Canada : ਅਮਰੀਕੀ ਵਿਗਿਆਨੀ ਡਾ. ਰਛਪਾਲ ਸਹੋਤਾ ਦੀ ਪੁਸਤਕ 'ਆਪੇ ਦੀ ਭਾਲ' ਨੂੰ ਬਰੈਮਪਟਨ 'ਚ ਕੀਤਾ ਲੋਕ ਹਵਾਲੇ, ਲੇਖਕਾਂ ਤੇ ਚਿੰਤਕਾਂ ਨੇ ਪੇਸ਼ ਕੀਤੇ ਵਿਚਾਰ
ਬਰੈਮਪਟਨ, 26 ਅਗਸਤ 2024 : 18 ਅਗਸਤ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ, ਰਛਪਾਲ ਸਹੋਤਾ ਦਾ ਨਾਵਾਲ, ਆਪੇ ਦੀ ਭਾਲ, ਲੋਕ ਅਰਪਣ ਕੀਤਾ ਗਿਆ, ਅਤੇ ਦੋ ਦਿਨ ਬਾਅਦ, ਪੰਜਾਬੀ ਭਵਨ ਵਿਖੇ, ਨਾਵਲ ਉੱਤੇ ਭਰਪੂਰ ਚਰਚਾ ਹੋਈ। ਵੱਖੋ ਵੱਖਰੇ ਵਰਗਾਂ ਅਤੇ ਵਿਚਾਰਾਂ ਵਾਲੇ ਸਰੋਤਿਆਂ ਅਤੇ ਬੁੱਧੀਜੀਵੀਆਂ ਨੇ ਚਰਚਾ ਵਿੱਚ ਭਾਗ ਲਿਆ, ਅਤੇ ਪੂਰੀ ਉਤਸੁਕਤਾ ਨਾਲ, ਨਾਵਲ ਦੇ ਮੁੱਖ ਵਿਸ਼ੇ, ਜਾਤ-ਪਾਤ ਅਤੇ ਉਸਦੇ ਸਮੁੱਚੇ ਪ੍ਰਭਾਵਾਂ ਨੂੰ ਸਮਝਣ ਦਾ ਯਤਨ ਕੀਤਾ।
ਚਰਚਾ ਸੰਮੇਲਨ ਦਾ ਪ੍ਰਬੰਧ ਅਤੇ ਇੱਕ ਸੰਖੇਪ ਝਲਕ:
ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਚਰਚਾ ਦੇ ਸੰਚਾਲਕ ਸਨ ਅਤੇ ਮੁੱਖ ਪਰਚਾ ਮਲਵਿੰਦਰ ਹੁਰਾਂ ਨੇ ਪੜਿਆ। ਇਹ ਸੰਮੇਲਨ, ਨਾਵਲ ਦੀ ਸਾਹਿਤਕ ਅਲੋਚਨਾ ਦੇ ਨਾਲ ਨਾਲ, ਭਾਰਤੀ ਸਮਾਜ ਦੀ ਮਹੱਤਵਪੂਰਣ ਅਤੇ ਦੁਖਦੀ ਰਗ, ਜਾਤ-ਪਾਤ, ਦੀ ਵੀ ਡੂੰਘੀ ਪੜਚੋਲ਼ ਹੋ ਨਿੱਬੜਿਆ। ਬੁਲਾਰਿਆਂ ਨੇ ਨਾਵਲ, ਨਿੱਜੀ ਤਜੱਰਬਿਆਂ ਅਤੇ ਆਪਣੀ ਆਪਣੀ ਸੂਝ ਦੇ ਵਿਖਿਆਨਾਂ ਨਾਲ ਸੰਮੇਲਨ ਨੂੰ ਮਾਲੋ-ਮਾਲ ਕਰ ਦਿੱਤਾ ਜਿਸ ਨਾਲ ਨਾਵਲ ਦੇ ਵਿਸ਼ਿਆਂ ਦੀਆਂ ਬਹੁ-ਪਰਤੀ ਝਲਕਾਂ ਸਾਹਮਣੇ ਆਈਆਂ।
