ਸ਼ਾਹ ਚਮਨ ਯਾਦਗਾਰੀ ਪੁਰਸਕਾਰ 2021 ਪਾਕਿਸਤਾਨੀ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਪ੍ਰਦਾਨ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 22 ਮਾਰਚ 2022- ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਪ੍ਰਸਿੱਧ ਪੰਜਾਬੀ ਲੇਖਕ ਦੇ ਪਰਿਵਾਰ ਵੱਲੋਂ ਸਥਾਪਿਤ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਉਨ੍ਹਾਂ ਦੀ ਅਠਵੀਂ ਬਰਸੀ ਮੌਕੇ ਪਾਕਿ ਹੈਰੀਟੇਜ ਹੋਟਲ ਲਾਹੌਰ (ਪਾਕਿਸਤਾਨ) ਦੇ ਹਾਲ ਵਿੱਚ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਸਮੂਹ ਡੈਲੀਗੇਟਸ ਤੇ ਪਾਕਿਸਤਾਨ ਵੱਸਦੇ ਲੇਖਕਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ ਦੀਪਕ ਮਨਮੋਹਨ ਸਿੰਘ ਸਮੇਤ ਪ੍ਰਧਾਨਗੀ ਮੰਡਲ ਵਿੱਚ ਬਾਬਾ ਨਜ਼ਮੀ, ਗੁਰਭਜਨ ਸਿੰਘ ਗਿੱਲ ਦਲਜੀਤ ਸਿੰਘ ਸਰਾਂ, ਸਤੀਸ਼ ਗੁਲਾਟੀ ਅਤੇ ਸੁਲਤਾਨਾ ਬੇਗਮ ਸ਼ਾਮਿਲ ਹੋਏ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਸ਼ਾਹ ਚਮਨ ਜੀ ਬਾਰੇ ਉਨ੍ਹਾਂ ਨਾਲ ਗੁਜ਼ਾਰੇ ਹੋਏ ਪਲਾਂ ਦੀ ਵੇਰਵੇ ਸਹਿਤ ਆਪਣੀ ਨੇੜਤਾ ਤੇ ਸਿਰਜਣਸ਼ੀਲਤਾ ਦਾ ਖੂਬਸੂਰਤ ਸ਼ਬਦਾਂ ਵਿੱਚ ਜ਼ਿਕਰ ਕਰ ਕੇ ਸਭ ਨੂੰ ਭਾਵੁਕਤਾ ਦੇ ਵਹਿਣ ਵਿੱਚ ਪਾਇਆ। ਸ਼ਾਹ ਚਮਨ ਜੀ ਦੇ ਵੱਡੇ ਸਪੁੱਤਰ ਤੇ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ)ਨੇ ਦੱਸਿਆ ਕਿ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਪਿਛਲੇ ਸੱਤ ਸਾਲ ਤੋਂ ਭਾਰਤੀ ਪੰਜਾਬ ਵਿੱਚ ਹਰ ਸਾਲ 50 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਇੱਕ ਸਮਰੱਥ ਲੇਖਕ ਨੂੰ ਦਿੱਤਾ ਜਾਂਦਾ ਹੈ। ਹੁਣ ਤਕ ਇਹ ਪੁਰਸਕਾਰ ਜਸਵੰਤ ਸਿੰਘ ਜਫ਼ਰ (2015) ਗੁਰਮੀਤ ਕੜਿਆਲਵੀ (2016) ਸੁਰਿੰਦਰ ਨੀਰ (2017) ਦੇਸ ਰਾਜ ਕਾਲੀ(2018) ਗੁਰਪ੍ਰੀਤ ਮਾਨਸਾ (2018 )ਜਗਵਿੰਦਰ ਜੋਧਾ (2019) ਅਤੇ ਨੀਤੂ ਅਰੋੜਾ(2020) ਨੂੰ ਦਿੱਤਾ ਜਾ ਚੁੱਕਾ ਹੈ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਦੋਸ਼ਾਲਾ ਭੇਂਟ ਕੀਤਾ ਜਾਂਦਾ ਹੈ।
ਜ਼ਿਲ੍ਹਾ ਸ਼ੇਖੂਪੁਰਾ ਦੇ ਕਸਬਾ ਮੰਡੀ ਢਾਬਾ ਸਿੰਘ(ਸਫ਼ਦਰਾਬਾਦ) ਵੱਸਦੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਵਿੱਤਰੀ
ਤਾਹਿਰ ਸਰਾ ਨੇ ਆਪਣੇ ਜੀਵਨ ਅਤੇ ਆਪਣੀ ਸ਼ਾਇਰੀ ਬਾਰੇ ਵਿਸਥਾਰ ਸਹਿਤ ਗੱਲ ਬਾਤ ਦਾ ਸਿਲਸਲਾ ਅੱਗੇ ਤੋਰਦਿਆਂ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਤੇ ਬੋਲੀਆਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਇਸ ਮੌਕੇ ਤਾਹਿਰਾ ਸਰਾ ਦੀ ਕਾਵਿ ਕਿਤਾਬ ਸ਼ੀਸ਼ਾ ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਗਿਆ।
ਸ਼ਾਹ ਚਮਨ ਯਾਦਗਾਰੀ ਕਵੀ ਦਰਬਾਰ ਵਿੱਚ ਹਿੰਦ ਪਾਕਿ ਦੇ ਚੋਣਵੇਂ ਕਵੀਆਂ ਬਾਬਾ ਨਜਮੀ,ਗੁਰਤੇਜ ਕੁਹਾਰਵਾਲਾ,ਤਰਸਪਾਲ ਕੌਰ,ਸਤੀਸ਼ ਗੁਲਾਟੀ, ਸੁਲਤਾਨਾ ਬੇਗ਼ਮ, ਹਰਵਿੰਦਰ ਚੰਡੀਗੜ੍ਹ,ਸਹਿਜਪ੍ਰੀਤ ਸਿੰਘ ਮਾਂਗਟ. ਤ੍ਰਲੋਕਬੀਰ ਅਮਰੀਕਾ,ਦਰਸ਼ਨ ਬੁਲੰਦਵੀ ਤੇ ਅਜ਼ੀਮ ਸ਼ੇਖਰ ਯੂ ਕੇ, ਅਮਨਦੀਪ ਫੱਲੜ੍ਹ ਨੇ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਨਾਵਲਕਾਰ ਹਰਜੀਤ ਸਿੰਘ ਸੋਹੀ ਪਟਿਆਲਾ,ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਨਰਵਿੰਦਰ ਸਿੰਘ ਕੌਸ਼ਲ, ਅਮਰਪਾਲ ਸਿੰਘ ਰੰਧਾਵਾ ਐਡਵੋਕੇਟ ਅੰਮ੍ਰਿਤਸਰ,ਜਸਦੇਵ ਸਿੰਘ ਸੇਖੋਂ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ,ਜਸਵਿੰਦਰ ਕੌਰ ਗਿੱਲ, ਜਸਵਿੰਦਰ ਕੌਰ ਮਾਂਗਟ,ਵੱਕਾਸ ਹੈਦਰ, ਅੱਯਾਜ ਸ਼ੇਖ਼ ਤੇ ਅਮਨਦੀਪ ਕੌਰ ਸੇਖੋਂ ਨੇ ਵੀ ਤਾਹਿਰਾ ਸਰਾ ਨੂੰ ਮੁਬਾਰਕ ਦਿੱਤੀ।
ਡਾ ਦੀਪਕ ਮਨਮੋਹਨ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਸ਼ਾਹ ਚਮਨ ਜੀ ਨਾਲ ਗੁਜ਼ਾਰੇ ਪਲਾਂ ਦਾ ਆਪਣੇ ਖਾਸ ਅੰਦਾਜ਼ ਵਿੱਚ ਜਿਕਰ ਕੀਤਾ। ਉਨ੍ਹਾਂ ਸ਼ਾਹ ਚਮਨ ਦੇ ਸਪੁੱਤਰਾਂ ਸਤੀਸ਼ ਗੁਲਾਟੀ ਅਤੇ ਪਵਨ ਗੁਲਾਟੀ ਵੱਲੋਂ ਸਥਾਪਿਤ ਕੀਤੇ ਪੁਰਸਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਕਿਸਤਾਨ ਵੱਸਦੀ ਪ੍ਰਮੁੱਖ ਪੰਜਾਬੀ ਕਵਿੱਤਰੀ ਤਾਹਿਰਾ ਸਰਾ ਨੂੰ ਸ਼ਾਹ ਚਮਨ ਪੁਰਸਕਾਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਾਹਿਰਾ ਸਰਾ, ਬਾਬਾ ਨਜਮੀ, ਬੁਸ਼ਰਾ ਨਾਜ਼, ਅਫ਼ਜ਼ਲ ਸਾਹਿਰ, ਸਾਬਰ ਅਲੀ ਸਾਬਰ ਤੇ ਅੰਜੁਮ ਸਲੀਮੀ ਪਾਕਿਸਤਾਨ ਚ ਲਿਖੀ ਜਾ ਰਹੀ ਕਵਿਤਾ ਦੇ ਸਮਰੱਥ ਚਿਹਰੇ ਹਨ। ਵਧੀਆ ਗੱਲ ਇਹ ਹੈ ਕਿ ਸ਼ਾਹ ਚਮਨ ਯਾਦਗਾਰੀ ਕਮੇਟੀ ਨੇ ਇਸ ਵਾਰ ਭਾਰਤ ਤੋਂ ਬਾਹਰ ਕਿਸੇ ਚੰਗੇ ਲੇਖਕ ਦੀ ਚੋਣ ਕਰਕੇ ਉਸ ਦੇ ਵਤਨ ਜਾ ਕੇ ਸਨਮਾਨ ਦਿੱਤਾ ਹੈ। ਉਨ੍ਹਾਂ ਸ਼ਾਹ ਤਨ। ਜੀ ਦੇ ਸਪੁੱਤਰਾਂ ਸਤੀਸ਼ ਤੇ ਪਵਨ ਗੁਲਾਟੀ ਨੂੰ ਇਸ ਨੇਕ ਕਾਰਜ ਲਈ ਸਲਾਹਿਆ।