ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਨਵੀਂ ਪ੍ਰਕਾਸ਼ਿਤ ਪੁਸਤਕ ਵਰਲਡ ਯੂਨੀਵਰਸਿਟੀ ਨੂੰ ਲਾਇਬ੍ਰੇਰੀ ਭੇਟ
ਫ਼ਤਹਿਗੜ੍ਹ ਸਾਹਿਬ, 14 ਜੁਲਾਈ 2021 - ਪ੍ਰੋ ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਨਵੀਂ ਪ੍ਰਕਾਸ਼ਤ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਲਾਇਬ੍ਰੇਰੀ ਹਿੱਤ ਭੇਟ ਕੀਤੀ ਗਈ। 'ਸਾਡੇ ਕੌਮੀ ਹੀਰੇ ਸਿੱਖ ਜਰਨੈਲ' ਸਿਰਲੇਖ ਵਾਲੀ ਇਹ ਪੁਸਤਕ ਪ੍ਰੋ ਬਡੂੰਗਰ ਦੀ ਸੱਤਵੀਂ ਖੋਜ ਭਰਪੂਰ ਪੁਸਤਕ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ ਬਡੂੰਗਰ ਦੀਆਂ ਪੁਸਤਕਾਂ ਗੁਰਮਤਿ ਵਿਚਾਰ ਤੇ ਸਿੱਖੀ ਜੀਵਨ, ਗੁਰਮਤਿ ਸਭਿਆਚਾਰ, ਜਿਨ੍ਹਾਂ ਧਰਮ ਨਹੀਂ ਹਾਰਿਆ, ਜਿਨੀ ਸਚੁ ਪਛਾਣਿਆ ਅਤੇ ਸਿਖੀ ਸਿਖਿਆ ਗੁਰ ਵੀਚਾਰਿ ਨੂੰ ਹਰ ਵਰਗ ਦੇ ਪਾਠਕ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਯੂਨੀਵਰਸਿਟੀ ਅੰਦਰ ਸਾਡੀ ਕੌਮ ਦਾ ਭਵਿੱਖ ਪੜ੍ਹ ਰਿਹਾ ਹੈ, ਇਸ ਕਰਕੇ ਮੈਂ ਉਚੇਚੇ ਤੌਰ 'ਤੇ ਇਹ ਪੁਸਤਕ ਆਪ ਭੇਟਾ ਕਰਨ ਆਇਆ ਹਾਂ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਮਾਣ ਮੱਤੇ ਵਿਰਸੇ ਅਤੇ ਨਾਇਕਾਂ ਤੋਂ ਪ੍ਰੇਰਨਾ ਲੈ ਕੇ ਉੱਜਲ ਭਵਿੱਖ ਸਿਰਜ ਸਕਨ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ ਬਡੂੰਗਰ ਨੇ ਆਖਿਆ ਕਿ ਇਸ ਪੁਸਤਕ ਅੰਦਰ ਸਿੱਖ ਪੰਥ ਦੇ ਸ਼ਾਨਾਮੱਤੇ ਸਤਾਰਾਂ ਜਰਨੈਲਾਂ ਦੇ ਜੀਵਨ ਬਿਰਤਾਂਤ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲ ਕਾਲ ਦੇ ਸਮੂਹ ਸਿੱਖ ਜਰਨੈਲ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਬਘੇਲ ਸਿੰਘ; ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਅਕਾਲੀ ਫੂਲਾ ਸਿੰਘ, ਜਥੇਦਾਰ ਹਰੀ ਸਿੰਘ ਨਲੂਆ, ਜਰਨੈਲ ਜ਼ੋਰਾਵਰ ਸਿੰਘ ਅਤੇ ਆਧੁਨਿਕ ਭਾਰਤ ਦੀ ਫ਼ੌਜ ਵਿੱਚ ਸੂਰਬੀਰਤਾ ਦੇ ਜੌਹਰ ਵਿਖਾਉਣ ਵਾਲੇ ਜਨਰਲ ਹਰਬਖਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਮਾਰਸ਼ਲ ਅਰਜਨ ਸਿੰਘ ਆਦਿ ਯੋਧਿਆਂ ਦਾ ਜੀਵਨ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ਵਾਈਸ-ਚਾਂਸਲਰ, ਡਾ ਪਰਿਤ ਪਾਲ ਸਿੰਘ ਨੇ ਪ੍ਰੋ ਬਡੂੰਗਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸਿੱਖ ਪੰਥ ਦੀ ਖ਼ੁਸ਼ਕਿਸਮਤੀ ਹੈ ਕਿ ਬਹੁ-ਪੱਖੀ ਰਾਜਨੀਤਕ ਰੁਝੇਵਿਆਂ ਦੇ ਬਾਵਜੂਦ ਪ੍ਰੋ. ਬਡੂੰਗਰ ਨੇ ਆਪਣੀ ਅੰਦਰਲੀ ਬੌਧਿਕ ਤੇ ਮੌਲਿਕ ਪ੍ਰਤਿਭਾ ਨੂੰ ਜ਼ਿੰਦਾ ਰੱਖਿਆ ਹੈ ਅਤੇ ਸਿੱਖ ਇਤਿਹਾਸ, ਫਲਸਫੇ, ਰਹਿਤ ਮਰਯਾਦਾ ਅਤੇ ਭਖਦੇ ਮਸਲਿਆਂ ਸੰਬੰਧੀ ਆਪਣੇ ਲੇਖ ਬਾਕਾਇਦਾ ਪ੍ਰਕਾਸ਼ਿਤ ਕਰਵਾਂਦੇ ਰਹਿੰਦੇ ਹਨ। ਵਾਈਸ-ਚਾਂਸਲਰ ਨੇ ਆਖਿਆ ਕਿ ਪ੍ਰੋ ਬਡੂੰਗਰ ਹਰ ਵਿਸ਼ੇ 'ਤੇ ਖੋਜ ਕਰ ਕੇ ਮੂਲ ਸਰੋਤਾਂ ਦੇ ਆਧਾਰ 'ਤੇ ਗੁਰਮਤਿ ਸਿਧਾਂਤਾਂ ਦੀ ਤਰਕ-ਸੰਗਤ ਵਿਆਖਿਆ ਕਰਦੇ ਹਨ, ਜਿਸ ਤੋਂ ਹਰ ਵਰਗ ਦਾ ਪਾਠਕ ਲਾਭ ਉਠਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਹ ਪੁਸਤਕ ਜਿੱਥੇ ਨੌਜਵਾਨ ਖੋਜਾਰਥੀਆਂ ਨੂੰ ਹਵਾਲਾ ਪੁਸਤਕ ਦੇ ਤੌਰ ਤੇ ਸਹਾਇਤਾ ਦੇਵੇਗੀ ਉੱਥੇ ਉਹਨਾਂ ਨੂੰ ਨਿੱਠ ਕੇ ਖੋਜ ਅਧਿਐਨ ਕਰਨ ਦੀ ਪ੍ਰੇਰਨਾ ਵੀ ਦੇਵੇਗੀ।
ਇਸ ਮੌਕੇ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਪ੍ਰੋ ਬਡੂੰਗਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਪੰਜਾਬ ਅੱਜ ਜਦੋਂ ਨਸ਼ਿਆਂ ਗੈਂਗਵਾਰ ਦੇ ਰਾਹ ਪਿਆ ਹੋਇਆ ਹੈ, ਉਸ ਮੌਕੇ ਆਪਣੇ ਵਿਰਸੇ ਦੇ ਮਹਾਨ ਨਾਇਕਾਂ ਨੂੰ ਚੇਤੇ ਕਰਨਾ ਇਕ ਬਹੁਤ ਹੀ ਚੰਗਾ ਉੱਦਮ ਹੈ। ਉਨ੍ਹਾਂ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ ਆਤਮਹੱਤਿਆ ਦੇ ਰੁਝਾਨਾਂ ਨੂੰ ਠੱਲ੍ਹ ਪਾ ਸਕਦੇ ਹਨ।
ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਮਲਕੀਤ ਸਿੰਘ ਮਠਾੜੂ, ਬਲਵਿੰਦਰ ਸਿੰਘ ਭਮਾਰਸੀ, ਮੀਤ ਮੈਨੇਜਰ, ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ, ਅਮਰੀਕ ਸਿੰਘ ਸੁਪਰਵਾਈਜ਼ਰ, ਮਨਦੀਪ ਸਿੰਘ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਡੇਰਾ, ਡਾ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ , ਅਮਰਿੰਦਰ ਸਿੰਘ, ਸਾਬਕਾ ਮੈਂਬਰ ਐਸਜੀਪੀਸੀ, ਨਰਿੰਦਰ ਸਿੰਘ ਰਸੀਦਪੁਰ, ਵਰਿੰਦਰ ਸਿੰਘ ਸੋਢੀ, ਸਾਬਕਾ ਚੇਅਰਮੈਨ, ਮਨਪ੍ਰੀਤ ਸਿੰਘ, ਚੀਫ ਐਡੀਟਰ ਆਤਮ ਮਾਰਗ ਮੌਜੂਦ ਸਨ।