ਚੱਲ ਪਰਤ ਚਲੀਏ ਘਰਾਂ ਨੂੰ
ਆਪਾਂ ਕੀ ਲੈਣਾ ਏਸ ਰਾਹ ਤੋਂ
ਉਦਾਸੀ ਵਾਲੇ ਨੇ
ਇਹ ਸਾਰੇ ਚੁਰਾਹੇ ਤੇ ਪੱਗ -ਡੰਡੀਆਂ
ਰਹਿਣ ਦੇ ਦਰਦਾਂ ਭਰੇ ਸੀਨੇ ਨੂੰ ਏਥੇ
ਜਿੱਧਰ ਵੀ ਦੇਖਦਾ ਹਾਂ-
ਉਜਾੜ੍ਹ ਹੀ ਦਿਸਦਾ ਹੈ ਅਸਮਾਨ-
ਕੋਈ ਘਰ ਨਹੀਂ ਹੱਸਦਾ-
ਕਿਸੇ ਛੱਤ ਤੇ ਵੀ ਸੂਰਜ ਨਹੀਂ ਦੇਖਿਆ ਬੈਠਾ -
ਕਿਸੇ ਰਾਤ ਚ ਨਹੀਂ ਚੰਦ ਦਾ ਟੁਕੜਾ
ਮਾਵਾਂ ਲੋਰੀਆਂ ਦੇਣ- ਤਾਂ ਕਿਹਨੂੰ
ਕਿਹੜੇ ਬੁਰਜ਼ ਚ ਸਾਂਭ ਲਵਾਂ
ਟੋਟੇ ਜਿਗਰ ਹਿਜ਼ਰ ਦੇ-
ਮੇਰੇ ਕੋਲੋਂ ਨਹੀਂ ਰੱਖ ਹੁੰਦਾ ਹੁਣ ਸਿਰ ਤਲੀ ਤੇ
ਲੜਾਂ ਤਾਂ ਕਿਹਦੇ ਲਈ-
ਬਹੁਤ ਦੂਰ ਹੈ ਹਰੀਮੰਦਰ
ਓਥੇ ਜੇ ਪਹੁੰਚ ਵੀ ਗਿਆ ਤਾਂ
ਕਿਸੇ ਨਹੀਂ ਪਛਾਨਣਾ-
ਬਾਹਰ ਕੱਢ ਦੇਣਗੇ ਧੱਕਾ ਦੇ, ਖੰਡਾ ਖੋਹ ਕੇ
ਬਹੁਤ ਵਾਰ ਸੋਚਦਾ ਹਾਂ-
ਦੇਖਾਂ ਦੂਰੋਂ ਸਿਰ ਸੁੱਟ ਕੇ
ਨਹੀਂ ,ਇਹਨਾਂ ਦੇ ਕੰਬ ਜਾਣਗੇ ਹੱਥ ਪੈਰ
ਦਿੱਲ ਤਾਂ ਇਹਨਾਂ ਦੇ ਪਹਿਲਾਂ ਹੀ ਨਾ ਚੱਲਣ
ਖੜ੍ਹੇ ਨੇ-ਬਰਛਿਆਂ ਸਹਾਰੇ-
ਜੇਬਾਂ 'ਚ ਪਾ ਕੇ ਫ਼ਰਿਸ਼ਤਾਂ ਸੁਰਗ ਦੀਆਂ -
ਛੱਡ ਪਰੇ ਇਹਨਾਂ ਸਾਹਮਣੇ
ਸੀਸ ਦੇਣ ਦਾ
ਸ਼ਹੀਦੀ ਪਾਉਣ ਦਾ ਕੀ ਫ਼ਾਇਦਾ
ਡਰ ਜਾਣਗੇ ਖ਼ੂਨ ਦੇਖ ਕੇ ਭੱਜ ਜਾਣਗੇ ਘਰਾਂ ਨੂੰ -
ਬੇਦਾਵੇ ਲਿਖ ਕੇ-
ਜੀਅ ਕਰਦਾ ਹੈ
ਪਰਕਰਮਾਂ ਚੋਂ ਹੀ ਮੁੜ ਜਾਂ
ਧੁਰ ਸੱਚਦੁਆਰ ਤਾਂ ਸੱਤਾ ਖਿੱਲਰੀ-
