ਅੰਮ੍ਰਿਤਸਰ, 2 ਫ਼ਰਵਰੀ 2018 :
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਅੱਜ ਲੇਖਕ ਦਵਿੰਦਰ ਸਿੰਘ ਗਿੱਲ ਵਡਾਲਵੀਂ ਦੁਆਰਾ ਲਿਖ਼ਤ ਪੁਸਤਕ 'ਮਜੀਠੀਆ (ਬੰਸਾਵਲੀ) ਘਰਾਣੇ ਦਾ ਇਤਿਹਾਸ' ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹੋਰ ਸਖਸ਼ੀਅਤਾਂ ਵੀ ਮੌਜ਼ੂਦ ਸਨ।
ਇਸ ਮੌਕੇ ਸ: ਮਜੀਠੀਆ ਨੇ ਲੇਖਕ ਸ: ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਜੀਠੀਆ ਘਰਾਣੇ ਸਬੰਧੀ ਜਾਣਕਾਰੀ ਇਸ ਪੁਸਤਕ ਰਾਹੀਂ ਜਗ ਜਾਹਿਰ ਕੀਤੀ ਗਈ ਹੈ, 'ਚ ਸ: ਸੁੰਦਰ ਸਿੰਘ ਮਜੀਠੀਆ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਤੇ 17 ਨਵੰਬਰ 1904 ਤੋਂ ਲੈ ਕੇ 2 ਅਪ੍ਰੈਲ 1941 ਨੂੰ ਆਪਣੇ ਹੋਏ ਦਿਹਾਂਤ ਤੱਕ ਜ਼ਿਕਰ ਹੈ। ਇਸੇ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਬਤੌਰ ਸਕੱਤਰ ਤੇ ਬਤੌਰ ਪ੍ਰਧਾਨ ਕੀਤੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਹੈ, ਇਸ ਤੋਂ ਇਲਾਵਾ ਸੈਂਟਰਲ ਯਤੀਮਖ਼ਾਨਾ ਖੋਲ੍ਹਣਾ, ਨੇਤਰਹੀਣ ਸੂਰਮਾ ਸਿੰਘ ਆਸ਼ਰਮ ਬਣਾਉਣਾ ਉਨ੍ਹਾਂ ਦੀਆਂ ਵਿਸ਼ੇਸ਼ ਉਪਲਬੱਧੀਆਂ 'ਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੁਸਤਕ 'ਚ ਸਰਦਾਰ ਸੁਰਜੀਤ ਸਿੰਘ ਮਜੀਠੀਆ ਵੱਲੋਂ ਬਤੌਰ ਰਾਜਦੂਤ ਨਿਪਾਲ ਤੇ ਉਪ ਰੱਖਿਆ ਮੰਤਰੀ ਭਾਰਤ ਸਰਕਾਰ ਦੇ ਨਿਭਾਏ ਵਿਸ਼ੇਸ਼ ਕਾਰਜਾਂ ਦਾ ਜ਼ਿਕਰ ਵੀ ਦਰਜ ਕੀਤਾ ਗਿਆ ਹੈ।
ਇਸ ਮੌਕੇ ਸ: ਛੀਨਾ ਨੇ ਪੁਸਤਕ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਗ 1 'ਚ 'ਸਰਦਾਰ ਇੱਜਤ ਸਿੰਘ ਮਜੀਠੀਆ 'ਘਰਾਣਾ', ਜਿਸ 'ਚ ਨਿਧੱੜਕ ਜਰਨੈਲ ਰਾਜਾ ਸੂਰਤ ਸਿੰਘ ਮਜੀਠੀਆ ਹੋਏ ਜੋ 13 ਜਨਵਰੀ 1849 ਚਿਲੀਆਂ ਵਾਲੇ ਦਾ ਜਗਤ ਪ੍ਰਸਿੱਧ ਯੁੱਧ ਜਾਬਾਜ਼ ਹੀਰੋ ਸਨ, ਜਿਨ੍ਹਾਂ ਦਾ ਮਹਾਰਾਣੀ ਜਿੰਦ ਕੌਰ ਨੂੰ ਚਿਨਾਰ ਦੇ ਕਿਲੇ 'ਚੋਂ ਅਜ਼ਾਦ ਕਰਵਾਉਣ 'ਚ ਖ਼ਾਸ ਰੋਲ ਰਿਹਾ ਬਾਰੇ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਗ 2 'ਸਰਦਾਰ ਨੌਧ ਸਿੰਘ ਮਜੀਠੀਆ 'ਘਰਾਣਾ' ਅਤੇ ਭਾਗ 3 'ਚ 'ਸਰਦਾਰ ਮਾਹਣਾ ਸਿੰਘ ਮਜੀਠੀਆ 'ਘਰਾਣਾ' ਦਰਜ ਕੀਤਾ ਗਿਆ ਹੈ।
ਇਸ ਮੌਕੇ ਲੇਖਕ ਸ: ਗਿੱਲ ਨੇ ਸ: ਮਜੀਠੀਆ ਅਤੇ ਸ: ਛੀਨਾ ਵੱਲੋਂ ਦਿੱਤੇ ਭਰਪੂਰ ਸਹਿਯੋਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮਾਣਮੱਤੇ ਘਰਾਣੇ ਦੇ ਇਤਿਹਾਸ ਨੂੰ ਪੂਰਨ ਕਰਨ ਦੇ ਕੀਤੇ ਗਏ ਨਿਮਾਣੇ ਜਿਹੇ ਹੀਲੇ ਲਈ ਉਨ੍ਹਾਂ ਨੂੰ ਸਮੇਂ ਦੇ ਕਈ ਮਿਹਨਤਕਸ਼ ਪੜ੍ਹਾਵਾਂ 'ਚ ਗੁਜਰਣਾ ਪਿਆ ਅਤੇ ਅੱਜ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਪੁਸਤਕ ਨੂੰ ਪੂਰਾ ਕਰਨ 'ਚ ਸਫ਼ਲ ਹੋਏ ਹਨ।
ਇਸ ਮੌਕੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਲੇਖਕ ਸ: ਗਿੱਲ ਦੁਆਰਾ ਲਿਖ਼ਤ ਪੁਸਤਕ ਬਾਰੇ ਕਿਹਾ ਕਿ ਇਸ 'ਚ ਇਕ ਖ਼ਾਸ ਗੱਲ ਹੈ ਕਿ ਇਸ 'ਚ ਸੰਨ 1937 ਸਰਦਾਰ ਸੁੰਦਰ ਸਿੰਘ ਮਜੀਠੀਆ ਜਦ ਸਾਂਝੇ ਪੰਜਾਬ 'ਚ ਬਣੀ ਪਹਿਲੀ ਅਸੈਬਲੀ ਸਰਕਾਰ 'ਚ ਪਹਿਲੇ ਸਿੱਖ ਰੈਵੀਨਿਊ ਮੰਤਰੀ ਬਣੇ ਤਾਂ ਉਨ੍ਹਾਂ ਖ਼ੁਦ ਮਜੀਠੇ ਦੇ ਕੁਝ ਪਰਿਵਾਰ ਜਿਨ੍ਹਾਂ ਦੀ ਬੰਸਾਵਲੀ ਦਾ ਸਬੰਧ ਦਿਆਲ ਸਿੰਘ ਮਜੀਠੀਆ ਤੋਂ 5 ਪੀੜ੍ਹੀਆਂ ਪਿੱਛੇ ਜਾ ਕੇ ਇਸ ਘਰਾਣੇ ਨਾਲ ਜਾ ਜੁੜਦਾ ਸੀ, ਉਨ੍ਹਾਂ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਲਵਾਰਜ਼ ਜਾਇਦਾਦ ਜੋ ਕਰੀਬ 9000 ਹਜ਼ਾਰ ਏਕੜ ਸੀ, ਦਾ ਕੇਸ ਖੁਦ ਅਦਾਲਤ 'ਚ ਪਵਾਇਆ ਤੇ ਇਨ੍ਹਾਂ ਪਰਿਵਾਰਾਂ ਦੇ ਹੱਕ 'ਚ ਗਵਾਹੀ ਦਿੱਤੀ, ਜਿਸ ਦਾ ਫ਼ੈਸਲਾ ਸੰਨ 1938 ਨੂੰ ਇਨ੍ਹਾਂ ਪਰਿਵਾਰਾਂ ਦੇ ਹੱਕ 'ਚ ਆਇਆ ਤਾਂ ਹੀ ਇਹ ਪਰਿਵਾਰ ਇਸ ਵਿਸ਼ਾਲ ਜ਼ਮੀਨ ਦੇ ਮਾਲਕ ਬਣੇ। ਜਿਨ੍ਹਾਂ ਦੀ ਦਰਿਆਦਿਲੀ ਦਾ ਦੇਣਾ ਮਜੀਠੇ ਵਾਲੇ ਕਦੇ ਨਹੀਂ ਦੇ ਸਕਦੇ।