ਚੰਡੀਗੜ੍ਹ, 18 ਦਸੰਬਰ 2018 - ਸ਼ਬਦ ਫ਼ਾਊਂਡੇਸ਼ਨ ਅੰਮ੍ਰਿਤਸਰ ਵੱਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਮੈਰੀਟਸ ਤੇ ਸੈਂਟਰ ਫਾਰ ਇਮੀਗਰੈਂਟ ਸਟੱਡੀਜ਼ ਦੇ ਸਾਬਕਾ ਮੁਖੀ ਡਾ. ਹਰਚੰਦ ਸਿੰਘ ਬੇਦੀ ਵੱਲੋਂ, ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼ਾਂ ਦਾ 10 ਜਿਲਦਾਂ ਵਿਚ ਸੈੱਟ ਤਿਆਰ ਕੀਤੇ ਜਾਣ ਦੇ ਸੰਬੰਧ ਵਿਚ ਗੁਰੂ ਨਾਨਕ ਹਾਲ ਵਿਖੇ 9 ਦਸੰਬਰ ਨੂੰ ਕਰਵਾਏ ਗਏ ਇਕ ਵਿਸ਼ੇਸ਼ ਰਿਲੀਜ਼ ਸਮਾਗਮ ਵਿਚ, ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਡਾ. ਹਰਮਿੰਦਰ ਸਿੰਘ ਬੇਦੀ ਨੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ, ਮੂਲ ਪੰਜਾਬੀ ਸਾਹਿਤ ਸਿਰਜਣਾ ਦੀ ਇਕ ਮਹੱਤਵਪੂਰਨ ਰਚਨਾਤਮਕ ਧਾਰਾ ਵਜੋਂ ਸਥਾਪਿਤ ਹੋ ਚੁੱਕੀ ਹੈ। ਇਸ ਧਾਰਾ ਨੇ ਜਿਥੇ ਪੰਜਾਬੀ ਸਾਹਿਤ ਦੀ ਮੂਲਧਾਰਾ ਦੀ ਸੰਵੇਦਨਾ ਨੂੰ ਨਵੇਂ ਪ੍ਰਤਿਮਾਨਾਂ, ਨਵੇਂ ਮਸਲਿਆਂ ਤੇ ਸਰੋਕਾਰਾਂ ਨਾਲ ਜੋੜਿਆ ਹੈ; ਉਥੇ ਨਵੇਂ ਸਮੱਸਿਆਕਾਰ ਨਾਲ ਵੀ ਪ੍ਰੀਚਿਤ ਕਰਵਾਇਆ ਹੈ। ਪਰਵਾਸੀ ਪੰਜਾਬੀ ਸਾਹਿਤ ਨੂੰ ਇਕ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਲਈ ਮੂਲ ਸਮੱਗਰੀ, ਪਾਠ-ਕ੍ਰਮ ਸਮੱਗਰੀ, ਆਲੋਚਨਾਤਮਕ ਸਮੱਗਰੀ, ਖੋਜ ਸਮੱਗਰੀ ਤੇ ਸਹਾਇਕ ਸਮੱਗਰੀ ਲਿਖਣ, ਤਿਆਰ ਕਰਨ, ਖੋਜ ਕਰਨ ਤੇ ਕਰਵਾਉਣ ਦਾ ਜਿੰਨਾ ਕੰਮ ਡਾ. ਹਰਚੰਦ ਸਿੰਘ ਬੇਦੀ ਨੇ ਇਕੱਲਿਆਂ ਹੀ ਕੀਤਾ ਹੈ, ਅਜਿਹੀ ਅਖੰਡ ਸਾਧਨਾ ਦੀ ਮਿਸਾਲ ਲੱਭਣੀ ਔਖੀ ਹੈ। ਮੈਂ ਉਨ੍ਹਾਂ ਦੀ ਇਸ ਲੰਬੀ ਸਾਧਨਾ ਨੂੰ ਭਰਪੂਰ ਪ੍ਰਸ਼ੰਸਾ ਦੀ ਨਜ਼ਰ ਨਾਲ ਦੇਖਦਾ ਹਾਂ। ਕਿਉਂਕਿ ਪੰਜਾਬੀ ਕੋਸ਼ਕਾਰੀ ਵਿਚ ਕੰਮ ਬਹੁਤ ਘਟ ਹੋਇਆ ਹੈ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਉਨ੍ਹਾਂ ਦੇ ਇਸ ਕੰਮ ਨੂੰ ਸੁਨਹਿਰੀ ਅੱਖਰਾਂ 'ਚ ਅੰਕਿਤ ਕਰੇਗੀ। ਅੰਤ ਵਿਚ ਡਾ. ਹਰਚੰਦ ਸਿੰਘ ਬੇਦੀ ਨੇ ਬੜੇ ਭਾਵੁਕ ਤੇ ਕਾਵਿਕ ਅੰਦਾਜ਼ ਵਿਚ ਨਿਮਰਤਾ ਸਹਿਤ ਧੰਨਵਾਦ ਕਰਦਿਆਂ ਸਾਰੇ ਹਾਜ਼ਰ ਵਿਦਵਾਨਾਂ ਪ੍ਰਤੀ ਕ੍ਰਿਤਿਗਤਾ ਦਾ ਪ੍ਰਗਟਾਵਾ ਕੀਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ ਨੂੰ ਇਕ ਉਚੇਰੇ ਅਕਾਦਮਿਕ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਲਈ ਡਾ. ਹਰਚੰਦ ਸਿੰਘ ਬੇਦੀ ਦੀ ਭੂਮਿਕਾ ਬੇਮਿਸਾਲ ਹੈੈ। ਉਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਅਧਿਐਨ, ਅਧਿਆਪਨ ਅਤੇ ਖੋਜ ਸੰਬੰਧੀ 10 ਸੰਦਰਭ ਕੋਸ਼ਾਂ ਦੀ ਤਿਆਰੀ ਕਰਕੇ ਬੜਾ ਪ੍ਰਮਾਣਿਕ ਅਤੇ ਟਕਸਾਲੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਪਰਵਾਸੀ ਪੰਜਾਬੀ ਸਾਹਿਤ ਬਾਰੇ ਉਨ੍ਹਾਂ ਦੀਆਂ ਪੰਜ ਦਰਜਨ ਪੁਸਤਕਾਂ ਅਤੇ 72 ਖੋਜ ਪੱਤਰ ਉਨ੍ਹਾਂ ਦੀ ਪਿਛਲੇ 30 ਸਾਲਾਂ ਤੋਂ ਵਧੀਕ ਸਮੇਂ ਦੀ ਨਿਰੰਤਰ ਮਿਹਨਤ, ਲਗਨ, ਸਿਰੜ ਤੇ ਤਹੱਮਲ ਦੀ ਪੁਖਤਾ ਗਵਾਹੀ ਹੈ। ਪੰਜਾਬੀ ਵਿਚ ਪਰਵਾਸੀ ਸਾਹਿਤ ਬਾਰੇ ਏਨਾ ਮੁਲਵਾਨ ਖੋਜ ਕਾਰਜ ਕਿਸੇ ਹੋਰ ਵਿਦਵਾਨ ਨੇ ਨਹੀਂ ਕੀਤਾ। ਉਨ੍ਹਾਂ ਦੀ ਅਧਿਐਨ ਦ੍ਰਿਸ਼ਟੀ ਸਾਹਿਤ ਦੇ ਨਿਕਟ ਪਾਠ-ਮੂਲਕ ਅਧਿਐਨ ਤੋਂ ਸ਼ੁਰੂ ਹੋ ਕੇ ਗਲੋਬਲ, ਸਮਾਜ-ਸ਼ਾਸਤਰੀ ਅਤੇ ਦਰਸ਼ਨ ਸ਼ਾਸਤਰੀ ਚਿੰਤਨ ਅਤੇ ਸੰਵਾਦ ਨੂੰ ਮੁਖਾਤਿਬ ਰਹਿੰਦੀ ਹੈ।
ਸਮੁੱਚੇ ਸਾਹਿਤ ਪ੍ਰੇਮੀਆਂ ਨੂੰ ਡਾ. ਹਰਚੰਦ ਸਿੰਘ ਬੇਦੀ ਦੀ ਇਸ ਸੰਪੂਰਨ ਨਿਸ਼ਠਾ, ਬੌਧਿਕ ਈਮਾਨਦਾਰੀ ਅਤੇ ਅਣਥੱਕ ਮਿਹਨਤ ਉੱਤੇ ਵੱਡਾ ਮਾਣ ਹੈ। ਇਸ ਕੋਸ਼ ਵਿਚ ਉਸ ਨੇ ਪਰਵਾਸੀ ਕਾਵਿ ਦੇ ਲਗਾਤਾਰ ਵਸੀਹ ਹੋ ਰਹੇ ਬਹੁ-ਸਭਿਆਚਾਰੀ ਮਹਾਂਦ੍ਰਿਸ਼ ਨੂੰ, ਵੱਡੀ ਸਮਰੱਥਾ ਅਤੇ ਪੜਚੋਲਵੀਂ ਦ੍ਰਿਸ਼ਟੀ ਨਾਲ ਸੂਤਰਬੱਧ ਕੀਤਾ ਹੈ। ਏਨੇ ਵਿਕੋਲਿਤਰੇ ਕਾਵਿ ਪਾਠ ਵਿਚੋਂ ਨਿਠ ਕੇ ਗੁਜ਼ਰਨਾ ਹੀ ਆਪਣੇ ਆਪ ਵਿਚ ਵੱਡੇ ਉੱਦਮ ਅਤੇ ਸਬਰ ਸੰਤੋਖ ਵਾਲਾ ਕਾਰਜ ਹੈ ਪਰ ਜਿਸ ਸੁਨਿਸ਼ਚਿਤ ਅਤੇ ਪ੍ਰਮਾਣਿਕ ਕੋਸ਼ਕਾਰੀ ਅਨੁਸ਼ਾਸਨ ਨੂੰ ਨਿਭਾਉਂਦਿਆਂ ਹੋਇਆਂ, ਡਾ. ਬੇਦੀ ਨੇ ਪਰਵਾਸੀ ਕਾਵਿ-ਪਾਠ ਅਤੇ ਇਸ ਦੀ ਇਤਿਹਾਸਕਾਰੀ ਨੂੰ ਕ੍ਰਮਬੱਧ ਅਤੇ ਵਿਧੀਵਤ ਰੂਪ ਦੇ ਕੇ, ਨਵੀਆਂ ਮੌਲਿਕ ਦ੍ਰਿਸ਼ਟੀਆਂ ਉਸਾਰੀਆਂ ਹਨ, ਇਹ ਇਸ ਕੋਸ਼ ਦੀ ਸਦੀਵੀ ਮੁੱਲਵਾਨ ਯੋਗਦਾਨ ਦੀ ਗਵਾਹੀ ਬਣੇਗਾ। ਇਸ ਬੌਧਿਕ ਤੇ ਸਾਹਿਤਕ ਉੱਦਮ ਦੀ ਮੁਕਤ ਮਨ ਨਾਲ ਪ੍ਰਸ਼ੰਸਾ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਕੋਸ਼ ਪੰਜਾਬੀ ਖੋਜੀਆਂ ਅਤੇ ਸੰਜੀਦਾ ਪਾਠਕਾਂ ਲਈ ਮੂਲ ਸਮੱਗਰੀ ਵਜੋਂ ਰਾਹ ਦਸੇਰਾ ਬਣੇਗਾ। ਨਿਰਸੰਦੇਹ ਇਸ ਨਾਲ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਮਾਣਯੋਗ ਤੇ ਨਿੱਗਰ ਵਾਧਾ ਹੋਇਆ ਹੈ।
ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਸਾਬਕਾ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਨੇ ਇਨ੍ਹਾਂ ਕੋਸ਼ਾਂ ਬਾਰੇ ਕਿਹਾ ਕਿ ਡਾ. ਬੇਦੀ ਨੇ ਪਰਵਾਸੀ ਪੰਜਾਬੀ ਸਾਹਿਤ ਨੂੰ ਇੱਕ ਠੋਸ ਜ਼ਮੀਨ ਪ੍ਰਦਾਨ ਕਰਨ ਲਈ ਬੜਾ ਸਿੱਕੇਬੰਦ, ਯਾਦਗਾਰੀ ਤੇ ਮੁਸਤਨਦ ਕੰਮ ਕੀਤਾ ਹੈ ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਓਨੀ ਥੋੜ੍ਹੀ ਹੈ। ਪਰਵਾਸੀ ਪੰਜਾਬੀ ਸਾਹਿਤ ਬਾਰੇ ਦਸ ਕੋਸ਼ ਤਿਆਰ ਕਰਨੇ ਆਪਣੇ ਆਪ ਵਿਚ ਲੰਮੀ ਸਾਧਨਾ ਤੇ ਸਿਰੜ ਦਾ ਹੀ ਪ੍ਰਦਰਸ਼ਨ ਹੈ। ਉਨ੍ਹਾਂ ਨੇ ਪਰਵਾਸੀ ਸਾਹਿਤ ਨੂੰ ਲੋੜੀਂਦੀ ਸਮੱਗਰੀ ਦੀ ਠੋਸ ਜ਼ਮੀਨ ਹੀ ਪ੍ਰਦਾਨ ਨਹੀਂ ਕੀਤੀ ਸਗੋਂ ਅਧਿਐਨ, ਅਧਿਆਪਨ ਤੇ ਖੋਜ ਲਈ ਬਹੁਤ ਸਾਰੀ ਬੁਨਿਆਦੀ ਸਮੱਗਰੀ ਦਾ ਵੀ ਇਕੱਤਰੀਕਰਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਪੰਜ ਦਰਜਨ ਦੇ ਕਰੀਬ ਪੁਸਤਕਾਂ ਦੀ ਪ੍ਰਕਾਸ਼ਨਾ ਕੀਤੀ ਗਈ ਹੈ ਤੇ ਅੱਧੀਆਂ ਤੋਂ ਵੱਧ ਪਰਵਾਸੀ ਸਾਹਿਤ ਨਾਲ ਹੀ ਸੰਬੰਧਿਤ ਹਨ। ਇਨ੍ਹਾਂ ਕੋਸ਼ਾਂ ਦੇ ਆਰੰਭ ਵਿਚ ਦਿੱਤੀਆਂ ਗਈਆਂ ਲੰਮੀਆਂ ਭੂਮਿਕਾਵਾਂ ਨੇ ਪਰਵਾਸੀ ਸਾਹਿਤ ਬਾਰੇ ਇੱਕ ਅਜਿਹਾ ਨਕਸ਼ਾ ਤਿਆਰ ਕਰ ਦਿੱਤਾ ਹੈ ਜਿੱਥੋਂ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਤੇ ਗਿਆਨ ਪ੍ਰਾਪਤ ਕਰ ਸਕਦੇ ਹਾਂ। ਇਨ੍ਹਾਂ ਕੋਸ਼ਾਂ ਵਿਚ, ਉਨ੍ਹਾਂ ਨੇ ਪਰਵਾਸੀ ਸਾਹਿਤ ਦੇ ਇਤਿਹਾਸਕ, ਰਾਜਨੀਤਕ, ਆਰਥਿਕ, ਮਨੋ-ਵਿਗਿਆਨਕ ਤੇ ਸਮਾਜ ਸਭਿਆਚਾਰਕ ਪ੍ਰਸੰਗ ਨੂੰ ਉਚੇਚੇ ਤੌਰ 'ਤੇ ਵਿਚਾਰ ਅਧੀਨ ਲਿਆਂਦਾ ਹੈ ਤੇ ਪਰਵਾਸੀ ਸਾਹਿਤ ਦੇ ਚਰਿੱਤਰ ਨੂੰ ਡੀ-ਕੋਡ ਕਰਨ ਲਈ ਆਪਣੀ ਸਮਰੱਥਾ ਦਾ ਭਰਪੂਰ ਪ੍ਰਦਰਸ਼ਨ ਵੀ ਕੀਤਾ ਹੈ।
ਗੁਰੂ ਅੰਗਦ ਦੇਵ ਕਾਲਜ ਖਡੂਰ ਸਹਿਬ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਏਡੀ ਮਿਹਨਤ ਲਗਨ ਤੇ ਨਿਸ਼ਠਾ ਨਾਲ ਡਾ. ਬੇਦੀ ਹੀ ਇਹ ਕਾਰਜ ਕਰ ਸਕਦੇ ਸਨ। ਪਰਵਾਸੀ ਪੰਜਾਬੀ ਸਾਹਿਤ ਦੀ ਪਛਾਣ ਬਨਾਉਣ ਲਈ, ਇਸ ਦੀ ਹੋਂਦ-ਵਿਧੀ ਨਾਲ ਜੁੜੇ ਪ੍ਰਸ਼ਨਾਂ ਦੇ ਸਰਲੀਕਰਨ ਲਈ, ਇਸ ਦੇ ਅਧਿਐਨ, ਵਿਸ਼ਲੇਸ਼ਣ ਤੇ ਮੁਲਾਂਕਣ ਲਈ, ਪਰਵਾਸੀ ਦੀ ਮੂਲ ਸਭਿਆਚਾਰਕ ਤੇ ਪਾਰ ਸਭਿਆਚਾਰਕ ਗਰੈਮਰ ਨੂੰ ਸਮਝਣ ਲਈ, ਇਹ ਕੋਸ਼ ਬੜੀ ਸਾਰਥਿਕ ਤੇ ਮੁਲਵਾਨ ਭੂਮਿਕਾ ਨਿਭਾਉਂਦੇ ਹਨ।
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਡਾ. ਜਗਬੀਰ ਸਿੰਘ ਨੇ ਕਿਹਾ ਕਿ ਡਾ. ਹਰਚੰਦ ਸਿੰਘ ਬੇਦੀ, ਪਰਵਾਸੀ ਪੰਜਾਬੀ ਸਾਹਿਤ ਦੇ ਅਧਿਐਨ, ਅਧਿਆਪਨ ਤੇ ਖੋਜ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਗੰਭੀਰਤਾ ਨਾਲ ਜੁੜੇ ਹੋਏ ਵਿਦਵਾਨ ਹਨ। ਉਨ੍ਹਾਂ ਨੇ ਪਰਵਾਸ ਦੀ ਮਾਨਵੀ ਵਿਆਕਰਣ ਦੀਆਂ ਸਮੀਕਰਣਾਂ ਨੂੰ, ਇਤਿਹਾਸ ਤੇ ਵਰਤਮਾਨ ਉੱਤੇ ਵਿਛਾ ਕੇ, ਉਸ ਦੀ ਆਧੁਨਿਕ ਪ੍ਰਸੰਗਿਕਤਾ ਦੀ ਨਿਸ਼ਾਨਦੇਹੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਹ ਅਧਿਐਨ, ਪਰਵਾਸੀ-ਵਰਤਾਰਿਆਂ ਦੀ ਅੰਦਰਲੀ ਬੁਣਤਰ ਨੂੰ ਸਮਝਦੇ ਹੋਏ, ਵਿਸ਼ਵ ਦੇ ਰਾਜਨੀਤਕ ਸਭਿਆਚਾਰ ਦੇ ਪੂੰਜੀ ਕੇਂਦ੍ਰਿਤ ਵਰਤਾਰਿਆਂ ਦੀ 'ਪ੍ਰਿਗਮੈਟਿਕ ਪਾਲਿਟਿਕਸ', ਪੂੰਜੀਦਰਸ਼ਨ ਦੇ ਪਰਿਪੇਖ ਤੋਂ ਸਿਰਜੀ ਜਾ ਰਹੀ ਨਵੀਂ ਵਿਸ਼ਵ-ਦ੍ਰਿਸ਼ਟੀ ਨੂੰ ਪ੍ਰਸਤੁਤ ਕਰਨ 'ਤੇ ਬਲ ਦੇਂਦਾ ਹੈ। ਇਸਦੇ ਮਾਨਵ-ਵਿਰੋਧੀ ਤੇ ਸੋਸ਼ਣ-ਧਾਰਾਈ ਸਿੱਟਿਆਂ ਅਤੇ ਵਿਗਿਆਨਕ ਤੇ ਮਕਾਨਕੀ ਪ੍ਰਹਾਰ ਨੂੰ, ਰੂਪਮਾਨ ਕਰਨ ਵੱਲ ਵੀ ਰੁਚਿਤ ਹੈ। ਡਾ. ਜਗਬੀਰ ਸਿੰਘ ਨੇ ਅੱਗੇ ਕਿਹਾ ਕਿ ਹਾਕਮ ਪ੍ਰਵਿਰਤੀ ਨਾਲ ਜੁੜੀ ਮਾਨਸਿਕਤਾ, ਹਕੂਮਤ, ਹਾਕਮ, ਹੁਕਮ ਦੀਆਂ ਮਸਹਲਤਾਂ ਨੂੰ ਪੇਸ਼ ਕਰਦੇ ਹੋਏ, ਮਹਿਕੂਮ ਤੇ ਮਹਿਰੂਮ ਦੀ ਸੰਵੇਦਨਾ ਦੇ ਸਰਬਕਾਲੀ ਵਰਤਾਰੇ ਜੋ ਸਵੈ-ਹਿਤ ਦੇ ਦਾਇਰਿਆਂ ਵਿਚ ਬੜੀ ਕਠੋਰ ਮੁਦਰਾ ਗ੍ਰਹਿਣ ਕਰਦੇ ਹਨ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਡਾ. ਹਰਚੰਦ ਸਿੰਘ ਬੇਦੀ ਨੇ, 'ਵਨ ਮੈਨ ਆਰਮੀ' ਵਾਂਗ ਬੜੇ ਸਿਦਕ ਤੇ ਸਿਰੜ ਨਾਲ ਪਰਵਾਸੀ ਸਾਹਿਤ ਨੂੰ ਇਕ ਅਨੁਸ਼ਾਸਨ ਵਾਂਗ ਸਥਾਪਿਤ ਕਰਨ ਲਈ ਬੜੀ ਸ਼ਾਨਦਾਰ ਭੂਮਿਕਾ ਨਿਭਾਈ ਹੈ। ਉਹ ਚੁਪ ਚਾਪ ਸ਼ਾਂਤ ਚਿਤ ਸਿਰੜ ਨਾਲ ਕੰਮ ਕਰਨ ਵਾਲੀ ਪੁਰਾਣੀ ਪੀੜ੍ਹੀ 'ਚੋਂ ਹਨ ਜਿਨ੍ਹਾਂ ਨੇ ਟਕਸਾਲੀ ਤੇ ਬੁਨਿਆਦੀ ਕੰਮ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀ ਸਾਹਿਤ ਸਿਰਜਣਧਾਰਾ ਦੀ ਪਛਾਣ ਬਨਾਉਣ ਲਈ ਅਤੇ ਇਸ ਨੂੰ ਇਕ ਸਮਰੱਥ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਲਈ, ਜਿੰਨਾ ਮਹੱਤਵਪੂਰਨ, ਟਕਸਾਲੀ ਤੇ ਬੇਮਿਸਾਲ ਹਵਾਲਾਜਨਕ ਖੋਜ ਕਾਰਜ ਡਾ. ਹਰਚੰਦ ਸਿੰਘ ਬੇਦੀ ਨੇ ਕੀਤਾ ਹੈ; ਉਸ ਦੀ ਸਾਹਿਤਕ, ਇਤਿਹਾਸਕ ਤੇ ਪ੍ਰਮਾਣਿਕ ਖੋਜ ਸੰਦ ਵਜੋਂ, ਬਹੁਤ ਮਹੱਤਤਾ ਹੈ ਤੇ ਇਸ ਲਈ ਡਾ. ਬੇਦੀ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਏ ਥੋੜ੍ਹੀ ਹੈ। ਉਨ੍ਹਾਂ ਦੀ ਮਿਹਨਤ ਕਰਕੇ ਹੀ ਪਰਵਾਸੀ ਸਾਹਿਤ ਇਕ ਸਮਰੱਥ ਅਨੁਸ਼ਾਸਨ ਬਣ ਗਿਆ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਡਾ. ਬੇਦੀ ਨੇ ਨਿਰੰਤਰ ਤੌਰ 'ਤੇ ਕੰਮ ਕਰਦੇ ਹੋਏ, ਪੰਜਾਹ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤ ਦਾ ਇਕ ਮਹਾਂ ਚਿਤਰ ਬਨਾਉਣ ਲਈ, ਆਲੋਚਨਾ, ਖੋਜ, ਸੰਪਾਦਨਾ ਤੇ ਪਾਠ ਪੁਸਤਕਾਂ ਤਿਆਰ ਕਰਨ ਤੋਂ ਇਲਾਵਾ ਉਹ 'ਪਰਵਾਸ' ਸਾਹਿਤਕ ਪੱਤਰ ਦੀ ਸੰਪਾਦਨਾ ਨਾਲ ਵੀ ਜੁੜੇ ਰਹੇ ਹਨ। ਉਨ੍ਹਾਂ ਨੇ ਜਿੱਥੇ ਪਰਵਾਸੀ ਸਾਹਿਤ ਦੇ ਅਧਿਐਨ ਲਈ ਠੋਸ ਜ਼ਮੀਨ ਤਿਆਰ ਕਰ ਦਿੱਤੀ ਹੈ, ਉਥੇ ਇਨ੍ਹਾਂ ਕੋਸ਼ਾਂ ਦੀਆਂ ਵਿਸਤ੍ਰਿਤ ਭੂਮਿਕਾਵਾਂ ਨੇ ਪਰਵਾਸੀ ਸਾਹਿਤ ਸਿਰਜਣਧਾਰਾ ਦੀ ਮਹੱਤਤਾ, ਵਿਸ਼ੇਸ਼ਤਾ ਤੇ ਉਚਿੱਤਤਾ ਬਾਰੇ ਵੀ ਤਾਰਕਿਕ ਚਰਚਾ ਕੀਤੀ ਹੈ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਵੀ ਇਨ੍ਹਾਂ ਸੰਦਰਭ ਕੋਸ਼ਾਂ ਦੀ ਨਿਰੰਤਰ ਭੂਮਿਕਾ ਬਣੀ ਰਹੇਗੀ। ਉਨ੍ਹਾਂ ਨੇ ਨਵਾਂ ਇਤਿਹਾਸ ਹੀ ਸਿਰਜ ਦਿੱਤਾ ਹੈ।