ਗੁਰਭਜਨ ਗਿੱਲ
ਲੁਧਿਆਣਾ, 20 ਦਸੰਬਰ 2018 - ਹੀਰਾ ਸਿੰਘ ਰੰਧਾਵਾ ਤੇ ਬਲਜੀਤ ਰੰਧਾਵਾ ਮੇਰੇ ਗਿਰਾਈਂ ਹਨ।
ਮੇਰਾ ਪਿੰਡ ਬਸੰਤਕੋਟ ਹੈ ਤੇ ਉਹਦਾ ਸ਼ਾਹਪੁਰ ਜਾਜਨ। ਅਮਰਜੀਤ ਗੁਰਦਾਸਪੁਰੀ ਦੇ ਪਿੰਡ ਉੱਦੋਵਾਲੀ ਨਾਲ ਲੱਗਦੀ ਜੂਹ।
ਹੀਰਾ ਸਿੰਘ ਰੰਧਾਵਾ ਸ: ਗੁਰਸ਼ਰਨ ਸਿੰਘ ਨਾਟਕਕਾਰ ਦੀ ਨਾਟਕ ਟੀਮ ਦਾ ਪਰਪੱਕ ਕਲਾਕਾਰ ਸੀ ਅੰਬਰਸਰ ਰਹਿੰਦਿਆਂ। ਹਰਦੀਪ ਗਿੱਲ ਦਾ ਸਾਥੀ ਵੀ ਤੇ ਸਮਕਾਲੀ ਵੀ।
ਦੋਵੇਂ ਮੈਨੂੰ ਪਹਿਲੀ ਵੀਰ 1993 ਚ ਲੁਧਿਆਣੇ ਮਿਲੇ। ਵੰਝਲੀ ਦੀ ਤਾਨ ਪ੍ਰੋਗ੍ਰਾਮ ਚ ਪੇਸ਼ਕਾਰੀ ਕੀਤੀ ਉਨ੍ਹਾਂ ਭੰਡ ਨਕਲਾਂ ਦੀ। ਸੁਜਿੰਦ ਕਲਾਕਾਰੀ ਮੂੰਹੋਂ ਬੋਲਦੀ ਸੀ।
ਅੱਜਕੱਲ੍ਹ ਹੀਰਾ ਸਿੰਘ ਰੰਧਾਵਾ ਟੋਰੰਟੋ ਵੱਸਦਾ ਹੈ ਕੈਨੇਡਾ ਚ। ਪਿਛਲੇ 15 ਸਾਲ ਤੋਂ ਉਥੇ ਸਰਗਰਮ ਥੀਏਟਰ ਤੇ ਪੱਤਰਕਾਰੀ ਕਰ ਰਿਹਾ ਹੈ।
ਅੱਜ ਸਾਨੂੰ ਮਿਲਣ ਆਇਆ , ਡਾ: ਗੁਲਜ਼ਾਰ ਪੰਧੇਰ, ਕਰਮਜੀਤ ਗਰੇਵਾਲ ਤੇ ਰਾਮ ਕੁਮਾਰ ਦੇ ਨਾਲ।
ਦਿਲ ਦੀਆਂ ਬਾਤਾਂ ਹੋਈਆਂ।
ਦੇਸ਼ ਤੇ ਵਿਦੇਸ਼ ਦੀਆਂ।
ਉਸ ਦੀ ਜੀਵਨ ਸਾਥਣ ਬਲਜੀਤ ਕੌਰ ਰੰਧਾਵਾ ਨੇ ਵਾਰਤਕ ਕਿਤਾਬ ਲਿਖੀ ਹੈ, ਜਿਸ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ। ਕੈਨੇਡਾ ਵਿੱਚ ਰਹਿੰਦੇ ਪਰਵਾਸੀਆਂ ਦੇ ਅੰਦਰਲੇ ਸੱਚ ਦੀ ਬਾਤ ਪਾਉਂਦੀ ਕਿਤਾਬ।
ਗੁਲਜ਼ਾਰ ਨੇ ਦੱਸਿਆ ਕਿ
ਬਲਜੀਤ ਕੌਰ ਰੰਧਾਵਾ ਦੀ ਪੁਸਤਕ 'ਲੇਖ ਨਹੀਂ ਜਾਣੇ ਨਾਲ'
ਉੱਤੇ ਵਿਚਾਰ ਵਟਾਂਦਰਾ ਕਰਨ ਲਈ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਵਿਸ਼ੇਸ਼ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿੱਚ 23 ਦਸੰਬਰ 2018, ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:30 ਵਜੇ ਰੱਖਿਆ ਗਿਆ ਹੈ।
ਟੋਰਾਂਟੋ ਅਧਾਰਿਤ ਸੰਸਥਾ
ਹੈਟਸ-ਅੱਪ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਵਿੱਚ ਜਿਥੇ ਕੁਝ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਪਰਚੇ ਪੜੇ ਜਾਣਗੇ ਉਥੇ ਗੰਭੀਰ ਵਿਚਾਰਾਂ ਵੀ ਕੀਤੀਆਂ ਜਾਣਗੀਆਂ। ਸਭ ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਗਈ।
ਸਮਾਗਮ ਵਿੱਚ ਪੁੱਜਣ ਵਾਲੇ ਅਦੀਬਾਂ ਨੂੰ ਸ਼ਬਦ ਸਾਂਝ ਵਜੋਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਉਕਤ ਪੁਸਤਕ ਦੀ ਕਾਪੀ ਭੇਂਟ ਕੀਤੀ ਜਾਵੇਗੀ। ਸਮਾਗਮ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਡਾ ਗੁਲਜ਼ਾਰ ਪੰਧੇਰ ਨਾਲ 9464762825 ਜਾਂ
ਸ: ਹੀਰਾ ਸਿੰਘ ਰੰਧਾਵਾ ਨਾਲ 7347380380 ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।