ਚਲ ਭੁੱਲ ਜਾਈਏ
ਨਰਾਜ਼ ਹੋਣਾ ਪਲ 2
ਟੁਰ ਜਾਣਾ ਘਰਾਂ ਨੂੰ
ਪਰਸਾਂ ਚ ਕਰੋਧ ਲੈ ਕੇ-
ਇਹ ਕਿਹੜਾ ਇਤਿਹਾਸ ਦਾ ਪੰਨਾ
ਕਿਹੜੀ ਕਰਾਂਤੀ, ਮਹਾਂਜੁਗ ਦੀ ਸਥਾਪਨਾ -
ਜੇ ਭੁੱਲ ਜਾਂਵੇ
ਤਾਂ ਚੰਗਾ ਹੈ
ਜਾਣ ਬੁਝ ਕੇ ਹੀ ਸਹੀ-
ਦਿੱਲ ਕਰਦਾ ਹੁਣ
ਦਫ਼ਨ ਕਰ ਦੇਈਏ
ਨਫ਼ਰਤ ਨਰਾਜ਼ਗੀ ਦੀਆਂ ਲਾਸ਼ਾਂ ਨੂੰ
ਤੇ ਕਫ਼ਨ ਹੋਰ ਵੀ ਵੱਖਰੇ ਸਾੜ੍ਹੀਏ-
ਢਲਦੇ ਸੂਰਜ ਨਿੱਘ ਨਹੀਂ ਬਖ਼ਸ਼ਦੇ
ਕੀ ਕਰਾਂਗੇ ਅਜੇਹੇ ਸੂਰਜਾਂ
ਨੂੰ ਹੱਥਾਂ ਤੇ ਰੱਖ ਕੇ
ਬਨ੍ਹੇਰਿਆਂ ਤੇ ਸਜਾ ਕੇ-
ਵਿਯੋਗ ਦੀ ਅੱਗ ਦੇ ਅੰਗਿਆਰ ਕਿਹੜਾ
ਰੱਖ ਹੁੰਦੇ ਨੇ ਸਾਂਭ ਕੇ
ਇਹੋ ਜੇਹੀ ਅੱਗ ਵਿੱਚ
ਕਿਹੜਾ ਸੜਿਆ ਜਾਂਦਾ ਹੈ ਹਰ ਪਲ
ਦਫ਼ਨ ਕਰਨਾ ਹੀ ਚੰਗਾ ਇਹੋ ਜੇਹਾ ਵਿਛੜਣਾ
ਤੇ ਉਹਨਾਂ ਵਿਛੜੇ ਪਲਾਂ ਨੂੰ
ਬਚੇ ਅੱਥਰੂਆਂ ਚ ਵਿੱਚ
ਹੀ ਧੋ ਲਈਏ ਚੰਗੀ ਤਰਾਂ੍ਹ
ਮਾਫ਼ ਕਰ ਦੇਈਏ
ਇੱਕ ਦੂਸਰੇ ਦੇ ਰਹਿ ਗਏ ਚੁੰਮਣਾਂ ਨੂੰ-
ਐਂਵੇਂ ਨਾ ਕੰਬਿਆ ਕਰ ਪੱਬਾਂ ਤੱਕ
ਤਰੀਏ ਨੀਂਦ ਨਦੀ ਦੇ ਸੁਪਨੇ
ਜਾਲ ਆਵੇ ਵੀ ਕੰਢੇ ਤੇ
ਫ਼ਿਰ ਵੀ ਡੁੱਬ ਜਾਈਏ
ਆਪਣੇ ਤਰੰਗਿਤ ਸਾਗਰਾਂ ਵਿਚ-
ਚੱਲ ਚੁਪ ਕਰਕੇ ਰੋੜ੍ਹ ਦੇਈਏ
ਨਿੱਕੇ 2 ਸ਼ਬਦ,ਅਸੰਵੇਦਨਸ਼ੀਲ ਨਜ਼ਮਾਂ
ਡੂੰਘੇ ਦਰਿਆ ਚ
ਊਣੇ ਬੋਲਾਂ ਨੂੰ ਕੌਣ ਟਿਕਾਉਂਦਾ ਹੈ ਤਲੀਆਂ ਤੇ
ਕੌਣ ਫੋਲਦਾ ਧੂਣੀ
ਸੂਰਜ ਦੀ ਰਾਤਾਂ ਚ
ਕਿਹੜਾ ਲੱਭਦਾ ਚੰਨ ਸਿਤਾਰਿਆਂ
ਦੀ ਦੁਨੀਆਂ ਖਿੜ੍ਹੀਆਂ ਦੁਪਹਿਰਾਂ ਚ-
ਪਰ ਨਿੱਕੀ 2 ਗੱਲ ਕਰ
