ਸਾਹਿਤਕ ਮੰਚ ਭਗਤਾ ਵੱਲੋਂ ਰੂਬਰੂ ਪ੍ਰੋਗ੍ਰਾਮ ਅਤੇ ਨਾਟਕ ਦੀ ਪੇਸ਼ਕਾਰੀ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2023: ਸਹਿਤਕ ਮੰਚ ਭਗਤਾ ਭਾਈ ਨੇ ਪੰਜਾਬੀ ਸਾਹਿਤ ਦੇ ਰਚੇਤਾ ਡਾਕਟਰ ਬਲਵਿੰਦਰ ਸਿੰਘ ਸੋਢੀ ਨਾਲ ਰੂਬਰੂ ਪ੍ਰੋਗ੍ਰਾਮ ਕਰਵਾਇਆ ਹੈ। ਇਸ ਮੌਕੇ ਵਾਤਾਵਰਨ ਦਿਵਸ ਤੇ ਪ੍ਰਦੂਸ਼ਿਤ ਹੋ ਰਹੇ ਪੌਣ ਪਾਣੀ ਨੂੰ ਬਚਾਉਣ ਲਈ ਉੱਘੇ ਰੰਗ ਕਰਮੀ ਸੁਖਵਿੰਦਰ ਚੀਦਾ ਵੱਲੋਂ ਲਿਖਿਆ ਨਾਟਕ ਬਲਿਹਾਰੀ ਕੁਦਰਤਿ ਵਸਿਆ ਉਨ੍ਹਾਂ ਦੀ ਟੀਮ ਨੇ ਖੇਡਿਆ । ਸਮਾਗਮ ਦੇ ਮੁੱਖ ਮਹਿਮਾਨ ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਗੱਲ ਸਾਹਿਤ ਸਭਾਵਾਂ ਵੱਲੋਂ ਚੱਲੀ ਹੈ ਤਾਂ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸ ਮੌਕੇ ਡਾ. ਬਲਵਿੰਦਰ ਸਿੰਘ ਸੋਢੀ ਨੇ ਆਪਣੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ। ਯਾਦ ਰਹੇ ਕੇ ਉਨ੍ਹਾਂ ਨੇ ਦੋ ਪੁਸਤਕਾਂ ਗੁਆਚੇ ਹਰਫ਼ (ਕਾਵ ਸੰਗ੍ਰਹਿ )ਅਤੇ ਸੋਢੀ ਵੰਸ਼ ਦੀ ਧੁੱਪ ਛਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਮੌਕੇ ਉਘੇ ਵਾਤਾਵਰਨ ਪ੍ਰੇਮੀ ਸਰਵਪਾਲ ਸ਼ਰਮਾ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਦਿੱਤੀ। ਸਭਾ ਦੇ ਜਨਰਲ ਸਕੱਤਰ ਅਤੇ ਸਟੇਜ ਦੀ ਭੂਮਿਕਾ ਨਿਭਾਅ ਰਹੇ ਅੰਮ੍ਰਿਤਪਾਲ ਕਲੇਰ ਚੀਦਾ ਨੇ ਸਾਹਿਤਕ ਸਿਰਜਣਾ ਅਤੇ ਵਾਤਾਵਰਣ ਦੀ ਹੋਂਦ ਨੂੰ ਬਚਾਉਣ ਤੇ ਗੱਲ ਕੀਤੀ।
ਹਿੰਦੀ ਦੀ ਕਵਿਤਰੀ ਸ੍ਰੀਮਤੀ ਸੁਮਨ ਸ਼ਰਮਾ ਨੇ ਵਾਤਾਵਰਨ ਦਿਵਸ ਤੇ ਮਿੰਨੀ ਕਹਾਣੀ ਪੇਸ਼ ਕੀਤੀ। ਗਗਨਦੀਪ ਨੇ ਮਿਰਜ਼ਾ ਅਤੇ ਨਿਰਮਲ ਪੱਤੋ ਨੇ ਪਿੱਪਲਾ ਵੇ ਪਿੱਪਲਾ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਤਰਸੇਮ ਗੋਪੀ ਕਾ ਨੇ ਬੜੀ ਸੰਜੀਦਾ ਕਵਿਤਾ ਪੇਸ਼ ਕੀਤੀ। ਮਨਦੀਪ ਸਿੰਘ ਬਾਠ ਨੇ ਸਾਹਿਤ ਦੀ ਸਾਰਥਿਕਤਾ ਤੇ ਗੱਲ ਕੀਤੀ।
ਖੋਜਕਾਰ ਗੁਰਦਰਸ਼ਨ ਲੁੱਧੜ ਨੇ ਸਾਹਿਤ ਦੀ ਸੰਜੀਦਗੀ ਤੇ ਗੱਲ ਕੀਤੀ। ਹਰਜੀਤ ਸਿੰਘ ਗੰਗਾ ਨੇ ਜ਼ਮੀਨੀ ਪੱਧਰ ਤੇ ਰੁੱਖਾਂ ਦੀ ਹੋਂਦ ਬਚਾਉਣ ਬਾਰੇ ਕਿਹਾ। ਹਾਜ਼ਰੀਨ ਕਵੀਆਂ ਗੁਰਮੀਤ ਸਿੰਘ ਹਮੀਰਗੜ੍ਹ ,ਸਿਕੰਦਰ ਸਿੰਘ, ਰਣਜੀਤ ਸਿੰਘ ਕਲੇਰ, ਗੁਰਵਿੰਦਰ ਮਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਸਭਾ ਦੇ ਪ੍ਰਧਾਨ ਸ. ਬਲੌਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਬੇਅੰਤ ਸਿੰਘ ਚੀਦਾ, ਤਰਲੋਚਨ ਸਿੰਘ ਸਰਪੰਚ ਗੰਗਾ, ਪੱਤਰਕਾਰ ਪਰਮਜੀਤ ਸਿੰਘ ਢਿੱਲੋਂ,ਸੋਹਣ ਸਿੰਘ , ਕਿਰਨਦੀਪ ਕੌਰ , ਜਮਹੂਰੀ ਹੱਕਾਂ ਦੇ ਆਗੂ ਸੰਦੀਪ ਸਿੰਘ ਭਗਤਾ, ਸਿਕੰਦਰ ਦੀਪ ਸਿੰਘ ਰੂਬਲ , ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਅਤੇ ਕਸ਼ਿਸ਼ ਬਾਬੂ ਹਾਜ਼ਰ ਸਨ।