ਸਰਹਿੰਦ, 27 ਦਸੰਬਰ , 2017 :
ਅੱਜ ਮੇਰੇ ਸਨੇਹੀ ਮਿੱਤਰ ਗੁਰਪ੍ਰੀਤ ਸਿੰਘ ਤੂਰ ਨੇ ਸਵੇਰੇ ਉੱਠਣਸਾਰ ਹੀ ਮੈਥੋਂ ਹਾਮੀ ਭਰਵਾ ਲਈ ਸੀ ਕਿ ਆਪਣੇ ਸਾਂਝੇ ਸਨੇਹੀ ਵੀਰ ਡਾ: ਰਮਨਦੀਪ ਸਿੰਘ ਜੱਸਲ ਦੇ ਪਿਤਾ ਜੀ ਡਾ: ਨੰਦ ਸਿੰਘ(ਪੰਜਾਬ ਖੇਤੀ ਯੂਨੀ: ਚ ਮੇਰੇ 17 ਸਾਲ ਰਹੇ ਮਿਹਰਬਾਨ ਸਹਿਕਰਮੀ) ਦੀ ਸਰਾਭਾ ਨਗਰ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਚ ਅੰਤਿਮ ਅਰਦਾਸ ਮਗਰੋਂ ਸ਼ਹੀਦ ਛੋਟੇ ਸਾਹਿਬਜ਼ਾਦਿਆਂ ਨੂੰ ਸ਼੍ਰੀ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਣ ਜਾਵਾਂਗੇ।
ਮੈਂ ਅਕਸਰ ਭੀੜ ਤੋਂ ਬਹੁਤ ਡਰਦਾ ਹਾਂ ਪਰ ਅਸੀਂ ਦੋਵੇਂ ਚੱਲ ਹੀ ਪਏ। ਰਾਹ ਚ ਸ਼ਰਧਾ ਦਾ ਸਮੁੰਦਰ।
ਲੰਗਰ ਹੀ ਲੰਗਰ।
ਪਰ ਸਭ ਖਾਣ ਪੀਣ ਵਾਲੇ ਸਮਾਨ ਦੇ।
ਮਨ ਚ ਆਇਆ ਕੌਮ ਦਾ ਇਹ ਸਰਮਾਇਆ ਜੇ ਕਿਤੇ ਅੱਧਾ ਵੀ ਸ਼ਬਦ ਲੰਗਰ ਤੇ ਲੱਗ ਜਾਵੇ ਤਾਂ ਸੂਝ ਤਿਖੇਰੀ ਕੀਤੀ ਜਾ ਸਕਦੀ ਏ।
ਚੰਗਾ ਫੈਸਲਾ ਸੀ ਕਿ ਐਤਕੀਂ ਸਿਆਸੀ ਕਾਨਫਰੰਸਾਂ ਨਹੀਂ ਸਨ। ਤਣਾਓ ਨਹੀਂ ਸੀ ਕਿਤੇ। ਸਹਿਜਵੰਤਾ ਮਾਹੌਲ ਸੀ।
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੇ ਸ਼ਹੀਦੀ ਸਥਾਨ ਤੇ ਸਿਰ ਝੁਕਾ ਠੰਢੇ ਬੁਰਜ ਵਿੱਚ ਮੱਥਾ ਛੁਹਾਇਆ।
ਪਰਤਦਿਆਂ ਮਨ ਚ ਆਇਆ,ਕਈ ਸਾਲ ਪਹਿਲਾਂ ਡਿਪਟੀ ਕਮਿਸ਼ਨਰ ਸ ਕ ਆਹਲੂਵਾਲੀਆ ਨੇ ਸਥਾਨਕ ਲੇਖਕਾਂ ਦੀ ਮਦਦ ਨਾਲ ਡਾ: ਧਰਮਿੰਦਰ ਸਿੰਘ ਉਭਾ ਨੂੰ ਨਾਲ ਤੋਰ ਕੇ ਕੁਝ ਪੁਸਤਕਾਂ ਪ੍ਰਕਾਸ਼ਿਤ ਕਰਕੇ ਜ਼ਿਲ੍ਹੇ ਚ ਵੰਡੀਆਂ ਸਨ।
ਚੰਗਾ ਪ੍ਰਭਾਵ ਪਿਆ ਸੀ।
ਕੀ ਹਰ ਸਾਲ ਇਹ ਸ਼ੁਭ ਕਾਰਜ ਨਹੀਂ ਹੋ ਸਕਦਾ?
ਹੋ ਸਕਦਾ ਹੈ।
ਚਲੋ ਅਗਲੇ ਸਾਲ ਤੋਂ ਆਰੰਭ ਕਰੀਏ।
ਜੋਗੀ ਅੱਲ੍ਹਾ ਯਾਰ ਖਾਂ ਤੇ ਹੋਰ ਇਤਿਹਾਸ ਲਿਖਾਰੀਆਂ ਦੇ ਲਿਖੇ ਨੂੰ ਲੋਕਾਂ ਚ ਵੰਡੀਏ।
ਗੁਰਪ੍ਰੀਤ ਸਿੰਘ ਤੂਰ ਕਹਿ ਰਿਹਾ ਸੀ, ਤਿਆਰੀ ਹੁਣ ਤੋਂ ਆਰੰਭ ਹੋਣੀ ਚਾਹੀਦੀ ਹੈ।
ਰਾਹਾਂ ਚ
ਸ਼ਬਦ ਲੰਗਰ ਲੱਗਣ
ਤਾਂ ਕੁਝ ਸਾਲਾਂ ਚ ਹੀ
ਅਸਰ ਵੇਖਿਓ।
ਗੁਰਭਜਨ ਗਿੱਲ
9872631199