ਸਫਲ ਉਦਮੀਆਂ ਦੀ ਪ੍ਰੇਰਣਾਤਮਕ ਕਹਾਣੀ ਦੇ ਵਿਸ਼ੇ ਤੇ ਵਰਕਸ਼ਾਪ ਲਗਵਾਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 23 ਜਨਵਰੀ,2024 : ਪੰਜਾਬ ਸਰਕਾਰ ਦੀ ਸਕੀਮ ਫ਼ਾਰ ਕੈਰੀਅਰ ਕੌਂਸਲਿੰਗ ਇਨ ਗਵਰਨਮੈਂਟ ਕਾਲਜਜ਼ ਆਫ਼ ਪੰਜਾਬ ਅਤੇ ਇੰਸਟੀਟਿਊਸ਼ਨਲ ਇਨੋਵੇਸਨਸ਼ ਕੌਸਲ ਸਕੀਮ ਅਧੀਨ ਪੰਜਾਬ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਬਜ਼ਟ ਦਾ ਪ੍ਰਯੋਗ ਕਰਦੇ ਹੋਏ ,ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਅੱਜ ਸਰਕਾਰੀ ਕਾਲਜ ਮਹੈਣ ਵਿਚ ਬੀ.ਏ / ਬੀ.ਕਾਮ ਭਾਗ ਪਹਿਲਾ, ਦੂਜਾ ਅਤੇ ਤੀਜੇ ਦੇ ਵਿਦਿਆਰਥੀਆਂ ਲਈ ਸਫ਼ਲ ਉੱਦਮੀਆਂ ਦੀ ਪ੍ਰੇਰਣਾਤਮਕ ਕਹਾਣੀ ਦੇ ਵਿਸ਼ੇ ਉੱਤੇ ਗ੍ਰਾਂਟ ਥੋਰਟਨ ਭਾਰਤ ਕੰਪਨੀ ਦੇ ਸਹਾਇਕ ਮੈਨੇਜਰ ਸ਼ੁਬਮ ਬਾਰੀਕ ਅਤੇ ਸਥਾਨਕ ਰਿਸੋਰਸ ਪਰਸਨ ਗੁਰਦੀਪ ਕੌਰ ਦੁਆਰਾ ਵਰਕਸ਼ਾਪ ਲਗਾਈ ਗਈ । ਉਹਨਾਂ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਾਨ ਦੱਸਿਆ ਕਿ ਗੁਰਦੀਪ ਕੌਰ ਨੇ ਕੇਂਦਰ ਸਰਕਾਰ ਦੁਆਰਾ ਸਵੈ ਸਹਾਇਤਾ ਗਰੁੱਪ ਦੀ ਮੈਂਬਰਸਿਪ ਲੈ ਕੇ ਕੰਮ ਕਰਨਾ ਸੁਰੂ ਕੀਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਟੀਚੇ ਪ੍ਰਾਪਤ ਕਰਨ ਵਿਚ ਲੱਗੀ ਹੋਈ ਗ੍ਰਾਂਟ ਥੋਰਟਨ ਕੰਪਨੀ ਦੀ ਮੈਂਬਰਸਿਪ ਪ੍ਰਾਪਤ ਕੀਤੀ।
ਗੁਰਦੀਪ ਕੌਰ ਨੇ 15 ਅਗਸਤ 2023 ਨੂੰ ਕੇਂਦਰ ਸਰਕਾਰ ਦੀ ਲੱਖਪਤੀ ਦੀਦੀ ਯੋਜਨਾ ਤਹਿਤ ਸਿਖਲਾਈ ਪ੍ਰਾਪਤ ਕੀਤੀ ਅਤੇ ਇਸ ਸਿਖਲਾਈ ਦੇ ਅਧਾਰ ਤੇ ਉਹਨਾਂ ਨੇ ਪਿੰਡਾਂ ਵਿਚ ਜਾ ਕੇ ਮਹਿਲਾਵਾਂ ਨੂੰ ਖੁੰਭਾਂ ਦੀ ਖੇਤੀ , ਗੰਡੋਆ ਖਾਦ , ਪਸ਼ੂਆਂ ਦੀ ਸਿਹਤ ਅਤੇ ਜੂਟ ਬੈਗ ਬਣਾਉਣ ਸੰਬੰਧੀ ਸਿਖਲਾਈ ਦੇ ਕੇ ਉਹਨਾਂ ਦੀ ਆਮਦਨ ਵਿਚ ਵਾਧਾ ਕੀਤਾ। ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਲੱਖਪਤੀ ਦੀਦੀ ਸਕੀਮ ਅਧੀਨ ਇਸਤਰੀਆਂ ਨੂੰ ਤਕਨੀਕੀ ਸਿਖਲਾਈ ਪ੍ਰਦਾਨ ਕਰਕੇ ਆਰਥਿਕ ਤੌਰ ਤੇ ਆਤਮਨਿਰਭਰ ਬਣਾਉਣਾ ਹੈ। ਇਸ ਸਕੀਮ ਅਧੀਨ ਗੁਰਦੀਪ ਕੌਰ ਨੇ ਪੰਜਾਬ ਦੀਆਂ 7 ਮਹਿਲਾਵਾਂ ਸਮੇਤ ਡਰੋਨ ਟ੍ਰੇਨਿੰਗ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਡਰੋਨ ਟ੍ਰੇਨਿੰਗ ਨਾਲ 7 ਮਿੰਟ ਵਿਚ ਇਕ ਏਕੜ ਵਿਚ ਸਪਰੇ ਕੀਤਾ ਜਾ ਸਕਦਾ ਹੈ। ਗੁਰਦੀਪ ਕੌਰ ਪ੍ਰਤੀ ਏਕੜ ਸਪਰੇ ਕਰਕੇ 250 ਰੁਪਏ ਦੇ ਹਿਸਾਬ ਨਾਲ ਕਮਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਡਰੋਨ ਨਾਲ ਸਪਰੇ ਕਰਕੇ ਪ੍ਰਤੀ ਏਕੜ 1200 ਤੋਂ 1500 ਰੁਪਏ ਬੱਚਤ ਹੋ ਸਕਦੀ ਹੈ। ਪਬਲਿਕ ਸੈਕਟਰ ਸਲਾਹਕਾਰ ਸ਼ਿਵਮ ਰਾਜ ਨੇ ਵਿਦਿਆਰਥੀਆਂ ਨੂੰ ਰਤਨ ਟਾਟਾ ਅਤੇ ਮੁਕੇਸ ਅੰਬਾਨੀ ਦੀਆਂ ਸਫਲਤਾਵਾਂ ਬਾਰੇ ਵਿਸਥਾਰ ਵਿਚ ਦੱਸਿਆ ।ਇਸ ਮੌਕੇ ਡਾ: ਦਰਸ਼ਨਪਾਲ ਅਤੇ ਪ੍ਰੋ: ਆਰ .ਕੇ ਗੁਪਤਾ ਨੇ ਵਿਦਿਆਰਥੀਆਂ ਨੂੰ ਸਫਲ ਉੱਦਮੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਉਤਸਾਹਿਤ ਕੀਤਾ । ਡਾ: ਦਿਲਰਾਜ ਕੌਰ ਅਤੇ ਪ੍ਰੋ : ਬੋਬੀ ਨੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।