ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਨੂੰ ਸਮਰਪਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 23 ਅਪ੍ਰੈਲ 2024 : ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿੱਖੇ ਪ੍ਰਿੰਸੀਪਲ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਅਧੀਨ ਕੰਧ ਪੱਤ੍ਰਿਕਾ ਮੁਕਾਬਲੇ ਕਰਵਾਏ ਗਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਾਲਜ ਯੂਨਿਟ ਦੇ ਕਨਵੀਨਰ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੀ ਕੰਧ ਪੱਤ੍ਰਿਕਾ ਦਾ ਵਿਸ਼ਾ ਵਿਸਾਖੀ ਅਤੇ ਖਾਲਸਾ ਪੰਥ ਦੀ ਸਾਜਨਾ ਨਾਲ ਸੰਬਧਿਤ ਸੀ। ਉਨ੍ਹਾਂ ਦੱਸਿਆ ਕਿ ਕੰਧ ਪੱਤ੍ਰਿਕਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਊਰਜਾ ਨੂੰ ਚੰਗੇ ਪਾਸੇ ਲਾਉਣ ਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੈ। ਇਸ ਮੁਕਾਬਲੇ ਵਿੱਚ ਵੱਖ ਵੱਖ ਵਿਭਾਗਾਂ ਦੇ 20 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋ. ਸੁਖਜੀਤ ਸਿੰਘ ਨੇ ਨਤੀਜੇ ਘੋਸ਼ਿਤ ਕਰਦੇ ਹੋਏ ਦੱਸਿਆ ਕਿ ਯੋਗਿੰਦਰ ਸਿੰਘ ਨੇ ਪਹਿਲਾ, ਖੁਸ਼ਮੀਤ ਕੌਰ ਅਤੇ ਲਵਜੋਤ ਕੌਰ ਨੇ ਦੂਜਾ ਸਥਾਨ ਅਤੇ ਪਿੰਕੀ ਨਿਸ਼ਾਦ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ, ਯੂਥ ਕੋਆਰਡੀਨੇਟਰ ਡਾ.ਰਾਜੇਸ਼ ਮੋਹਨ ਅਤੇ ਡਾ. ਪੂਜਾ ਭੱਲਾ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ, ਜਿੱਥੇ ਤੁਹਾਡੀ ਸਮੁੱਚੀ ਸ਼ਖ਼ਸੀਅਤ ਵਿੱਚ ਨਿਖਾਰ ਆਵੇਗਾ, ਉੱਥੇ ਨਾਲ ਹੀ ਤੁਹਾਨੂੰ ਭਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਵਿਦਿਆਰਥੀਆ ਨੂੰ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆ ਦੀ ਹੌਂਸਲਾ ਅਫਜ਼ਾਈ ਲਈ ਪ੍ਰੋ. ਪਵਨ ਵਾਲੀਆ, ਪ੍ਰੋ. ਵਰਿੰਦਰ ਮੱਕੜ, ਪ੍ਰੋ. ਸੁਖਜੀਤ, ਪ੍ਰੋ. ਕਿਰਨ ਬਾਲਾ, ਡਾ. ਕੁਲਵਿੰਦਰ ਕੌਰ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ। ਅੰਤ ਵਿੱਚ ਡਾ. ਗਗਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।