ਚੰਡੀਗੜ੍ਹ, 27 ਅਗਸਤ, 2016 : ਰਾਸ਼ਟਰੀ ਸੰਗੀਤ ਨਾਟਕ ਅਕਾਦਮੀ ਨੇ ਪੰਜਾਬੀ ਦੇ ਸਿਰਮੌਰ ਨਾਟਕਕਾਰ ਬਲਵੰਤ ਗਾਰਗੀ ਦੀ ਪਹਿਲੀ ਜਨਮ ਸ਼ਤਾਬਦੀ ਦੇ ਮੌਕੇ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਗਾਰਗੀ ਨਾ ਕੇਵਲ ਪੰਜਾਬੀ ਦੇ ਸਭ ਤੋਂ ਵੱਡੇ ਨਾਟਕਕਾਰਾਂ ਵਿੱਚੋਂ ਇੱਕ ਹੈ ਬਲਕਿ ਉਹ ਦੇਸ਼ ਭਰ ਦੇ ਕ ਅਤੇ ਰੰਗਕਰਮੀਆ ਵਿੱਚ ਇਕ ਮੋਹਰੀ ਥਾਂ ਰੱਖਦਾ ਹੈ। ਉਸ ਨੇ ਭਾਰਤੀ ਰੰਗਮੰਚ ਦੀ ਅਕਾਦਮਿਕਤਾ ਨੂੰ ਅਮੀਰ ਬਣਾਉਣ ਵਿੱਚ ਵੀ ਭਰਪੂਰ ਯੋਗਦਾਨ ਪਾਇਆ।
ਗਾਰਗੀ ਦੀ ਜਨਮ ਸ਼ਤਾਬਦੀ ਚਾਰ ਦਿਸੰਬਰ 2016 ਵਾਲੇ ਦਿਨ ਹੈ ਪਰ ਅਕਾਦਮੀ ਨੇ ਆਪਣੇ ਜਸ਼ਨਾਂ ਨੂੰ ਨਵੰਬਰ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਲਿੱਤਾ ਹੈ। ਇਸ ਸੰਬੰਧ ਵਿੱਚ ਸੰਗੀਤ ਨਾਟਕ ਅਕਾਦਮੀ ਨੇ ਇੱਕ ਵਿਸ਼ੇਸ਼ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਸੀ ਜਿਸਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਪ੍ਰੋਗਰਾਮ ਡਾਇਰੈਕਟਰ ਡਾਕਟਰ ਆਤਮਜੀਤ ਦੀ ਅਗਵਾਈ ਹੇਠ ਹੋਈ। ਇਸ ਵਿੱਚ ਫ਼ੈਸਲਾ ਹੋਇਆ ਕਿ ਗਾਰਗੀ ਦੇ ਨਾਟਕਾਂ ਦੇ ਛੇ ਰਾਸ਼ਟਰੀ ਮੇਲਿਆਂ ਦਾ ਆਯੋਜਨ ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ, ਜੰਮੂ ਅਤੇ ਦਿੱਲੀ ਵਿੱਚ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਗਾਰਗੀ ਦੇ ਪੰਜ ਪੰਜ ਨਾਟਕ ਖੇਡੇ ਜਾਣਗੇ। ਯਾਦ ਰਹੇ ਕਿ ਗਾਰਗੀ ਦਾ ਜਨਮ ਬਠਿੰਡਾ ਵਿੱਚ ਹੋਇਆ ਅਤੇ ਅੁਸਨੇ ਚੰਡੀਗੜ੍ਹ, ਦਿੱਲੀ ਅਤੇ ਅੰਮ੍ਰਿਤਸਰ ਵਿੱਚ ਬਹੁਤ ਸਾਰਾ ਕੰਮ ਕੀਤਾ। ਇਨ੍ਹਾਂ ਮੇਲਿਆਂ ਵਿੱਚ ਪੰਜਾਬ ਦੇ ਬਹੁਤ ਸਾਰੇ ਜਾਣੇ ਪਛਾਣੇ ਨਾਟ- ਨਿਰਦੇਸ਼ਕ ਹਿੱਸਾ ਲੈਣਗੇ। ਇਨ੍ਹਾਂ ਵਿੱਚ ਕੇਵਲ ਧਾਲੀਵਾਲ, ਬਲਵੰਤ ਠਾਕੁਰ, ਡਾਕਟਰ ਮੋਹਿੰਦਰ ਕੁਮਾਰ, ਨੀਨਾ ਟਿਵਾਣਾ, ਗੁਰਚਰਨ ਚੰਨੀ, ਰਾਣੀ ਬਲਬੀਰ, ਸੁਦੇਸ਼ ਸ਼ਰਮਾ ਅਤੇ ਪਾਲੀ ਭੁਪਿੰਦਰ ਸਿੰਘ ਵੀ ਸ਼ਾਮਿਲ ਹਨ। ਇਸਤੋਂ ਇਲਾਵਾ ਪੰਜਾਬੋਂ ਬਾਹਰਲੇ ਦੂਜੀਆਂ ਭਾਸ਼ਾਵਾਂ ਦੇ ਨਿਰਦੇਸ਼ਕਾਂ ਦੇ ਨਾਟਕਾਂ ਨੂੰ ਖਿਡਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਇਵੇਂ ਹੀ ਗਾਰਗੀ ਦੇ ਨਾਟਕਾਂ ਦੇ ਗੀਤਾਂ ਨੂੰ ਰੰਗਮੰਚੀ ਸੰਗੀਤ ਵਿੱਚ ਢਾਲਣ ਦਾ ਵੀ ਉਪਰਾਲਾ਼ ਹੋਵੇਗਾ।
ਇਨ੍ਹਾਂ ਮੇਲਿਆਂ ਦੌਰਾਨ ਤਿੰਨ ਦਿਨਾਂ ਸੈਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿੱਚ ਗਾਰਗੀ ਦੀ ਨਾਟਕ-ਕਲਾ ਅਤੇ ਨਿਰਦੇਸ਼ਨ-ਕਲਾ ਤੋਂ ਇਲਾਵਾ ਉਸ ਨਾਲ ਕੰਮ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਗਾਰਗੀ ਦੀਆ ਯਾਦਾਂ ਨੂੰ ਸਾਂਝਿਆਂ ਕਰਨਗੀਆਂ। ਦਿਸੰਬਰ 2017 ਤੱਕ ਯਾਦਾਂ ਦੇ ਇਸ ਵਿਹੜੇ ਅਤੇ ਸੈਮੀਨਾਰ ਵਿੱਚ ਪੇਸ਼ ਕੀਤੇ ਜਾਣ ਵਾਲੇ ਪੇਪਰਾਂ ਨੂੰ ਅਕਾਦਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਪੁਸਤਕਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਪ੍ਰਬੰਧਕੀ ਕਮੇਟੀ ਵਿੱਚ ਡਾਕਟਰ ਆਤਮਜੀਤ ਤੋਂ ਇਲਾਵਾ ਰਾਣੀ ਬਲਬੀਰ ਕੌਰ, ਗੁਰਚਰਨ ਚੰਨੀ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਸਿੰਘ, ਮਨਪਾਲ ਟਿਵਾਣਾ, ਜਸਪਾਲ ਦਿਓਲ ਅਤੇ ਨਵਦੀਪ ਕੌਰ ਨੇ ਹਿੱਸਾ ਲਿਆ। ਸੰਗੀਤ ਨਾਟਕ ਅਕਾਦਮੀ ਵੱਲੋਂ ਡਿਪਟੀ ਸੈਕਰੇਟਰੀ ਸੁਮਨ ਕੁਮਾਰ ਅਤੇ ਵਿਜੈ ਸਿੰਘ ਸ਼ਾਮਿਲ ਹੋਏ।