ਪੰਜਾਬੀ ਅਦਾਕਾਰ ਨੂੰ ਆਪਣੇ ਸਮਾਜਿਕ ਵਰਤਾਰਿਆਂ ਦੀ ਸਮਝ ਬਣਾਉਣ ਲਈ ਖੋਜ ਨਾਲ ਜੁੜਣਾ ਜ਼ਰੂਰੀ
- ਪੰਜਾਬੀ ਸਭਿਆਚਾਰ ਅਦਾਕਾਰ ਨੂੰ ਅਧਿਆਤਮਿਕ ਪਰਵਾਜ਼ ਪ੍ਰਦਾਨ ਕਰਨ ਲਈ ਸਹਾਇਕ ਹੋ ਸਕਦਾ ਹੈ।
ਅੰਮ੍ਰਿਤਸਰ, 16 ਦਸੰਬਰ 2023 - ਮਹੀਨਾਵਾਰ ਪ੍ਰੋਗਰਾਮ ਬਿਬੇਕ ਗੋਸਟਿ ਦੇ 27ਵੇਂ ਭਾਗ ਵਿੱਚ ਸਿਨੇਮਾ ਨਾਲ ਜੁੜੇ ਅਦਾਕਾਰ ਕੰਵਲਪ੍ਰੀਤ ਸਿੰਘ ਨੇ ਮਸ਼ਹੂਰ ਰੂਸੀ ਸਿਨੇਮਾ ਲੇਖਕ ਅਤੇ ਨਿਰਦੇਸ਼ਕ ਕੋਂਸਟੈਂਨੀਨ ਸਟੈਨੀਸਲਾਵਸਕੀ ਦੀ ਰਚਨਾ ‘ਐਨ ਐਕਟਰ ਪਰਿਪੇਰਅਜ਼’ ‘ਤੇ ਆਪਣਾ ਖੋਜ-ਪਰਚਾ ਪੇਸ਼ ਕੀਤਾ, ਜਿਸ ਦਾ ਆਯੋਜਨ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿਨੇਮਾ ਅਧਿਐਨ ਅਤੇ ਕਲਾਕਾਰੀ ਸਿੱਖਣ ਲਈ ਪ੍ਰਮੁੱਖ ਸ੍ਰੋਤ ਵਿੱਚੋਂ ਇੱਕ ਹੈ, ਜਿਸ ਨੂੰ ਵਿਸ਼ਵ-ਵਿਆਪੀ ਪੱਧਰ ‘ਤੇ ਪਾਠ ਅਧਿਐਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਰੂਸੀ ਲੇਖਕ ਤੋਂ ਪਹਿਲਾ ਅਦਾਕਾਰੀ ਨੂੰ ਸਿਰਫ਼ ਮਕੈਨੀਕਲ ਅਰਥਾਂ ਵਿੱਚ ਪੇਸ਼ ਕੀਤਾ ਜਾਂਦਾ ਸੀ, ਇਸ ਕਰਕੇ ਅਦਾਕਾਰ ਸਿਰਜਕ ਦੀ ਥਾਂ ਇੱਕ ਮਜ਼ਦੂਰ ਵਜੋਂ ਆਪਣੇ ਸਵੈ ਦੀ ਘਾੜਤ ਕਰਦਾ ਨਜ਼ਰੀਂ ਆਉਂਦਾ ਸੀ। ਕੰਵਲਪ੍ਰੀਤ ਅਨੁਸਾਰ ਭਾਰਤੀ ਅਤੇ ਵਿਸ਼ੇਸ਼ ਕਰ ਪੰਜਾਬੀ ਸਿਨੇਮਾ ਨੂੰ ਅਦਾਕਾਰ ਲਈ ਅਜਿਹਾ ਵਿਦਿਅਕ ਪ੍ਰਬੰਧ ਸਥਾਪਿਤ ਕਰਨ ਦੀ ਲੋੜ ਹੈ ਜੋ ਉਸ ਦੀ ਹੋਂਦ ਨੂੰ ਵਿਆਪਕ ਕਰਦਿਆਂ ਹੋਏ ਉਸ ਨੂੰ ਅੰਤਰ-ਅਨੁਸ਼ਾਸ਼ਨੀ ਖੋਜਾਰਥੀ ਵਜੋਂ ਉਭਾਰਣ, ਨਾ ਕਿ ਇੱਕ ਮੰਡੀ ਦੀ ਜਿਣਸ ਵਜੋਂ ਜੋ ਆਪਣੀ ਸਿਰਜਣਾ ਲਈ ਸੁਤੰਤਰ ਹੀ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਸਭਿਆਚਾਰ ਕੋਲ ਇੱਕ ਵਿਸ਼ੇਸ਼ ਤਰ੍ਹਾਂ ਦਾ ਅਧਿਆਤਮਿਕ ਜਾਂ ਤੱਤ-ਮੀਮਾਂਸਕੀ ਆਧਾਰ ਹੋਣਾ ਚਾਹੀਦਾ ਹੈ ਜੋ ਅਦਾਕਾਰ ਨੂੰ ਸਮਾਜ ਅਤੇ ਇਸ ਤੋਂ ਪਾਰ ਵਾਪਰ ਰਹੇ ਨੈਤਿਕ-ਅਨੈਤਿਕ ਗੂੜ੍ਹ ਰਹੱਸਾਂ ਅਤੇ ਚੁੱਪ ਵਰਤਾਰਿਆਂ ਨੂੰ ਸਮਝਣ ਲਈ ਸਹਾਇਕ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਹੀਰਾ ਸਿੰਘ ਨੇ ਕੰਵਲਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਦੀ ਅਜੋਕੀ ਸਥਿਤੀ ਦੇ ਕਾਰਨ ਨੂੰ ਮੰਡੀਕਰਨ ਤੋਂ ਇਲਾਵਾ ਹੋਰ ਪ੍ਰਵਚਨਾਂ ਰਾਹੀਂ ਵੀ ਦੇਖਿਆ ਜਾਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਕਲਾ ਨੂੰ ਸਮਰਪਿਤ ਵਿਅਕਤੀ ਦਾ ਖੋਜ ਨਾਲ ਜੁੜਣਾ ਵੀ ਜ਼ਰੂਰਤ ਬਣ ਗਿਆ ਹੈ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਖੋਜਾਰਥੀ ਇਮਰਤਪਾਲ ਸਿੰਘ, ਹਰਕਮਲਪ੍ਰੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਤੋਂ ਕਵਲਪ੍ਰੀਤ ਸਿੰਘ,ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ, ਜਾਮੀਆ ਮਿਲੀਆ ਇਸਲਾਮੀਆ ਤੋਂ ਖੋਜਾਰਥੀ ਜਸਵਿੰਦਰ ਸਿੰਘ, ਗੁਰਚੇਤਨ ਸਿੰਘ, ਦਿਲਪ੍ਰੀਤ ਸਿੰਘ, ਕਰਨ, ਦੀਕਿਸ਼ਾ, ਅਕਾਸ਼ਦੀਪ ਸਿੰਘ, ਰਾਜਵੀਰ ਕੌਰ ਹਾਜ਼ਰ ਰਹੇ। ਮੰਚ ਦਾ ਸੰਚਾਲਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਲਖਵੀਰ ਸਿੰਘ ਨੇ ਕੀਤਾ।