ਨਾਟਕ 'ਮੈਂ ਭਗਤ ਸਿੰਘ' ਦੇ ਮੰਚਨ ਨਾਲ 11ਵਾਂ ਨਾਟਕ ਮੇਲਾ ਸਫਲਤਾ ਸਹਿਤ ਸਮਾਪਤ
ਵੱਡੀ ਗਿਣਤੀ ਵਿਚ ਨਾਟਕ ਦੇਖਣ ਪਹੁੰਚਦੇ ਬਠਿੰਡਾਵਾਸੀ ਕਲਾ ਦੇ ਵੱਡੇ ਕਦਰਦਾਨ : ਡੀਸੀ ਸ਼ੌਕਤ ਅਹਿਮਦ ਪਰੇ
ਆਖਰੀ ਦਿਨ ਨਾਟਿਅਮ ਟੀਮ ਵੱਲੋਂ ਡਾ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ਪੇਸ਼
ਬਠਿੰਡਾ, 16 ਅਕਤੂਬਰ 2022 : ਨਾਟਿਅਮ ਪੰਜਾਬ ਵੱਲੋਂ ਕਰਵਾਏ ਗਏ ਨਾਟਕ ਮੇਲੇ ਵਿਚ ਆ ਕੇ ਪਤਾ ਚੱਲਦਾ ਹੈ ਕਿ ਬਠਿੰਡਾਵਾਸੀ ਅਤੇ ਖਾਸ ਕਰ ਇਥੋਂ ਦੇ ਨੌਜਵਾਨ ਕਲਾ ਦੇ ਬਹੁਤ ਕਦਰਦਾਨ ਹਨ, ਜੋ ਵੱਡੀ ਗਿਣਤੀ ਵਿਚ ਹਰ ਰੋਜ਼ ਨਾਟਕ ਦੇਖਣ ਪਹੁੰਚਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਬਠਿੰਡਾ ਦੇ ਐੱਮਆਰਐੱਸਪੀਟੀਯੂ ਕੈਂਪਸ ਵਿਖੇ ਕਰਵਾਏ ਗਏ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 15ਵੀਂ ਅਤੇ ਆਖਰੀ ਸ਼ਾਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਠਿੰਡਾ ਜਿਲੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਆਈਏਐਸ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਬਠਿੰਡਾ ਚੈਮਬਰ ਆਫ ਕਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਰਾਮ ਪ੍ਰਕਾਸ਼, ਪੈਰਿਸ ਸਿਟੀ ਬਠਿੰਡਾ ਤੋਂ ਅਰਜਿਤ ਗੋਇਲ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਵੀ ਮੌਜੂਦ ਸਨ। ਸਾਰੇ ਹੀ ਮਹਿਮਾਨਾਂ ਵੱਲੋਂ ਨਾਟਿਅਮ ਟੀਮ ਦੇ ਯਤਨਾਂ ਦੀ ਸਲਾਂਘਾ ਕਰਦਿਆਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ, ਅਤੇ ਨਾਲ ਹੀ ਨਾਟਕਾਂ ਰਾਹੀਂ ਚੁੱਕੇ ਗਏ ਅਤਿ ਗੰਭੀਰ ਮੁੱਦਿਆਂ ਲਈ ਨਾਟਕੀ ਟੀਮਾਂ ਦੀ ਪ੍ਰਸ਼ੰਸਾ ਕੀਤੀ ਗਈ।
ਨਾਟਿਅਮ ਪੰਜਾਬ ਦੀ ਸੈਕਟਰੀ ਸੁਰਿੰਦਰ ਕੌਰ ਅਤੇ ਪੂਜਾ ਗੁਪਤਾ ਨੇ ਦੱਸਿਆ ਕਿ ਨਾਟਕ ਮੇਲੇ ਦੀ ਆਖਰੀ ਸ਼ਾਮ ਮੌਕੇ ਨਾਟਿਅਮ ਟੀਮ ਵੱਲੋਂ ਜਾਣੇ ਮਾਣੇ ਰੰਗ ਕਰਮੀ ਡਾ. ਪਾਲੀ ਭੁਪਿੰਦਰ ਦਾ ਲਿਖਿਆ ਨਾਟਕ 'ਮੈਂ ਭਗਤ ਸਿੰਘ' ਡਾਇਰੈਕਟਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਨਾਟਿਅਮ ਪ੍ਰਧਾਨ ਸੁਧਰਸ਼ਨ ਗੁਪਤਾ ਅਤੇ ਮੀਡਿਆ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨਾਟਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲੇ ਭਾਰਤ ਨੂੰ ਬਣਾਉਣ ਦਾ ਰਾਹ ਦਿਖਾਉਂਦਾ ਹੈ, ਜਿਸ ਵਿਚ ਇੱਕ ਬੱਚਾ ਸ ਭਗਤ ਸਿੰਘ ਨੂੰ ਇੰਨਾ ਪੜ੍ਹਦਾ ਹੈ ਕਿ ਉਸਨੂੰ ਅਸਲ ਜ਼ਿੰਦਗੀ ਵਿਚ ਵੀ ਹਰ ਥਾਂ ਸ਼ਹੀਦ ਦਿਖਣ ਲੱਗ ਪੈਂਦਾ ਹੈ।