ਲੁਧਿਆਣਾ, 24 ਅਪ੍ਰੈਲ, 2017 (ਗੁਰਭਜਨ ਗਿੱਲ) : ਨਿੰਦਰ ਘੁਗਿਆਣਵੀ ਨੂੰ ਇਸ ਸਾਲ ਸ: ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਵਿਰਾਸਤ ਪੁਰਸਕਾਰ ਦਿੱਤਾ ਜਾਵੇਗਾ। ਵਿਰਾਸਤ ਭਵਨ ਪਾਲਮ ਵਿਹਾਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਨਿੰਦਰ ਨੂੰ ਇਹ ਪੁਰਸਕਾਰ ਪਰਦਾਨ ਕੀਤਾ ਜਾਵੇਗਾ। ਇਹ ਐਲਾਨ ਕਰਦਿਆਂ ਪਰਗਟ ਸਿੰਘ ਗਰੇਵਾਲ ਪਰਧਾਨ ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਨੇ ਕਰਦਿਆਂ ਕਿਹਾ ਕਿ ਸ: ਜੱਸੋਵਾਲ ਦੀ ਪ੍ਰੇਰਨਾ ਨਾਲ ਘੁਗਿਆਣਵੀ ਨੇ 1990 ਚ ਕਲਮ ਫੜੀ ਸੀ ਤੇ ਹੁਣ ਤੀਕ 52 ਪੁਸਤਕਾਂ ਲਿਖ ਚੁਕਾ ਹੈ। ਲਾਲ ਚੰਦ ਯਮਲਾ ਜੱਟ ਦਾ ਸ਼ਾਗਿਰਦ ਬਣਨ ਆਇਆ ਨਿੰਦਰ ਯਮਲਾ ਜੱਟ ਦੇ ਡੇਰੇ ਤੇ ਹੀ 1988 ਚ ਸ: ਜੱਸੋਵਾਲ, ਅਮਰਜੀਤ ਗੁਰਦਾਸਪੁਰੀ ਤੇ ਗੁਰਭਜਨ ਗਿੱਲ ਨੂੰ ਮਿਲਿਆ ਤੇ ਸਦੀਵੀ ਸਾਂਝ ਬਣਾ ਬੈਠਾ।
ਸ: ਜੱਸੋਵਾਲ ਬਾਰੇ। ਤਿੰਨ ਕਿਤਾਬਾਂ ਲਿਖ ਚੁਕੇ ਨਿੰਦਰ ਦੀ ਉਨ੍ਹਾਂ ਬਾਰੇ ਲਿਖੀ ਇੱਕ ਕਿਤਾਬ ਅੰਗਰੇਜ਼ੀ ਚ ਵੀ ਅਨੁਵਾਦ ਹੋ ਚੁਕੀ ਹੈ। ਸ: ਗਰੇਵਾਲ ਨੇ ਦੱਸਿਆ ਕਿ ਨਿੰਦਰ ਦੀਆਂ ਲਿਖੀਆਂ ਕਿਤਾਬਾਂ ਭਾਸ਼ਾ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਪਰਕਾਸ਼ਿਤ ਹੋ ਚੁਕੀਆਂ ਹਨ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਦਾ ਜੰਮਪਲ ਨਿੰਦਰ ਰੇਡੀਉ ਦਾ ਪਰਵਾਨਤ ਲੋਕ ਗਾਇਕ ਵੀ ਹੈ। ਦਸਵੀਂ ਚੋਂ ਪੜ੍ਹਨੋਂ ਹਟਿਆ ਘੁਗਿਆਣਵੀ ਦੀਆਂ ਲਿਖਤਾਂ ਬਾਰੇ ਦੇਸ਼ ਦੀਆਂ 5 ਯੂਨੀਵਰਸਿਟੀਆਂ ਦੇ 25 ਖੋਜ ਵਿਦਿਆਰਥੀ ਐੱਮ ਫਿੱਲ ਕਰ ਚੁਕੇ ਹਨ। ਸ: ਜਗਦੇਵ ਸਿੰਘ ਜੱਸੋਵਾਲ ਟਰਸਟ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਗਰੇਵਾਲ, ਡਾ: ਨਿਰਮਲ ਜੌੜਾ, ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਇਕਬਾਲ ਸਿੰਘ ਰੁੜਕਾ, ਦਿਲਬਾਗ ਸਿੰਘ ਖਤਰਾਏ ਕਲਾਂ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਗੁਰਭਜਨ ਗਿੱਲ ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਮਨਜਿੰਦਰ ਧਨੋਆ ਡਾ: ਗੁਰਇਕਬਾਲ ਸਿੰਘ ਤੇ ਤਰਲੋਚਨ ਲੋਚੀ ਨੇ ਨਿੰਦਰ ਘੁਗਿਆਣਵੀ ਨੂੰ ਇਸ ਪੁਰਸਕਾਰ ਲਈ ਮੁਬਾਰਕ ਦਿੱਤੀ ਹੈ।