ਬਿਨ ਗੋਢਿਓਂ ਮੋਢਿਓਂ -
ਰੁੱਖ ਆਉਣ ਤਾਂ ਤਾਜ਼ ਮੰਗਣ-
ਅਰਸ਼ ਜਿੱਡੀਆਂ ਅਰਜ਼ੋਈਆਂ ਹੱਥੀਂ-
ਕੁਫ਼ਰ ਜੇਬਾਂ ਚੋਂ ਡੁੱਲਣ-
ਬਹੁਤ ਨੇ ਮੇਰੇ ਕੋਲ ਸਿਤਾਰੇ
ਕਦੇ ਧੜ੍ਹ ਤੇ ਸਿਰ ਲੈ ਕੇ ਆਵੀਂ
ਪਰੋਅ 2 ਪਹਿਨਾ ਦਿਆਂਗਾ-
ਮੱਥੇ 'ਚ ਕਦੇ ਰਿਸ਼ਮ ਉਗਾਵੀਂ ਜਗਦੀ
ਸੂਰਜ ਵੀ ਨਾਂ ਲਾ ਦਿਆਂਗਾ-
ਕਦੇ 'ਕੱਲਾ ਰੂਹ ਲੈ ਕੇ ਪਰਤੀਂ
ਤੇਰੀ ਕੁਲ ਦੀ ਪਿਆਸ ਮਿਟਾ ਦਿਆਂਗਾ-
ਧਰਤ ਤਾਂ ਬਹੁਤ ਛੋਟੀ
ਤੇਰੀ ਖਾਹਿਸ਼ ਉਮੰਗ ਲਈ
ਅੰਬਰ ਵੀ ਨਾਂ ਕਰਵਾ ਦਿਆਂਗਾ-
ਕਦੇ ਆਪਣੇ ਪੈਰਾਂ ਤੇ ਚੱਲ ਕੇ ਆਵੀਂ
ਤੇਰਾ ਵੀ ਕੋਈ ਨਾਂ ਰੱਖਵਾ ਦਿਆਂਗਾ-
ਤੇਰੇ ਮੱਥੇ ਚੰਦ ਟਿਕਾ ਦਿਆਂਗਾ-
ਸੁਰਖ਼ ਤਵੀ ਤੇ ਬੈਠਣ ਲਈ ਆਵੀਂ
ਹੁਣ ਜਦ ਵੀ ਆਇਆ
ਸਿਰ ਘਰ ਨਾ ਛੱਡ ਕੇ ਆਵੀਂ
ਅਸੀਂ ਪਰਖ਼ਣਾ ਹੈ ਐਤਕੀਂ-
ਬਹੁਤ ਵੱਡਾ ਦਾਨੀ ਹਾਂ ਮੈਂ
ਤੇਰੀ ਸੱਖਣੀ ਰੂਹ ਸਜਾਵਾਂਗਾ-
ਚੱਕ ਨਹੀਂ ਹੋਣੇ ਤੈਥੋਂ ਬੋਲਾਂ ਦੇ ਅੱਥਰੂ
ਇੱਕ ਸੁੱਤੀ ਚਿਖ਼ਾ ਜਗਾਵਾਂਗਾ-
ਮੁੜ ਜਾ ਨਾ ਲੰਘ ਹਿੱਕ ਸੁੱਤੀ ਤੋਂ-
ਸਾਗਰ ਸੁੱਤੇ ਰਹਿਣ ਦੇ
ਤੇਰੀ ਭੁੱਖ ਅਜੇ ਵੀ ਨਿੱਕੀ
ਫੁੱਲ ਖਿੜ੍ਹੇ ਹੱਸ ਲੈਣ ਦੇ
ਮਸਾਂ 2 ਹੈ ਸੂਰਜ ਉਠਿਆ
ਸੁਬਾ੍ਹ ਠਰੀ ਨਿੱਘ ਪੈਣ ਦੇ
ਬਹੁਤ ਖੜ੍ਹੇ ਫ਼ਰਿਆਦੀ ਬਾਹਰ
ਉਹਨਾਂ ਨੂੰ ਵੀ ਕੁਝ ਕਹਿਣ ਦੇ
----------------------------
ਡਾ. ਅਮਰਜੀਤ ਟਾਂਡਾ ,