ਸੰਮੇਲਨ ਦੇ ਬੁਲਾਰੇ ਅਤੇ ਉਹਨਾਂ ਦੇ ਦ੍ਰਿਸ਼ਟੀਕੋਣ:
ਮੁੱਖ ਪਰਚਾ ਪੜ੍ਹਨ ਵਾਲ਼ੇ ਸਪੀਕਰ, ਮਲਵਿੰਦਰ, ਨੇ ਆਪੇ ਦੀ ਭਾਲ਼ ਦੀਆਂ ਪੇਚੀਦਾ ਡੂੰਘਾਈਆਂ ਦੀ ਗੱਲ ਕੀਤੀ ਅਤੇ, ਨਾਵਲ ਦੇ ਹਰ ਸੀਨ ਨੂੰ ਮਹੀਨਤਾ ਨਾਲ ਚਿਤਰੇ ਜਾਣ ਦੀ ਭਰਵੀਂ ਪ੍ਰਸੰਸਾ ਕੀਤੀ। ਨਾਵਲ ਦੇ ਜਾਤ-ਪਾਤ ਕੇਂਦਰਿਤ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਉਹਨਾਂ ਦੱਸਿਆ ਕਿ ਕਿਵੇਂ ਨਾਵਲ ਦੇ ਪਾਤਰ-ਚਿਤਰਨ ਦੀ ਵਿਧੀ ਨੇ, ਪ੍ਰਤੱਖ ਰੂਪ ਨਾਲ ਇਸ ਗੁੰਝਲਦਾਰ ਮੁੱਦੇ ਵਿਚ ਜਾਨ ਪਾਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੜ੍ਹੇ, ਡਾ. ਚਰਨਜੀਤ ਸਿੰਘ ਪੱਡਾ ਨੇ ਆਪਣੀ ਜ਼ਿੰਦਗੀ ਵਿੱਚੋਂ ਦਿਲਕਸ਼ ਮਿਸਾਲਾਂ ਦੇਕੇ ਦੱਸਿਆ ਕਿ ਕਿਵੇਂ ਪੜ੍ਹਦੇ ਵਕਤ, ਆਪੇ ਦੀ ਭਾਲ, ਤੁਹਾਨੂੰ ਕੀਲ ਕੇ ਬੰਨ ਲੈਂਦਾ ਹੈ। ਉਹਨਾਂ ਨੇ ਆਪੇ ਦੀ ਭਾਲ਼ ਦਾ ਮੁਕਾਬਲਾ ਉਹਨਾਂ ਨਾਵਲਾਂ ਨਾਲ ਕੀਤਾ, ਜਿਸ ਵਿੱਚ ਪਾਠਕ ਪੂਰੀ ਤਰਾਂ ਖੁੱਭ ਕੇ ਆਪਣੇ ਦੁਆਲ਼ੇ ਤੋਂ ਬਿਲਕੁੱਲ ਬੇਖਬਰ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਕਿਵੇਂ ਇਹ ਨਾਵਲ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ਼ ਸੁਮੇਲ ਖਾਂਦਾ ਜਾਪਿਆ। ਡਾ. ਪੱਡਾ ਨੇ ਨਾਵਲ ਦੀ ਪਾਤਰ ਬਿੰਦੋ ਦੀ ਵਿਸਥਾਰ ਵਿੱਚ ਗੱਲ ਕਰਦਿਆਂ ਕਿਹਾ ਕਿ, ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ, ਸਮਾਜਕ ਧੱਕੇਸ਼ਾਹੀ ਵਿਰੁੱਧ ਆਪਣੇ ਪੁੱਤਰ ਨਾਲ਼ ਖੜ੍ਹੋਨ ਲਈ, ਕਿਵੇਂ ਉਹ ਹਮੇਸ਼ਾ ਆਪਣੇ ਅੰਦਰ ਝਾਤ ਮਾਰਦੀ ਹੈ—ਸਵੈ-ਬਲ ਲੱਭਣ ਲਈ, ਆਪਣੇ ਆਪ ਨੂੰ ਆਈ ਮੁਸੀਬਤ ਅਤੇ ਪ੍ਰਸਥਿੱਤੀ ਵਾਸਤੇ ਤਿਆਰ ਕਰਨ ਲਈ।
ਡਾ. ਬਲਜਿੰਦਰ ਸਿੰਘ ਸੇਖੋਂ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਜਾਤ-ਪਾਤ ਨਾਲ ਜੁੜੀਆਂ ਭਾਵੁਕ ਯਾਦਾਂ, ਜਿਹੜੀਆਂ ਉਹਨਾਂ ਤੇ ਇੱਕ ਅਮਿੱਟ ਨਿਸ਼ਾਨ ਛੱਡ ਗਈਆਂ ਸਨ, ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਨਾਵਲ ਵਿੱਚ ਵਰਤੀ ਸਾਦਾ, ਪਰੰਤੂ ਅਸਰਦਾਰ ਭਰਪੂਰ ਸ਼ੈਲੀ ਦੀ ਸ਼ਲਾਘਾ ਕੀਤੀ, ਜਿਸ ਨਾਲ ਡਾ. ਸਹੋਤਾ ਨੇ ਪੰਜਾਬ ਦੀ ਸੱਭਿਆਚਾਰਕ ਰੂਹ—ਉੱਥੋਂ ਦੇ ਪੇਂਡੂ ਸਮਾਜਕ ਤਾਣੇ ਬਾਣੇ, ਰਹਿਣ ਸਹਿਣ, ਖਾਣ ਪੀਣ ਅਤੇ ਪਹਿਨਣ ਪਰਤਣ—ਨੂੰ ਨਾਵਲ ਵਿੱਚ ਸਾਂਭ ਲਿਆ ਸੀ। ਡਾ. ਸੇਖੋਂ ਨੇ ਨਾਵਲਕਾਰ ਦੀ, ਪਾਤਰਾਂ ਦੇ ਅੰਦਰੂਨੀ ਟਕਰਾਵਾਂ ਨੂੰ ਚਿਤਰਨ ਵਾਲੀ ਯੋਗਤਾ ਦੀ ਸ਼ਲਾਘਾ ਕੀਤੀ ਕਿ ਕਿਵੇਂ ਉਹਨਾਂ ਦੇ ਉਲੀਕੇ, ਸਮਾਜਕ ਨਿਯਮਾਂ, ਪ੍ਰੀਵਾਰਕ ਉਮੀਦਾਂ ਅਤੇ ਨਿੱਜੀ ਇੱਛਾਵਾਂ ਦੇ ਸਪੱਸ਼ਟ ਵਿਖਿਆਨਾਂ ਨਾਲ ਕਿਰਦਾਰਾਂ ਵਿੱਚ ਜਾਨ ਪੈ ਗਈ ਸੀ।
