ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੇਖਿਕਾ ਮੀਨੂੰ ਮੁਸਕਾਨ ਦੀ ਪੁਸਤਕ ‘ਰਸਮੀ ਵਿਤਕਰਾ’ ਰਿਲੀਜ਼
ਰੋਹਿਤ ਗੁਪਤਾ
ਗੁਰਦਾਸਪੁਰ, 16 ਫਰਵਰੀ 2022 - ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੰਜਾਬੀ ਗਲਪ ਵਿਧਾ ਦੀ ਉਭਰ ਰਹੀ ਲੇਖਿਕਾ ਮੀਨੂੰ ਮੁਸਕਾਨ ਦੀ ਪੁਸਤਕ ‘ਰਸਮੀ ਵਿਤਕਰਾ’ ਨੂੰ ਰਿਲੀਜ ਕੀਤਾ ਗਿਆ। ਪੁਸਤਕ ਰੀਲੀਜ ਕਰਨ ਮੌਕੇ ਲੇਖਿਕਾ ਮੀਨੂੰ ਮੁਸਕਾਨ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਾਮਨਾ ਕੀਤੀ ਕਿ ਸਾਹਿਤ ਦੇ ਖੇਤਰ ਵਿੱਚ ਉਹ ਹੋਰ ਬੁਲੰਦੀਆਂ ਨੂੰ ਛੂਹੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਾਹਿਤ ਮਨੁੱਖੀ ਜੀਵਨ ਦਾ ਦਰਪਣ ਹੈ ਅਤੇ ਇਸ ਅੰਦਰ ਮਨੁੱਖੀ ਅਕਾਂਖਿਆਵਾਂ ਅਤੇ ਤਜ਼ਰਬੇ ਕਲਮਬੰਦ ਹੋਏ ਮਿਲਦੇ ਹਨ ਜੋ ਮਨੁੱਖ ਦਾ ਭਵਿੱਖ ਵਿੱਚ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਹਿਤ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਸਾਹਿਤ ਸਿਰਜਣ ਦੇ ਖੇਤਰ ਵਿੱਚ ਵੀ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੇਖਿਕਾ ਮੀਨੂੰ ਮੁਸਕਾਨ ਦੀ ਪੁਸਤਕ ‘ਰਸਮੀ ਵਿਤਕਰਾ’ ਸਾਹਿਤ ਪ੍ਰੇਮੀਆਂ ਨੂੰ ਜਰੂਰ ਪਸੰਦ ਆਵੇਗੀ।
ਦੱਸਣਯੋਗ ਹੈ ਕਿ ਮੀਨੂੰ ਮੁਸਕਾਨ ਦੁਆਬੇ ਖੇਤਰ ਦੀ ਨਵੀਂ ਉੱਭਰ ਰਹੀ ਗਲਪਕਾਰਾ ਹੈ। ਹਰਿਆਣਾ ਭੂੰਗਾ (ਹੁਸ਼ਿਆਰਪੁਰ) ਦੀ ਰਹਿਣ ਵਾਲੀ ਮੀਨੂੰ ਮੁਸਕਾਨ ਡੀ.ਏ.ਵੀ. ਕਾਲਜ ਜਲੰਧਰ ਵਿੱਚ ਬਤੌਰ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਉਹ ‘ਧਰਮ ਦੇ ਪੁਜਾਰੀ’ (ਨਾਵਲ) ਅਤੇ ‘ਔਰਤ ਦੀ ਮਹਿਕ’ (ਮਿੰਨੀ ਕਹਾਣੀ ਸੰਗ੍ਰਹਿ) ਲਿਖ ਕੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਆਪਣੀ ਕਲਮ ਅਜ਼ਮਾ ਚੁੱਕੀ ਹੈ।
ਮੀਨੂੰ ਮੁਸਕਾਨ ਵੱਲੋਂ ‘ਰਸਮੀ ਵਿਤਕਰਾ’ ਨਾਵਲ ਵਿੱਚ ਸਰਲ ਬਿਰਤਾਂਤ ਰਾਹੀਂ ਗੰਭੀਰ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਦੀ ਪੂਰੀ ਕਹਾਣੀ ਜਾਤ-ਪਾਤ ਦੇ ਆਧਾਰ ਉੱਤੇ ਦਲਿਤ ਪਰਿਵਾਰਾਂ ਨਾਲ ਹੋ ਰਹੇ ਵਿਤਕਰੇ ਦੇ ਇਰਦ-ਗਿਰਦ ਘੁੰਮਦੀ ਹੈ। ਇਹ ਨਾਵਲ ਇਸ ਉਦੇਸ਼ਪੂਰਨ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਲਿਖਿਆ ਹੈ ਕਿ ਅਸੀਂ ਇਸ ਆਧੁਨਿਕ ਯੁੱਗ ਵਿੱਚ ਜਾਤ-ਪਾਤ ਦੇ ਪਾੜੇ ਨੂੰ ਖ਼ਤਮ ਕਰ ਸਕੀਏ। ਮੀਨੂੰ ਮੁਸਕਾਨ ਦੀ ਪੁਸਤਕ ਰਿਲੀਜ਼ ਕਰਨ ਮੌਕੇ ਲੇਖਕਾ ਦੇ ਨਾਲ ਇੰਦਰਜੀਤ ਸਿੰਘ ਬਠਿੰਡਾ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ ਹਰਪੁਰਾ ਵੀ ਹਾਜ਼ਰ ਸਨ।