ਅੰਮ੍ਰਿਤਸਰ, 7 ਜਨਵਰੀ, 2017 : ਸਥਾਨਕ ਵਿਰਸਾ ਵਿਹਾਰ ਵਿਖੇ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ 'ਇਕ ਯੋਧੇ ਦੀ ਦਾਸਤਾਨ' ਪੁਸਤਕ ਨੂੰ ਲੋਕ ਅਰਪਿਤ ਕੀਤਾ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਆਯੋਜਿਤ ਸੈਮੀਨਾਰ ਮੌਕੇ ਸ: ਬਲਵਿੰਦਰ ਸਿੰਘ ਫ਼ਤਿਹਪੁਰੀ ਦੁਆਰਾ ਲਿਖਤ ਇਹ ਪੁਸਤਕ ਸ਼ਹੀਦ ਊਧਮ ਸਿੰਘ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦੀ ਹੈ। ਜਿਸ 'ਚ ਉਨ੍ਹਾਂ ਦੁਆਰਾ ਇਤਿਹਾਸਕ ਪੱਖ ਨੂੰ ਬਹੁਤ ਸੁਚੱਜੇ ਢੰਗ ਨਾਲ ਸ਼ਬਦਾਂ ਦੀ ਮਾਲਾ 'ਚ ਪਰੋਇਆ ਗਿਆ ਹੈ।
ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਊਧਮ ਸਿੰਘ ਅਸਲ 'ਚ ਇਕ ਮਹਾਨ ਯੋਧਾ ਸੀ, ਜਿਸ ਨੇ ਜ਼ਲ੍ਹਿਆ ਵਾਲਾ ਬਾਗ ਸਾਕੇ ਦੌਰਾਨ ਸੈਂਕੜੇ ਹੀ ਬੇਕਸੂਰ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਅੰਗਰੇਜ਼ੀ ਹਕੂਮਤ ਦੇ ਫੌਜੀ ਸ਼ਾਸ਼ਕ ਜਰਨਲ ਮਾਈਕਲ ਅਡਵਾਇਰ ਨੂੰ ਉਸਦੇ ਘਰ 'ਚ ਜਾ ਕੇ ਸਜ਼ਾ ਦਿੱਤੀ ਸੀ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਦੁਆਰਾ ਅੰਮ੍ਰਿਤਸਰ ਵਿਖੇ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ।
ਇਸ ਮੌਕੇ ਪ੍ਰਧਾਨਗੀ ਮੰਡਲ 'ਚ ਸ: ਇੰਦਰਜੀਤ ਸਿੰਘ ਗੋਗੋਆਣੀ ਤੋਂ ਇਲਾਵਾ ਕੇਂਦਰੀ ਸਭਾ ਦੇ ਮੀਤ ਪ੍ਰਧਾਨ, ਕਥਾਕਾਰ ਦੀਪ ਦੇਵਿੰਦਰ ਸਿੰਘ, ਪ੍ਰੋ: ਮੋਹਨ ਸਿੰਘ, ਕੁਲਵੰਤ ਸਿੰਘ ਅਣਖੀ, ਦਲਜੀਤ ਸਿੰਘ ਕੋਹਲੀ, ਡਾ. ਇਕਬਾਲ ਕੌਰ ਸੌਂਧ, ਜਰਮਨਜੀਤ ਸਿੰਘ, ਮੱਖਣ ਭੈਣੀਵਾਲਾ, ਮਨਮੋਹਨ ਸਿੰਘ ਬਾਸਰਕੇ, ਅਤਰ ਸਿੰਘ ਤਰਸਿੱਕਾ, ਪ੍ਰਿੰਸੀਪਲ ਰਘਬੀਰ ਸਿੰਘ, ਕੁਲਦੀਪ ਸਿੰਘ ਦਰਾਜਕੇ, ਰਾਜਖੁਸ਼ਵੰਤ ਸਿੰਘ ਸੰਧੂ, ਪ੍ਰਿੰ: ਜੋਗਿੰਦਰ ਸਿੰਘ, ਕੈਪਟਨ ਰਵੇਲ ਸਿੰਘ ਰਵੇਲ, ਨਰਿੰਦਰਪਾਲ ਸਿੰਘ ਆਦਿ ਬੁਲਾਰਿਆਂ ਨੇ ਉਕਤ ਕਿਤਾਬ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਅੰਮ੍ਰਿਤਸਰ ਵਿਕਾਸ ਮੰਚ ਜੋ ਕਿ ਹਮੇਸ਼ਾਂ ਹੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੁੱਦਿਆਂ ਲਈ ਯਤਨਸ਼ੀਲ ਹੈ, ਨੇ ਸ: ਛੀਨਾ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਜਿਸ 'ਚ ਉਨ੍ਹਾਂ ਨੇ ਪਵਿੱਤਰ ਸ਼ਹਿਰ ਨੂੰ ਹਰਾ-ਭਰਾ ਸੁੰਦਰ ਬਣਾਉਣ ਲਈ ਅਪੀਲ ਕੀਤੀ।