ਹੁੰਗਾਰਾ ਭਰ ਪਿਆਰ ਦਾ-
ਨਹੀਂ ਤਾਂ ਜ਼ਖ਼ਮੀ ਹੋ ਜਾਣਗੇ ਸ਼ਬਦ
ਗੰਧਲੀ ਹੋ ਜਾਣੀ ਪਵਨ
ਅਕਸ ਹੋ ਜਾਣਗੇ ਪਰਾਏ
ਫਿਰ ਟੋਲਦੇ ਫਿਰਾਂਗੇ-
ਪਾਣੀਆਂ ਚੋਂ ਅੱਖਰ-
ਕੁਝ ਤਾਂ ਥਾਂ ਜਿਸਮਾਂ ਚ
ਮਹਿਫ਼ੂਜ਼ ਰੱਖ ਲਈਏ ਭਲਕ ਲਈ-
ਜ਼ਖਮ ਬਚੇ ਰਹਿ ਜਾਣਗੇ ਮਨ ਅੰਦਰ ਦੋ ਚਾਰ
ਨਹੀਂ ਤਾਂ ਤੇਰੀਆਂ ਨਜ਼ਰਾਂ ਦੇ ਸਾਰੇ ਤੀਰ
ਮੇਰੀ ਹਿੱਕ 'ਚ ਆ ਵੱਜਣਗੇ- ਸਿੱਧੇ
ਚੰਗੀ ਤਾਂ ਗੱਲ ਹੈ
ਸਲੀਬ ਤੇ ਜਾ ਲਟਕੀਏ
ਅਦਾਲਤ ਦੇ ਬੂਹੇ ਦੀ ਦਸਤਕ ਤੋਂ ਪਹਿਲਾਂ-
ਅੱਜਕਲ ਕੌਣ ਪੁੱਛਦਾ ਹੈ ਰੂਹਾਂ ਸੱਚੀਆਂ ਨੂੰ
ਸੁੱਤਿਆਂ ਮੇਰੇ ਸੁਪਨੇ
ਸਾਰੇ ਦੇ ਸਾਰੇ ਹੋ ਜਾਣਗੇ ਜ਼ਖ਼ਮੀਂ
ਰੂਹਾਂ ਦੇ ਜ਼ਖ਼ਮਾਂ ਤੇ ਕਦੇ ਮਰ੍ਹਮਾਂ ਨਹੀਂ ਲੱਗੀਆਂ
ਚਲ ਕੱਠੇ ਕੁੰਜਾਂ ਲਾਹੀਏ
ਪ੍ਰੇਤ ਬਣ ਰਹੀਏ
ਇੱਕ ਦੂਸਰੇ ਦੀਆਂ ਰੂਹਾਂ ਜੂਹਾਂ ਮਨਾਂ ਚ
ਅਸਮਾਨ ਨੂੰ ਢਕਿਆ ਰਹਿਣ ਦੇ
ਧਰਤ ਨੂੰ ਰਹਿਣ ਦੇ ਕੱਜੀ
ਮੁਰਝਾਏ ਫੁੱਲਾਂ ਨੂੰ ਹੀ ਮਨਾ ਲਈਏ
ਕਿ ਕੁਝ ਹੋਰ ਪਲ ਖਿੜ੍ਹੇ ਰਹਿਣ
ਪੱਤਿਆਂ ਨੂੰ ਕਹੀਏ
ਕਿਰਦੇ ਰਹਿਣ
ਕੱਜਿਆ ਰਹੇਗਾ ਇਸ਼ਕ ਈਮਾਨ
ਬਚੀ ਰਹੇਗੀ ਇਨਸਾਨੀਅਤ
ਤੇ ਹਾਂ ਗੁਨਾਹ ਵੀ
ਇਥੇ ਹੀ ਧੋ ਲੈਂਦੇ ਹਾਂ-ਰਹੇ ਹੰਝੂਆਂ ਨਾਲ
ਕੀ ਕਰਨਾ ਹੱਜ ਜਾ ਕੇ-
ਓਥੇ ਜਾ ਕੇ ਫਿਰ ਨਾਵ੍ਹਾਂਗੇ
ਫਿਰ ਚੜ੍ਹਾਂਗੇ ਅਰਜ਼ ਪੌੜ੍ਹੀਆਂ
ਏਥੇ ਹੀ ਫਿਰ ਗੱਲ ਛੇੜੀਏ
ਜਪ ਲੈਂਦੇ ਹਾਂ ਇੱਕ ਦੂਜੇ ਨੂੰ
ਲੈ 2 ਨਿੱਕੇ 2 ਆਪਣੇ ਨਾਂ
ਓਸੇ ਖੇਡਣ ਵਾਲੀ ਥਾਂ-
ਪਾ ਯਾਦਾਂ ਦੇ ਵਿਚ ਬਾਂਹ-