ਹਰਦਮ ਮਾਨ
ਸਰੀ, 16 ਅਕਤੂਬਰ 2019 - ਅਰਪਨ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਸਾਹਿਤਕ ਮਿਲਣੀ ਐਕਸ ਸਰਵਿਸਮਿਨ ਦੇ ਹਾਲ ਵਿੱਚ ਜਸਵੰਤ ਸਿੰਘ ਸੇਖੋਂ, ਜੋਗਾ ਸਿੰਘ ਸਿਹੋਤਾ ਅਤੇ ਸਿਰਤਾਜ ਬਦੇਸ਼ਾ ਦੀ ਪ੍ਰਧਾਨਗੀ ਹੇਠ ਹੋਈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਇਕਬਾਲ ਖ਼ਾਨ ਨੇ ਦੱਸਿਆ ਹੈ ਕਿ ਸਭਾ ਦਾ ਆਗਾਜ਼ ਜੋਗਾ ਸਿੰਘ ਸਿਹੋਤਾ ਅਤੇ ਅਮਰੀਕ ਸਿੰਘ ਚੀਮਾਂ ਨੇ ਜਸਵੰਤ ਸਿੰਘ ਸੇਖੋਂ ਦੇ ਪੰਜਾਬੀ ਵਿੱਚ ਲਿਖੇ ‘ਓ ਕੈਨੇਡਾ’ ਦੇ ਗੀਤ ਨਾਲ ਕੀਤਾ। ਨਰਿੰਦਰ ਸਿੰਘ ਢਿੱਲੋਂ ਨੇ ਜਸਵੰਤ ਸਿੰਘ ਸੇਖੋਂ ਦੀ ਕਿਤਾਬ ‘ਪਿਆਰੇ ਸੇਖੋਂ’ ਬਾਰੇ ਆਪਣੇ ਵਿਚਾਰ ਵਿਸਥਾਰ ਸਹਿਤ ਪੇਸ਼ ਕੀਤੇ। ਕਵੀਸ਼ਰੀ ਵਿੱਚ ਲਿਖੀ ਇਸ ਕਿਤਾਬ ਵਿੱਚੋਂ ਹੀ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਦੀ ਕਵੀਸ਼ਰ ਜੋੜੀ ਨੇ ਇੱਕ ਕਵਿਤਾ ਸਾਂਝੀ ਕੀਤੀ। ਰਵੀ ਜਨਾਗਲ ਨੇ ਵੀ ਸੇਖੋਂ ਦੀ ਲਿਖੀ ਕਵਿਤਾ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਣਾਈ। ਗੁਰਚਰਨ ਕੌਰ ਥਿੰਦ ਨੇ ਜਸਵੰਤ ਸਿੰਘ ਸੇਖੋਂ ਨੂੰ ਵਧਾਈ ਪੇਸ਼ ਕਰਦਿਆਂ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸਤਨਾਮ ਸਿੰਘ ਢਾਅ ਨੇ ਸੇਖੋਂ ਨੂੰ ਕਵੀਸ਼ਰੀ ਕਾਵਿਧਾਰਾ ਵਿੱਚ ਮੁੱਲਵਾਨ ਵਾਧਾ ਕਰਨ ਵਾਲੀ ਇਸ ਪੁਸਤਕ ਬਾਰੇ ਡਾ. ਸਰਬਜੀਤ ਕੌਰ ਜਾਵੰਦਾ ਦਾ ਭਾਵਪੂਰਤ ਸ਼ੈਲੀ ਵਿੱਚ ਲਿਖਿਆ ਪਰਚਾ ਪੜ੍ਹ ਕੇ ਸੁਣਇਆ। ਉਪਰੰਤ ਸਭਾ ਦੇ ਮੈਂਬਰਾਂ ਵੱਲੋਂ ਜਸਵੰਤ ਸਿੰਘ ਸੇਖੋਂ ਦੀ ਪੁਸਤਕ ਰੀਲੀਜ਼ ਕੀਤੀ ਗਈ। ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਵੀ ਕਿਤਾਬ ਦੇ ਧਾਰਮਿਕ ਅਤੇ ਇਤਿਹਸਕ ਮਹੱਤਤਾ ਬਾਰੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਹਰਮਿੰਦਰ ਕੌਰ ਚੁੱਘ ਅਤੇ ਸਰਬਜੀਤ ਕੌਰ ਉੱਪਲ ਵੱਲੋਂ ਜਸਵੰਤ ਸਿੰਘ ਸੇਖੋਂ ਦੀ ਇਸੇ ਪੁਸਤਕ ਵਿੱਚੋਂ ਕਵੀਸ਼ਰੀ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਇੱਕ ਬਹੁਤ ਹੀ ਦਿਲਚਸਪ ਕਵੀਸ਼ਰੀ ਜਸਵੰਤ ਸਿੰਘ ਸੇਖੋਂ ਅਤੇ ਉਹਨਾਂ ਦੇ ਦੋਹਤਰੇ ਸਿਰਤਾਜ ਸਿੰਘ ਬਦੇਸ਼ਾ ਨੇ ਪੇਸ਼ ਕੀਤੀ। ਸਤਨਾਮ ਸਿੰਘ ਢਾਅ ਨੇ ਕਿਹਾ ਕਿ ਜਿਥੇ ਇਹ ਕਿਤਾਬ ਕਵੀਸ਼ਰਾਂ ਅਤੇ ਢਾਡੀਆਂ ਲਈ ਇੱਕ ਤੋਹਫ਼ਾ ਸਾਬਤ ਹੋਵੇਗੀ ਓਥੇ ਆਮ ਪਾਠਕ ਲਈ ਵੀ ਇੱਕ ਨਵੀਂ ਅਤੇ ਵਿਲੱਖਣ ਜਾਣਕਾਰੀ ਦਾ ਸਰੋਤ ਹੋਵੇਗੀ। ਐਕਸ ਸਰਵਿਸਮਿਨ ਸੰਸਥਾ ਦੇ ਪ੍ਰਧਾਨ ਬਲਕਾਰ ਸਿੰਘ ਨੇ ਜਸਵੰਤ ਸਿੰਘ ਸੇਖੋਂ ਨੂੰ ਸਿੱਖ ਇਤਿਹਾਸ ਤੇ ਖੋਜ ਭਰਪੂਰ ਲਿਖੀ ਪੁਸਤਕ ਤੇ ਵਧਾਈ ਦਿੱਤੀ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਕੈਲਗਿਰੀ ਵੋਮੈਨ ਐਸੋਸੀਏਸ਼ਨ, ਰੋਇਲ ਵੋਮਿਨ ਐਸੋਸੀਏਸ਼ਨ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਪੰਜਾਬੀ ਸਾਹਿਤ ਸਭਾ ਕੈਲਗਰੀ, ਨੌਰਥ ਕਲਚਰਲ ਐਸੋਸੀਏਸ਼ਨ, ਇੰਡੋ-ਕੈਨੇਡੀਅਨ ਐਸੋਸੀਏਸ਼ਨ ਇਮੀਗ੍ਰੇਸ਼ਨ ਦੇ ਮੈਂਬਰਾਂ ਨੇ ਪੁਸਤਕ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਉਪਰੰਤ ਜਸਵੰਤ ਸਿੰਘ ਸੇਖੋਂ ਨੇ ਇਸ ਪੁਸਤਕ ਦੀ ਸਿਰਜਣਾ ਕਰਦੇ ਸਮੇਂ ਦੀਆਂ ਮੁਸ਼ਕਲਾਂ ਅਤੇ ਪੰਜ ਪਿਆਰਿਆਂ ਦੇ ਪਿਛੋਕੜ ਬਾਰੇ ਇਤਿਹਾਸਕ ਖੋਜ ਬਾਰੇ ਸਾਰੇ ਵੇਰਵੇ ਵਰਨਣ ਕੀਤੇ, ਸਰੋਤਿਆਂ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਦੇ ਕੁਝ ਦੇ ਸ਼ੰਕੇ ਵੀ ਨਿਵਾਰਤ ਕੀਤੇ।
ਮੀਟਿੰਗ ਦੇ ਦੂਜੇ ਦੌਰ ਵਿੱਚ ਜਗਜੀਤ ਸਿੰਘ ਰਹਿਸੀ ਨੇ ਉਰਦੂ ਦੇ ਬਹੁਤ ਹੀ ਮਕਬੂਲ ਸ਼ਿਅਰ, ਸੁਰਿੰਦਰ ਗੀਤ ਨੇ ਬਾਬਾ ਨਾਨਕ ਨੂੰ ਸੰਬੋਧਨ ਆਪਣੀ ਲਿਖੀ ਇੱਕ ਕਵਿਤਾ, ਸੁਰਿੰਦਰ ਢਿੱਲੋਂ ਨੇ ਬਾਬਾ ਬੁਲ੍ਹੇ ਸ਼ਾਹ ਦਾ ਕਲਾਮ ਪੇਸ਼ ਕੀਤਾ। ਅਖ਼ੀਰ ਤੇ ਇਕਬਾਲ ਖ਼ਾਨ ਨੇ ਐਕਸ ਸਰਵਿਸਮਿਨ ਦੇ ਦਿੱਤੇ ਸਹਿਯੋਗ ਲਈ, ਆਏ ਹੋਏ ਸਾਹਿਤਕਰਾਂ, ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਅਤੇ ਸੇਖੋਂ ਨੂੰ ਵਧਾਈ ਪੇਸ਼ ਕਰਦਿਆਂ ਕਵੀਸ਼ਰੀ ਸਾਹਿਤ ਵਿੱਚ ਇਸੇ ਤਰ੍ਹਾਂ ਹੋਰ ਵੀ ਵਧੀਆ ਲਿਖਤਾਂ ਦੇਣ ਦੀ ਕਾਮਨਾ ਕੀਤੀ।