ਚੰਡੀਗੜ੍ਹ, 3 ਜਨਵਰੀ, 2017 : ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਵਲੋਂ 'ਸਾਹਿਤ ਅਤੇ ਜਥੇਬੰਦੀ ਦਾ ਰਿਸ਼ਤਾ ਅਤੇ ਮਹੱਤਵ' ਵਿਸ਼ੇ 'ਤੇ ਲੇਖਕ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਤਿੰਨ ਸੈਸ਼ਨ ਰੱਖੇ ਗਏ ਸਨ। ਵਰਕਸ਼ਾਪ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦਸਿਆ ਕਿ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾæ ਸਰਬਜੀਤ ਸਿੰਘ, ਵਰਕਸ਼ਾਪ ਦੇ ਕਨਵੀਨਰ ਗੁਰਨਾਮ ਕੰਵਰ ਅਤੇ ਮੱਖਣ ਕੁਹਾੜ ਨੇ ਕੀਤੀ। ਵਰਕਸ਼ਾਪ ਦੇ ਸ਼ੁਰੂ ਵਿੱਚ ਇਕ ਸ਼ੋਕ ਮਤੇ ਰਾਹੀਂ ਕਾਮਰੇਡ ਫੀਦਲ ਕਾਸਤਰੋ, ਪੰਜਾਬੀ ਸ਼ਾਇਰ ਅਤੇ ਚਿੱਤਰਕਾਰ ਸੁਖਵੰਤ, ਪੰਜਾਬੀ ਸ਼ਾਇਰ ਪੈਦਲ ਧਿਆਨਪੁਰੀ ਅਤੇ ਸਿੱਖਿਆ ਸ਼ਾਸਤਰੀ ਜਗਮੋਹਨ ਕੋਸ਼ਲ ਨੂੰ ਦੋ ਮਿੰਟ ਚੁੱਪ ਖਲੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ. ਸਰਬਜੀਤ ਸਿੰਘ ਨੇ ਇਸ ਵਰਕਸ਼ਾਪ ਵਿਚ ਲਗਭਗ 65 ਸਾਹਿਤ ਸਭਾਵਾਂ ਦੇ ਪਹੁੰਚੇ ਡੇਢ ਸੌ ਲੇਖਕ ਨੁਮਾਇੰਦਿਆਂ ਨੂੰ 'ਜੀ ਆਇਆਂ ਨੂੰ' ਆਖਦਿਆਂ ਕੇਂਦਰੀ ਸਭਾ ਵਲੋਂ ਉਲੀਕੀ ਗਈ ਲੇਖਕ ਵਰਕਸ਼ਾਪ ਦੇ ਮਹੱਤਵ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਸਭਾ ਦਾ ਇਹ ਯਤਨ ਲੇਖਕ ਸਭਾਵਾਂ ਨਾਲ ਬਿਹਤਰ ਤਾਲਮੇਲ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰੇਗਾ।
ਇਸ ਸੈਸ਼ਨ ਦੇ ਮੁੱਖ ਬੁਲਾਰੇ ਉੱਘੇ ਸਿਖਿਆ ਸ਼ਾਸਤਰੀ ਅਤੇ ਅਧਿਆਪਕ ਆਗੂ ਪ੍ਰੋਫ਼ੈਸਰ ਤਰਸੇਮ ਬਾਹੀਆ ਸਨ। ਪ੍ਰੋæ ਤਰਸੇਮ ਬਾਹੀਆ ਨੇ ਅਪਣੇ ਕੁੰਜੀਵਤ ਭਾਸ਼ਣ ਵਿਚ ਸਾਹਿਤ ਅਤੇ ਜਥੇਬੰਦੀ ਦੇ ਰਿਸ਼ਤੇ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਾਹਿਤ ਆਪ ਮੁਹਾਰਾ ਨਹੀਂ ਹੁੰਦਾ। ਇਹ ਕਿਰਤ ਅਤੇ ਉਤਪਾਦਨ ਨਾਲ ਜੁੜਿਆ ਹੋਇਆ ਹੈ। ਸਾਹਿਤ ਦਾ ਮਨੋਰਥ ਆਮ ਅਵਾਮ ਦੇ ਹੱਕ ਵਿਚ ਭੁਗਤਣਾ ਹੁੰਦਾ ਹੈ ਅਤੇ ਲੋਕ ਲਹਿਰਾਂ ਤੇ ਸਾਹਿਤ ਨਾਲੋਂ-ਨਾਲ ਚਲਦੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਅਤੇ ਸਾਹਿਤ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਸਾਹਿਤ ਅਤੇ ਕਲਮਕਾਰਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਬਹੁਤ ਸਾਰੇ ਲੋਕ ਨਾਅਰੇ ਉਸ ਵੇਲੇ ਦੇ ਸਾਹਿਤਕਾਰਾਂ ਨੇ ਹੀ ਰਚੇ ਸਨ ਜੋ ਉਦੋਂ ਦੇ ਅਖ਼ਬਾਰਾਂ ਰਸਾਲਿਆਂ ਵਿਚ ਛਪਦੇ ਰਹੇ। ਪ੍ਰੋæ ਤਰਸੇਮ ਬਾਹੀਆ ਨੇ ਸਾਹਿਤ ਅਤੇ ਜਥੇਬੰਦੀ ਦੇ ਅਟੁੱਟ ਰਿਸ਼ਤੇ ਨੂੰ ਤਸਲੀਮ ਕਰਦਿਆਂ ਕਿਹਾ ਕਿ ਜਥੇਬੰਦੀ ਕਿਸੇ ਵੀ ਲੇਖਕ ਦੇ ਅਨੁਭਵ ਨੂੰ ਹੋਰ ਡੂੰਘਿਆਂ ਕਰਦੀ ਹੈ ਅਤੇ ਅਨੁਭਵ ਜਥੇਬੰਦੀ ਵਿਚ ਆ ਕੇ ਸਮੂਹ ਦਾ ਅਨੁਭਵ ਹੋ ਜਾਂਦਾ ਹੈ, ਨਿੱਜ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਸਮੂਹ ਦਾ ਅਨੁਭਵ ਹੀ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਿਚ ਮਹੱਤਵਪੂਰਨ ਭੁਮਿਕਾ ਅਦਾ ਕਰਦਾ ਹੈ।
ਲੇਖਕ ਵਰਕਸ਼ਾਪ ਦੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਅਰਤਿੰਦਰ ਕੌਰ ਸੰਧੂ ਅਤੇ ਜਸਪਾਲ ਮਾਨਖੇੜਾ ਨੇ ਕੀਤੀ। ਇਸ ਸੈਸ਼ਨ ਵਿਚ ਮੁੱਖ ਬੁਲਾਰੇ ਵਜੋਂ ਹਰਭਜਨ ਸਿੰਘ ਹੁੰਦਲ ਨੇ ਬੋਲਦਿਆਂ ਅਪਣੇ ਲਿਖਣ ਕਾਰਜ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਹੋਏ ਅਨੁਭਵਾਂ ਦੀ ਗੱਲ ਕਰਦਿਆਂ ਦਸਿਆ ਕਿ ਹਰ ਲੇਖਕ ਦੇ ਅੰਦਰ ਇਕ ਲੁਕੀ ਹੋਈ ਪ੍ਰਤਿਭਾ ਹੁੰਦੀ ਹੈ ਜਿਸ ਦਾ ਉਸ ਨੂੰ ਪਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਲੁਕੀ ਹੋਈ ਪ੍ਰਤਿਭਾ ਨੂੰ ਹੀ ਉਜਾਗਰ ਕਰਨ ਦਾ ਕੰਮ ਜਥੇਬੰਦੀ ਕਰਦੀ ਹੈ। ਉਨ੍ਹਾਂ ਕਵਿਤਾ ਦੀ ਤਾਕਤ ਦੀ ਗੱਲ ਕਰਦਿਆਂ ਦਸਿਆ ਕਿ ਕਿਵੇਂ ਉਨ੍ਹਾਂ ਨੂੰ ਇਕ ਕਵਿਤਾ ਕਾਰਨ ਐਮਰਜੈਂਸੀ ਦੇ ਦਿਨਾਂ ਵਿਚ ਜੇਲ੍ਹ ਯਾਤਰਾ ਕਰਨੀ ਪਈ ਸੀ ਤੇ ਜਥੇਬੰਦੀ ਨੇ ਹੀ ਜੇਲ੍ਹ ਯਾਤਰਾ ਦੌਰਾਨ ਉਨ੍ਹਾਂ ਅੰਦਰ ਜੂਝਣ ਦੀ ਸਮਰਥਾ ਨੂੰ ਹੋਰ ਪੱਕਾ ਕਰ ਦਿਤਾ ਸੀ। ਇਸ ਸੈਸ਼ਨ ਵਿਚ ਬੋਲਦਿਆਂ ਦੂਸਰੇ ਬੁਲਾਰੇ ਗੁਰਨਾਮ ਕੰਵਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਕੰਮ ਕਰਨ ਦੇ ਅਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜਥੇਬੰਦੀ ਲੇਖਕਾਂ ਨੂੰ ਵੱਖ-ਵੱਖ ਖੇਤਰਾਂ ਵਿਚ ਹੋ ਵਾਪਰ ਰਹੇ ਦੀ ਸੂਝ ਪ੍ਰਦਾਨ ਕਰਨ ਵਿਚ ਅਹਿਮ ਕੜੀ ਵਜੋਂ ਕੰਮ ਕਰਦੀ ਹੈ। ਉਨ੍ਹਾਂ ਲੇਖਕਾਂ ਵਿਚ ਵਿਚਾਰਾਂ ਦੀ ਪ੍ਰਪੱਕਤਾ ਲਈ ਸਾਹਿਤਕ ਜਥੇਬੰਦੀਆਂ ਨੂੰ ਇਕ ਮੰਚ ਵਜੋਂ ਤਸੱਵਰ ਕੀਤਾ। ਇਸ ਸੈਸ਼ਨ ਦੇ ਤੀਸਰੇ ਬੁਲਾਰੇ ਕੇਂਦਰੀ ਸਭਾ ਦੇ ਸਾਬਕਾ ਜਨਰਲ ਸਕੱਤਰ ਡਾæ ਕਰਮਜੀਤ ਸਿੰਘ ਨੇ ਸਾਹਿਤ ਅਤੇ ਜਥੇਬੰਦੀ ਦੇ ਰਿਸ਼ਤੇ ਨੂੰ ਬੇਹੱਦ ਮਹੱਤਵਪੂਰਨ ਦਸਦਿਆਂ ਕਿਹਾ ਕਿ ਜਥੇਬੰਦੀ ਹੀ ਕਿਸੇ ਵੀ ਲੇਖਕ ਦੇ ਕੀਤੇ ਕਾਰਜ ਨੂੰ ਵਿਆਪਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਗਦਰ ਲਹਿਰ ਦੀ ਚਰਚਾ ਕਰਦਿਆਂ ਗਦਰ ਕਾਵਿ ਨੂੰ ਆਜ਼ਾਦੀ ਅੰਦੋਲਨ ਦੀ ਧੁਰੀ ਆਖਿਆ ਅਤੇ ਕਿਹਾ ਕਿ ਲੇਖਕ ਅਪਣੇ ਲਿਖਣ ਕੌਸ਼ਲ ਨੂੰ ਜਥੇਬੰਦੀ ਵਿਚ ਆ ਕੇ ਹੋਰ ਨਿਖਾਰਦਾ ਹੈ ਤੇ ਲੇਖਕ ਅਤੇ ਜਥੇਬੰਦੀ ਦਾ ਰਿਸ਼ਤਾ ਅਟੁੱਟ ਹੈ। ਇਸ ਸੈਸ਼ਨ ਦੀ ਮੰਚ ਸੰਚਾਲਨਾ ਮੱਖਣ ਕੁਹਾੜ ਨੇ ਕੀਤੀ।
