿੰਘ ਸ਼ੈਦਾ ਨੂੰ ਭੇਟ ਕੀਤਾ ਜਾਵੇਗਾ। ਕਲਮ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ ਸੁਖਵਿੰਦਰ ਕੰਬੋਜ ਤੇ ਸ਼ਾਇਰ ਕੁਲਵਿੰਦਰ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਸ ਸਮਾਰੋਹ ਵਿਚ ਸਰਵ ਸ਼੍ਰੀ ਅਨੂਪ ਵਿਰਕ, ਬਰਜਿੰਦਰ ਚੌਹਾਨ, ਗੁਰਤੇਜ ਕੋਹਾਰਵਾਲਾ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਦਰਸ਼ਨ ਖਟਕੜ, ਹਰਮੀਤ ਵਿਦਿਆਰਥੀ, ਜਗਵਿੰਦਰ ਜੋਧਾ, ਅਨੂ ਬਾਲਾ, ਕੁਲਵਿੰਦਰ ਕਮਲ, ਗੁਰਬਾਜ ਛੀਨਾ, ਕੁਲਦੀਪ ਦੀਪ, ਰਮਨ ਸੰਧੂ,ਸ਼ਬਦੀਸ਼, ਹਰਵਿੰਦਰ, ਸ਼ਮਸ਼ੇਰ ਮੋਹੀ, ਮਨਜਿੰਦਰ ਧਨੋਆ, ਕੁਲਵਿੰਦਰ ਕੁੱਲਾ, ਸੁਨੀਲ ਚੰਦਿਆਣਵੀ , ਦੇਵਰਾਜ ਦਾਦਰ, ਤ੍ਰੈਲੋਚਨ ਲੋਚੀ, ਦੀਪ ਕਲੇਰ, ਨਵਤੇਜ ਗੜਦੀਵਾਲਾ ਤੇ ਕਵੀ ਦਰਬਾਰ ਕਨਵੀਨਰ ਮੱਖਣ ਮਾਨ ਸਮੇਤ ਚੋਣਵੇਂ ਸ਼ਾਇਰ ਭਾਗ ਲੈਣਗੇ।