ਡਾ. ਜਸਵਿੰਦਰ ਸੰਧੂ ਨੇ ਨਾਵਲ ਬਾਰੇ ਆਪਣੇ ਚਿੰਤਨ ਪੇਸ਼ ਕੀਤੇ ਕਿ ਕਿਵੇਂ ਚੱਲ ਰਹੀ ਕਹਾਣੀ ਨੇ ਉਹਨਾਂ ਦੀ ਰੁਚੀ ਬਣਾਈ ਰੱਖੀ ਸੀ ਕਿ ਹੁਣ ਅੱਗੇ ਕੀ ਹੋਵੇਗਾ। ਉਹਨਾਂ ਨੇ ਜਾਤ-ਪਾਤ ਦੇ ਮਸਲੇ ਦੀ ਸਮਾਜਕ ਮਹੱਤਤਾ ਤੇ ਜ਼ੋਰ ਦਿੰਦਿਆਂ, ਇਸ ਮੁੱਦੇ ਨੂੰ ਨਾਵਲ ਦਾ ਮੁੱਖ ਕੇਂਦਰ ਬਨਾਉਣ ਦੀ ਸ਼ਲਾਘਾ ਕੀਤੀ। ਡਾ. ਸੰਧੂ ਨੂੰ ਜਾਤ-ਪਾਤ ਦੀ ਸਮੱਸਿਆ ਨੂੰ ਸੁਲਝਾਉਣ ਲਈ ਨਾਵਲ ਵਿੱਚ ਦਰਸਾਇਆ ਅੰਤਰ-ਜਾਤੀ ਵਿਆਹਾਂ ਦਾ ਸੁਝਾਅ ਬਹੁਤ ਪਸੰਦ ਆਇਆ, ਅਤੇ ਨਾਲ ਹੀ ਉਹਨਾਂ ਨੂੰ ਨਾਵਲ ਦੇ ਕਿਰਦਾਰ, ਪ੍ਰੋ ਤਾਰਾ ਸਿੰਘ, ਦੀ ਅੰਗ੍ਰੇਜ਼ੀ ਵਰਗੀ ਕਿਸੇ ਦੂਜੀ ਭਾਸ਼ਾ ਨੂੰ ਸਿਖਣ ਲਈ ਦਰਸਾਈ ਵਿਧੀ ਚੰਗੀ ਲੱਗੀ।
ਪ੍ਰੋ ਇੰਦਰਦੀਪ ਸਿੰਘ ਨੇ ਸਮਾਜਕ/ਰਾਜਨੀਤਕ ਦੇ ਵਡੇਰੇ ਪ੍ਰਸੰਗ ਵਿੱਚ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਰਾਜ ਕਰਨ ਵਾਲ਼ੀ ਧਿਰ ਜਾਤ-ਪਾਤ ਵਰਗੇ ਪਾੜ-ਪਾਊ ਮੁੱਦਿਆਂ ਨੂੰ ਸ਼ਹਿ ਦਿੰਦੀ ਹੈ ਤਾਂ ਜੋ ਇਹ ਅਨਿਆਂ-ਭਰਪੂਰ ਸਮਾਜਕ ਢਾਂਚਾ ਬ੍ਰਕਰਾਰ ਰੱਖਿਆ ਜਾ ਸਕੇ। ਉਹਨਾਂ ਦੀ ਸਮਾਜਕ ਅਨਿਆਂ ਅਤੇ ਨਾ-ਬਰਾਬਰੀ ਵਾਲੇ ਦ੍ਰਿਸ਼ਟੀਕੋਣ ਨੇ, ਨਾਵਲ ਦੀ ਅਜੋਕੀਆਂ ਸਮਾਜਕ ਚਰਚਾਵਾਂ ਨਾਲ ਉਚਿੱਤਤਾ ਨੂੰ ਉਜਾਗਰ ਕੀਤਾ।
ਡਾ. ਸਹੋਤਾ ਦੇ ਬਹੁਤ ਪੁਰਾਣੇ ਦੋਸਤ, ਡਾ. ਮਨਜੀਤ ਢੀਂਡਸਾ, ਨੇ ਨਾਵਲਕਾਰ ਅਤੇ ਨਾਵਲਕਾਰ ਦੀ ਦ੍ਰਿੜਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕਿਵੇਂ ਉਹ ਨਾਵਲ ਦੇ ਲਿਵਰ ਟਰਾਂਸਪਲਾਂਟ ਵਾਲੇ ਸੀਨ ਤੋਂ ਪ੍ਰਭਾਵਿਤ ਹੋਏ ਸਨ, ਜਿਸ ਵਿੱਚ ਡਾ. ਸਹੋਤਾ ਨੇ ਪਾਤਰਾਂ ਦੇ ਅਨੁਭਵਾਂ ਨੂੰ ਸਪੱਸ਼ਟਤਾ ਨਾਲ ਉਲੀਕਿਆ ਸੀ ਅਤੇ ਇਸ ਗੱਲ ਤੋਂ ਵੀ ਕਿ ਕਿਵੇਂ ਉਹਨਾਂ ਨੇ ਬਹੁਤ ਸਹਿਜ ਨਾਲ, ਵਿਗਿਆਨਕ ਸ਼ੁੱਧਤਾ ਨੂੰ ਨਾਵਲ ਦੇ ਵਿਰਤਾਂਤ ਦੀ ਡੂੰਘਾਈ ਨਾਲ ਇੱਕਮਿੱਕ ਕਰ ਦਿੱਤਾ ਸੀ।
ਪੂਰੀ ਚਰਚਾ ਸਮੇਂ, ਬੁਲਾਰਿਆਂ ਦੇ ਵਿਚਕਾਰਲੇ ਸਮਿਆਂ ਦੌਰਾਨ, ਪ੍ਰੋ. ਜਗੀਰ ਸਿੰਘ ਕਾਹਲ਼ੋਂ ਆਪਣੇ ਨੀਰੀਖਣ ਅਤੇ ਵਿਚਾਰ ਦੱਸਦੇ ਰਹੇ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਇੱਕ ਵਾਰ ਨਾਵਲ, ਆਪੇ ਦੀ ਭਾਲ਼, ਪੜ੍ਹਨਾ ਸ਼ੁਰੂ ਕੀਤਾ, ਤਾਂ ਉਹਨਾਂ ਲਈ, ਤਿੰਨ-ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਜਿੰਮੇਵਾਰੀਆਂ ਦੇ ਬਾਵਯੂਦ ਵੀ, ਨਾਵਲ ਨੂੰ ਬਿਨਾਂ ਮੁਕਾਏ ਛੱਡਣਾ ਮੁਸ਼ਕਲ ਸੀ। ਜਿਸ ਤਰਾਂ ਸਮਾਜਕ ਸਮੱਸਿਆਵਾਂ ਨਾਲ ਜੂਝਣ ਅਤੇ ਸਿੱਝਣ ਲਈ, ਨਾਵਲ ਵਿੱਚ ਪੜ੍ਹਾਈ ਨੂੰ ਸਰਵਉੱਤਮ ਹੱਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ, ਉਸਦੀ ਪ੍ਰੋ ਕਾਹਲ਼ੋਂ ਨੇ ਬਹੁਤ ਸਿਫਤ ਕੀਤੀ। ਉਹਨਾਂ ਮਹਿਸੂਸ ਕੀਤਾ ਕਿ ਨਾਵਲ ਦੇ ਮੁੱਖ ਪਾਤਰ ਜੱਗੀ ਦੀ ਕਾਮਯਾਬੀ ਵਿੱਚ, ਉਸਦੀ ਮਾਂ ਬਿੰਦੋ ਦੀ ਪੜ੍ਹਾਈ ਅਤੇ ਦ੍ਰਿੜਤਾ ਦਾ ਬਹੁਤ ਅਹਿਮ ਰੋਲ ਸੀ। ਪ੍ਰੋ ਕਾਹਲ਼ੋਂ ਨੇ ਨਾਵਲਕਾਰ ਦੀ, ਜ਼ਿੰਦਗੀ ਦੇ ਵੱਖੋ ਵੱਖਰੇ ਖੇਤਰਾਂ ਬਾਰੇ ਭਰਪੂਰ ਜਾਣਕਾਰੀ ਤੇ ਸੂਝ ਦੀ ਵੀ ਸ਼ਲਾਘਾ ਕੀਤੀ। ਉਹਨਾਂ ਨੇ ਸੰਤ ਸਿੰਘ ਸੇਖੋਂ ਦੇ ਵਿਖਿਆਨ ਕਿ, ਨਾਵਲ ਲਿਖਣ ਲਈ ਬਾਹਾਂ ਵਿੱਚ ਭਲਵਾਨ ਜਿੰਨੀ ਤਾਕਤ ਚਾਹੀਦੀ ਹੈ, ਦਾ ਹਵਾਲਾ ਦਿੰਦਿਆਂ ਡਾ. ਸਹੋਤਾ ਦੇ ਮਹੱਤਵਪੂਰਣ ਸਮਾਜਕ ਮਸਲਿਆਂ ਨਾਲ ਟੱਕਰ ਲੇਣ ਦੀ ਸ਼ਲਾਘਾ ਕੀਤੀ।
ਪ੍ਰੋ ਕਾਹਲ਼ੋਂ ਦੇ ਜੀਵਨ ਸਾਥਣ, ਸ੍ਰੀਮਤੀ ਕਾਹਲ਼ੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਕਿਵੇ ਉਹ ਨਾਵਲ ਬਾਰੇ ਹੋਈ ਇਸ ਚਰਚਾ ਅਤੇ ਇਸਦੇ ਮੁੱਦਿਆਂ ਤੋਂ ਪ੍ਰਭਾਵਤ ਹੋਏ ਸਨ। ਉਹਨਾਂ ਨੇ ਇਸ ਨਾਵਲ, ਆਪੇ ਦੀ ਭਾਲ, ਨੂੰ ਪੜ੍ਹਨ ਲਈ ਲਿਆ ਆਪਣਾ ਨਿਰਣਾ ਸ੍ਰੋਤਿਆ ਨਾਲ ਸਾਂਝਾ ਕੀਤਾ।
ਲਿਖਾਰੀ ਦੇ ਵਿਚਾਰ:
ਚਰਚਾ ਦੀ ਸਮਾਪਤੀ ਕਰਦਿਆਂ, ਡਾ. ਰਛਪਾਲ ਸਹੋਤਾ ਨੇ ਕਿਹਾ ਕਿ ਇਸ ਨਾਵਲ ਦਾ ਲਿਖਣਾ ਉਹਨਾਂ ਲਈ ਇੱਕ ਦਿਲਕਸ਼ ਅਤੇ ਸਿੱਖਿਆ ਗ੍ਰਹਿਣ ਕਰਨ ਵਾਲਾ ਸਫਰ ਸੀ। ਉਹਨਾਂ ਦੱਸਿਆ ਕਿ ਕਿਵੇਂ ਉਹ ਆਪਣੇ ਹੀ ਘੜੇ ਪਾਤਰਾਂ, ਪੜ੍ਹੀਆਂ ਕਿਤਾਬਾਂ ਦੇ ਨਰੀਖਣਾਂ, ਅਤੇ ਅਲੋਚਕਾਂ ਦੀਆਂ ਸਮੀਖਿਆਵਾਂ ਤੋਂ ਸਿੱਖਦੇ ਰਹੇ ਸਨ। ਅੰਤ ਵਿੱਚ ਉਹਨਾਂ, ਚਰਚਾ ਦਾ ਪ੍ਰਬੰਧ ਕਰਨ ਲਈ ਡਾ. ਕਾਹਲ਼ੋਂ ਦਾ, ਨਾਵਲ ਪੜ੍ਹਨ ਲਈ ਸਮਾਂ ਕੱਢਣ ਅਤੇ ਟਿੱਪਣੀਆਂ ਕਰਨ ਲਈ ਬੁਲਾਰਿਆਂ ਦਾ, ਸੰਮੇਲਨ ਨੂੰ ਕਾਮਯਾਬ ਬਨਾਉਣ ਲਈ ਸ੍ਰੋਤਿਆਂ ਦਾ ਅਤੇ, ਨਾਵਲ ਦੇ ਲੋਕ ਅਰਪਣ ਕਰਨ ਦੇ ਮੌਕੇ ਅਤੇ ਚਰਚਾ ਲਈ ਪੰਜਾਬੀ ਭਵਨ ਪ੍ਰਦਾਨ ਕਰਵਾਉਣ ਲਈ, ਡਾ. ਦਲਬੀਰ ਸਿੰਘ ਕਥੂਰੀਆ ਦਾ ਧੰਨਵਾਦ ਕੀਤਾ।