ਲੇਖਕ ਵਰਕਸ਼ਾਪ ਦੇ ਤੀਸਰੇ ਅਤੇ ਆਖ਼ਰੀ ਸੈਸ਼ਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਸਭਾਵਾਂ ਦੇ ਨੁਮਾਇੰਦਿਆਂ ਨਾਲ ਸੰਵਾਦ ਰਚਾਇਆ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਸਭਾ ਦੇ ਮੀਤ ਪ੍ਰਧਾਨਾਂ ਜਸਵੀਰ ਝੱਜ, ਸੁਰਿੰਦਰਪ੍ਰੀਤ ਘਣੀਆ ਅਤੇ ਸਕੱਤਰਾਂ ਕਰਮ ਸਿੰਘ ਵਕੀਲ, ਸੂਬਾ ਸੁਰਿੰਦਰ ਕੌਰ ਖਰਲ, ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਵਰਗਿਸ ਸਲਾਮਤ ਨੇ ਕੀਤੀ। ਇਸ ਸੈਸ਼ਨ ਵਿਚ ਵੱਖ-ਵੱਖ ਸਭਾਵਾਂ ਦੇ ਕੋਈ ਤੀਹ ਦੇ ਕਰੀਬ ਨੁਮਾਇੰਦਿਆਂ ਨੇ ਆਪੋ-ਅਪਣੇ ਤਜਰਬੇ ਸਾਂਝੇ ਕਰਦਿਆਂ ਕੇਂਦਰੀ ਸਭਾ ਦੇ ਨਾਲ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਵੱਡਮੁੱਲੇ ਸੁਝਾਅ ਪੇਸ਼ ਕੀਤੇ। ਵਿਚਾਰਾਂ ਦੇ ਆਦਾਨ-ਪ੍ਰਦਾਨ ਵਾਲੇ ਇਸ ਸੈਸ਼ਨ ਵਿਚ ਡਾæ ਅਨੂਪ ਸਿੰਘ, ਹਰਭਜਨ ਸਿੰਘ ਬਾਜਵਾ, ਧਰਮਿੰਦਰ ਔਲਖ, ਅਜੀਤਪਾਲ ਸਿੰਘ ਐਮ.ਡੀ., ਗੁਰਮੀਤ ਕੱਲਰਮਾਜਰੀ, ਭਗਤ ਸਿੰਘ ਸਰੋਆ, ਦੀਪਕ ਸ਼ਰਮਾ, ਜੀ.ਐਸ਼ ਪਾਹੜਾ, ਕੇਵਲ ਕਲੋਟੀ, ਗੁਰਪ੍ਰੀਤ ਰੰਗੀਲਪੁਰ, ਰਜਿੰਦਰ ਪ੍ਰਦੇਸੀ, ਗੁਰਦਿਆਲ ਨਿਰਮਾਣ, ਪ੍ਰਗਟ ਸਿੰਘ ਜੰਬਰ, ਹਰਦੀਪ ਵਿਰਦੀ, ਪਰਮਜੀਤ ਕੌਰ ਮਹਿਕ, ਤਰਲੋਚਨ ਮੀਰ, ਕਰਨੈਲ ਚੰਦ, ਸੁਖਦਰਸ਼ਨ ਗਰਗ ਅਤੇ ਸ਼ੈਲੇਂਦਰਜੀਤ ਸਿੰਘ ਰਾਜਨ ਆਦਿ ਨੇ ਹਿੱਸਾ ਲਿਆ। ਪਹਿਲੇ ਅਤੇ ਆਖਰੀ ਸੈਸ਼ਨ ਦੀ ਮੰਚ ਸੰਚਾਲਨਾ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨਿਭਾਈ। ਲੇਖਕ ਵਰਕਸ਼ਾਪ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਧੰਨਵਾਦ ਕੀਤਾ।