ਲੁਧਿਆਣਾ, 13 ਦਸੰਬਰ 2020 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਵਿਸ਼ੇਸ਼ ਇਕੱਤਰਤਾ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਜਿਹੜੀਆਂ ਚੋਣਾਂ 05 ਅਪ੍ਰੈਲ 2020 ਨੂੰ ਹੋਣੀਆਂ ਸਨ ਪਰ ਕਰੋਨਾ ਮਹਾਂਮਾਰੀ ਕਰਕੇ ਮੁਲਤਵੀ ਹੋ ਗਈਆਂ ਸਨ ਉਹ ਚੋਣਾਂ 31 ਜਨਵਰੀ, 2021, ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ।
ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਨੇ ਦਸਿਆ ਕਿ 15 ਜਨਵਰੀ ਨੂੰ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ ਅਤੇ 20 ਜਨਵਰੀ, 2021 ਨੂੰ ਸ਼ਾਮ 4 ਵਜੇ ਤੱਕ ਜਿਹੜੇ ਮੈਂਬਰ ਚੋਣਾਂ ਵਿਚ ਭਾਗ ਲੈਣਾ ਚਾਹੁੰਦੇ ਹਨ ਆਪਣੀਆਂ ਨਾਮਜ਼ਦਗੀਆਂ ਭੇਜ ਸਕਦੇ ਹਨ। 21 ਜਨਵਰੀ ਨੂੰ ਕਾਗ਼ਜ਼ਾਂ ਦੀ ਪੜਤਾਲ ਕਰਕੇ ਸ਼ਾਮ 2 ਵਜੇ ਮੁੱਢਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। 24 ਜਨਵਰੀ ਨੂੰ ਸ਼ਾਮ 4 ਵਜੇ ਤੱਕ ਨਾਮ ਵਾਪਸੀ ਅਤੇ 5 ਵਜੇ ਅੰਤ੍ਰਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਪ੍ਰਬੰਧਕੀ ਬੋਰਡ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਮਸਲਿਆਂ ਦਾ ਜਲਦੀ ਤੇ ਸਾਰਥਿਕ ਹੱਲ ਕਰੇ।