ਗ਼ਜ਼ਲ
ਕਤਰਾ ਕਤਰਾ ਤੁਪਕਾ ਤੁਪਕਾ ਦਿਲ ਜੇ ਦਰਦ ਸਮੁੰਦਰ ਭਰਿਆ।
ਹਿੰਮਤ ਬਾਝੋਂ ਇਹ ਅਗਨੀ ਦਾ ਸਾਗਰ ਦੱਸੋ ਕਿਸ ਨੇ ਤਰਿਆ?
ਬੇ ਹਿੰਮਤੇ ਨੂੰ ਧਰਤੀ ਮਾਂ ਵੀ ਚੋਗ ਚੁਗਾਉਣੋਂ ਟਲ਼ ਹੈ ਜਾਂਦੀ,
ਖੰਭਾਂ ਹੀਣ ਪਰਿੰਦਾ ਜੀਕੂੰ ਬਿਨਾ ਉਡਾਰੀ ਫਿਰਦਾ ਮਰਿਆ।
ਕੱਚੀਆਂ ਪਿੱਲੀਆਂ ਇੱਟਾਂ ਦਾ ਮੈਂ ਗਾਹਕ ਨਹੀਂ ਜੀ ਸੁਣ ਲਓ ਸਾਰੇ,
ਪੱਕੀਆਂ ਨਾਨਕਸ਼ਾਹੀ ਇੱਟਾਂ ਸਿਦਕ ਸਲਾਮਤ ਮੇਰਾ ਕਰਿਆ।
ਧਰਤੀ ਮਾਤਾ ਬਾਬਲ ਅੰਬਰ ਖੇਡ ਖਿਡਾਵੀ ਕੁੱਲ ਸ੍ਰਿਸ਼ਟੀ,
ਤਾਂਹੀਓ ਂਮੇਰਾ ਚਿਹਰਾ ਖਿੜਿਆ ਰੂਹ ਦਾ ਵਿਹੜਾ ਭਰਿਆ ਭਰਿਆ।
ਰੂਪ ਮਿਰਾ ਨਵਿਆਇਆ ਤੇਰੀ ਸੱਜਰੀ ਨਜ਼ਰ ਸਵੱਲੀ ਮਗਰੋਂ,
ਸੁੱਕੇ ਬਿਰਖ਼ ਫੁਟਾਰਾ ਫੁੱਟਿਆ ਨਜ਼ਰਾਂ ਨੇ
ਕੀਹ ਜਾਦੂ ਕਰਿਆ?
ਮਾਰ ਪਲਾਕੀ ਚੜ੍ਹਿਆ ਹਾਂ ਮੈਂ ਵਕਤ ਦੇ ਅੱਥਰੇ ਘੋੜੇ ਉੱਤੇ,
ਤੇਰੇ ਦਮ ਤੇ ਉੱਡਿਆ ਫਿਰਦਾਂ ਬੈਠਾ ਸਾਂ
ਮੈਂ ਅੰਦਰੋਂ ਡਰਿਆ।
ਕੌਣ ਕਿਸੇ ਦੀ ਖ਼ਾਤਿਰ ਮਰਦੈ ਸੂਰਮਿਆਂ
ਜਾਂਬਾਜ਼ਾਂ ਤੋਂ ਬਿਨ,
ਸੀਸ ਤਲੀ ਤੇ ਪੈਰ ਤੇਗ ਤੇ ਨਿਸ਼ਚੇ ਬਾਝੋਂ ਕਿਸ ਨੇ ਧਰਿਆ।
ਗੁਰਭਜਨ ਗਿੱਲ
Gurbhajansinghgill@gmail.Com
9872631199