ਭਾਸ਼ਾ ਵਿਭਾਗ ਨੇ ਮਨਾਇਆ ਹਿੰਦੀ ਦਿਵਸ, ਹਿੰਦੀ ਹਿੰਦੁਸਤਾਨ ਦੀ ਭਾਸ਼ਾ - ਡਾ. ਰਤਨ ਸਿੰਘ ਜੱਗੀ
ਜੀ ਐਸ ਪੰਨੂ
ਪਟਿਆਲਾ, 14 ਸਤੰਬਰ,2021 - ਹਿੰਦੀ ਦਿਵਸ ਮੌਕੇ ਭਾਸ਼ਾ ਵਿਭਾਗ, ਪੰਜਾਬ ਨੇ ਸ਼ੇਰਾਂ ਵਾਲਾ ਗੇਟ ਆਪਣੇ ਦਫ਼ਤਰ ਵਿਖੇ ਹਿੰਦੀ ਦਿਵਸ ਮਨਾਇਆ ਤੇ ਵੱਖ-ਵੱਖ ਵਿਦਵਾਨਾਂ ਨੇ ਹਿੰਦੀ ਦੀ ਪ੍ਰਫੁਲਤਾ ਲਈ ਵਿਚਾਰਾਂ ਕੀਤੀਆਂ। ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਵਿਭਾਗ ਵਲੋਂ ਹਿੰਦੀ ਭਾਸ਼ਾ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਸਾਹਿਤ ਰਤਨ, ਹਿੰਦੀ ਦੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਹਿੰਦੀ, ਹਿੰਦੁਸਤਾਨ ਦੀ ਭਾਸ਼ਾ ਹੈ। ਦਿੱਲੀ ਤੋਂ ਆਏ ਉਘੇ ਹਿੰਦੀ ਸਾਹਿਤਕਾਰ ਡਾ. ਸਵਿਤਾ ਚੱਢਾ ਨੇ 'ਆਧੁਨਿਕ ਯੁੱਗ ਮੇਂ ਹਿੰਦੀ ਭਾਸ਼ਾ ਦਾ ਮਹੱਤਵ' ਵਿਸ਼ੇ 'ਤੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਹਿੰਦੀ ਸਾਹਿਤਕਾਰ ਡਾ. ਮੋਹਨ ਸਪਰਾ ਤੇ ਸਾਬਕਾ ਕਮਿਸ਼ਨਰ, ਇਨਕਮ ਟੈਕਸ ਬੀ.ਆਰ. ਰਤਨ ਨੇ ਹਿੰਦੀ ਭਾਸ਼ਾ ਦੀ ਵਰਤੋਂ, ਇਸ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਿੰਦੀ ਦਿਵਸ਼ ਦੀਆਂ ਵਧਾਈਆਂ ਦਿੱਤੀਆਂ।
ਸਮਾਗਮ 'ਚ ਬਾਬੂ ਰਾਮ ਦੀਵਾਨਾ, ਸਾਗਰ ਸੂਦ, ਸੁਧਾ ਜੈਨ ਸੁਦੀਪ, ਸੁਰੇਸ਼ ਨਾਇਕ, ਨਵੀਨ ਕਮਲ ਭਾਰਤੀ, ਡਾ. ਪੁਰਨਿਮਾ ਰਾਏ, ਮੀਨਾਕਸ਼ੀ ਵਰਮਾ, ਹਰਸ਼ ਕੁਮਾਰ ਹਰਸ਼, ਡਾ. ਜੀ.ਐਸ.ਆਨੰਦ, ਡਾ. ਰਾਕੇਸ਼ ਤਿਲਕ, ਗੀਤਾ ਡੋਗਰਾ, ਵਿਨੋਦ ਕੁਮਾਰ ਡੋਗਰਾ, ਵਿਜੇਤਾ, ਪਰਮਪਾਲ ਸ਼ਾਸ਼ਤਰੀ, ਸੁਧਾ ਸ਼ਰਮਾ, ਡਾ. ਹਰਵਿੰਦਰ ਕੌਰ, ਬਲਰਾਜ ਓਣਰਾਏ ਬਾਜੀ, ਕੁਲਵੰਤ ਕਸਮ, ਦਲੀਪ ਅਵਧ, ਸੁਭਾਸ਼ ਸ਼ਰਮਾ, ਪੰਕਜ ਕੌਸ਼ਿਕ ਨੇ ਵੀ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਦਿਆਂ ਹਿੰਦੀ ਭਾਸ਼ਾ ਦੇ ਅਮੀਰ ਵਿਰਸੇ 'ਤੇ ਚਾਨਣਾ ਪਾਇਆ।
ਵਿਸ਼ੇਸ਼ ਮਹਿਮਾਨ ਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਫੂਲਚੰਦ ਮਾਨਵ ਨੇ ਭਾਸ਼ਾ ਵਿਭਾਗ ਵਲੋਂ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਸਮਾਗਮ ਰਾਹੀਂ ਭਾਸ਼ਾਵਾਂ ਦੇ ਵਿਕਾਸ ਦੀ ਗੱਲ ਕੀਤੀ। ਉੱਘੇ ਵਿਦਵਾਨ ਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਡਾ. ਮਨਮੋਹਨ ਸਹਿਗਲ ਨੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਭਾਸ਼ਾ ਵਿਭਾਗ ਆਪਣੇ ਜ਼ਿੰਮੇ ਲਗੇ ਕਾਰਜਾਂ ਨੂੰ ਬਾਖ਼ੂਬੀ ਨਿਭਾ ਰਿਹਾ ਹੈ।ਸਾਬਕਾ ਸਹਾਇਕ ਡਾਇਰੈਕਟਰ ਸੁਸ਼ਮਾ ਵਾਲੀਆ ਨੇ ਵੀ ਵਿਭਾਗ ਵੱਲੋਂ ਕੀਤੇ ਕਾਰਜਾਂ ਦਾ ਜਿਕਰ ਕੀਤਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕਰਕੇ ਸਾਂਈ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਵੀਰਪਾਲ ਕੌਰ, ਸਹਾਇਕ ਡਾਇਰੈਕਟਰ ਹਰਭਜਨ ਕੌਰ, ਸਤਨਾਮ ਸਿੰਘ, ਅਮਰਿੰਦਰ ਸਿੰਘ ਤੇ ਪਰਵੀਨ ਕੁਮਾਰ ਸਮੇਤ ਭਾਸ਼ਾ ਪਰਿਵਾਰ ਨੇ ਸਮਾਗਮ ਵਿਚ ਸ਼ਿਰਕਤ ਕੀਤੀ।