ਪੁਰਸਕਾਰ ਵੰਡ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹਿਆ ਪੰਜਾਬੀ ਮਾਹ
- ਜੱਸੀ ਸੋਹੀਆਂ ਵਾਲਾ ਨੇ ਕੀਤੇ ਸਰਵੋਤਮ ਪੁਰਸਕਾਰ ਪ੍ਰਦਾਨ
ਪਟਿਆਲਾ 30 ਨਵੰਬਰ 2023 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਮਨਾਏ ਗਏ ਪੰਜਾਬੀ ਮਾਹ ਦੇ ਸਮਾਗਮ ਅੱਜ ਇੱਥੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ ਵੰਡ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹ ਗਿਆ। ਇਸ ਸਮਾਗਮ ‘ਚ ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਸ਼ੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੌਰਾਨ ਕਰਵਾਏ ਗਏ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ।
ਵਿਸ਼ੇਸ਼ ਮਹਿਮਾਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਵੱਡੇ ਉੱਦਮ ਕੀਤੇ ਗਏ ਹਨ ਜਿਨ੍ਹਾਂ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਾਂ ਬੋਲੀ ਉਹ ਬੋਲੀ ਹੈ ਜੋ ਗੁਰੂਆਂ ਦੇ ਮੁੱਖ ‘ਚੋਂ ਉਚਾਰੀ ਗਈ ਹੈ। ਇਸ ਬੋਲੀ ‘ਚ ਦੁਨੀਆ ਦਾ ਸਰਵਪ੍ਰਵਾਨਤ ਤੇ ਮਾਨਵਤਾ ਦਾ ਸੰਦੇਸ਼ ਦੇਣ ਵਾਲੀ ਬਾਣੀ ਰਚੀ ਗਈ ਹੈ। ਇਸ ਕਰਕੇ ਸਾਨੂੰ ਮਾਣਮੱਤੀ ਪੰਜਾਬੀ ਮਾਂ ਬੋਲੀ ਮਾਣ ਨਾਲ ਬੋਲਣੀ ਚਾਹੀਦੀ ਹੈ। ਸ. ਜੱਸੀ ਨੇ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕੀਤੀ। ਆਪਣੇ ਪ੍ਰਧਾਨਗੀ ਭਾਸ਼ਨ ‘ਚ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਸ਼ਾ ਵਿਭਾਗ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਝੰਡਾਬਰਦਾਰ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਗਿਆਨ ਦਾ ਖਜ਼ਾਨਾ ਹੈ ਅਤੇ ਇਸ ਦਾ ਨਵੀਂ ਪੀੜ੍ਹੀ ਨੂੰ ਹਰ ਪੱਖੋਂ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪੁਰਸਕਾਰ ਹਮੇਸ਼ਾ ਲੇਖਕ ਦੀ ਜਿੰਮੇਵਾਰੀ ਵਧਾਉਂਦਾ ਹੈ, ਇਸ ਕਰਕੇ ਹੋਰ ਵਧੇਰੇ ਪ੍ਰਤੀਬੱਧਤਾ ਨਾਲ ਕੰਮ ਕਰਨ ਲਈ ਸਭ ਨੂੰ ਸ਼ੁਭਕਾਮਨਾਵਾਂ ਹਨ।
ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦਾ ਆਇਆ ਹੈ ਅਤੇ ਭਵਿੱਖ ਵਿੱਚ ਅਜਿਹੇ ਯਤਨਾਂ ਦੀ ਜਾਰੀ ਰਹਿਣੇ ਚਾਹੀਦੇ ਹਨ। ਅਖੀਰ ‘ਚ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੀ ਆਰੰਭਤਾ ਕਮਲਜੀਤ ਨੀਲੋਂ ਨੇ ਆਪਣੇ ਚਰਚਿਤ ਗੀਤ ‘ਮਾਣੋ ਬਿੱਲੀ’ ਨਾਲ ਕੀਤੀ। ਇਸ ਉਪਰੰਤ ਰਾਮ ਸਿੰਘ ਅਲਬੇਲਾ ਨੇ ਸਾਹਿਤਕ ਗੀਤਾਂ ਨਾਲ ਰੰਗ ਬੰਨਿਆ। ਕਵਿੱਤਰੀ ਨਿਰਮਲਾ ਗਰਗ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਪੇਸ਼ ਕਰਕੇ ਵਾਹ-ਵਾਹ ਖੱਟੀ। ਫਿਰ ਪੰਜਾਬ ਪੁਲਿਸ ਦੀ ਸੱਭਿਆਚਾਰਕ ਟੀਮ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਸਫਲ ਬਣਾ ਦਿੱਤਾ। ਮਸਤ ਅਲੀ ਨੇ ਛੱਲਾ, ਰਵਿੰਦਰ ਕੌਰ ਨੇ ਕੰਗਣਾ ਤੇ ਮਿਰਜ਼ਾ, ਸੁਖਦਾਸ ਨੇ ਪੰਜਾਬਣ ਬਾਰੇ ਗੀਤ, ਕਰਮ ਰਾਜ ਕਰਮਾ ਨੇ ਜੁਗਨੀ, ਕਵੀਸ਼ਰੀ ਤੇ ਢਾਡੀ ਜਥੇ ਨੇ ਮਿਆਰੀ ਗਾਇਕੀ ਨਾਲ ਰੰਗ ਬੰਨਿਆ। ਇਸ ਤੋਂ ਇਲਾਵਾ ਪੰਜਾਬ ਦਾ ਲੋਕ ਨਾਚ ਝੂਮਰ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਕੈਨੇਡਾ ਤੋਂ ਪੁੱਜੇ ਅਜਾਇਬ ਸਿੰਘ ਚੱਠਾ, ਰਾਮ ਸਿੰਘ ਅਲਬੇਲਾ, ਕਮਲਜੀਤ ਨੀਲੋਂ, ਨਰਪਾਲ ਸਿੰਘ ਸ਼ੇਰਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਨੇ ਭਰਵਾਂ ਯੋਗਦਾਨ ਪਾਇਆ।
ਜਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਮੋਹਾਲੀ, ਕੀਰਤੀ ਕਿਰਪਾਲ ਬਠਿੰਡਾ, ਤੇਜਿੰਦਰ ਕੌਰ ਮਾਨਸਾ, ਮਨਜੀਤ ਪੁਰੀ ਫਰੀਦਕੋਟ, ਜਗਰੀਤ ਕੌਰ ਮੁਕਤਸਰ, ਸੰਦੀਪ ਸ਼ਰਮਾ ਲੁਧਿਆਣਾ, ਹਰਕੀਰਤ ਸਿੰਘ ਰੋਪੜ੍ਹ, ਬਿੰਦਰ ਖੁੱਡੀ ਕਲਾਂ ਬਰਨਾਲਾ, ਜਗਜੀਤ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਸ਼ਰੋਮਣੀ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ, ਰਾਜਵੰਤ ਪੰਜਾਬੀ, ਅਮਰਜੀਤ ਕਾਉਂਕੇ, ਪ੍ਰੋ. ਅੱਛਰੂ ਸਿੰਘ, ਨਿਰੰਜਣ ਬੋਹਾ, ਗੁਰਪ੍ਰੀਤ ਮਾਨਸਾ, ਹਰਬੰਸ ਸਿੰਘ ਧੀਮਾਨ, ਡਾ. ਗੁਰਮੇਲ ਕੌਰ ਜੋਸ਼ੀ, ਜੋਗਿੰਦਰ ਕੌਰ ਅਗਨੀਹੋਤਰੀ ਆਦਿ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਸਾਹਿਤਕਾਰ, ਭਾਸ਼ਾ ਵਿਭਾਗ ਦੇ ਅਧਿਕਾਰੀ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।
ਤਸਵੀਰ:- ਪੰਜਾਬੀ ਮਾਹ ਦੀ ਸਮਾਪਤੀ ਮੌਕੇ ਜਸਬੀਰ ਸਿੰਘ ਜੱਸੀ ਸੋਹੀਆਂ, ਡਾ. ਪਰਮਵੀਰ ਸਿੰਘ ਨੂੰ ਪੁਰਸਕਾਰ ਪ੍ਰਦਾਨ ਕਰਦੇ ਹੋਏ। ਉਨ੍ਹਾਂ ਨਾਲ ਹਨ ਡਾ. ਵੀਰਪਾਲ ਕੌਰ, ਪਦਮ ਸ਼੍ਰੀ ਰਤਨ ਸਿੰਘ ਜੱਗੀ, ਦਰਸ਼ਨ ਬੁੱਟਰ, ਹਰਪ੍ਰੀਤ ਕੌਰ ਤੇ ਹੋਰ।
ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ 2021 ਜੇਤੂਆਂ ਦੀ ਸੂਚੀ:-
ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ)- ਸਰਬਜੀਤ ਸਿੰਘ ਵਿਰਕ ਦੀ ਪੁਸਤਕ ਲਿਖਤੁਮ ਭਗਤ ਸਿੰਘ, ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ, ਡਾ. ਅਤਰ ਸਿੰਘ ਪੁਰਸਕਾਰ- (ਆਲੋਚਨਾ) ਡਾ. ਕਮਲਜੀਤ ਸਿੰਘ ਟਿੱਬਾ ਦੀ ਪੁਸਤਕ ਪੰਜਾਬੀ ਗੀਤ ਸ਼ਾਸ਼ਤਰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)- ਕੇਵਲ ਧਾਲੀਵਾਲ ਦੇ ਨਾਟਕ ਸੀਸ, ਐੱਮ.ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)- ਡਾ. ਪਰਮਵੀਰ ਸਿੰਘ ਦੀ ਪੁਸਤਕ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫਰਨਾਮਾ)- ਰਣਜੀਤ ਧੀਰ ਦੀ ਪੁਸਤਕ ਵਲਾਇਤੋਂ ਨਿਕ-ਸੁਕ, ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ)- ਰਾਕੇਸ਼ ਕੁਮਾਰ ਦੀ ਪੁਸਤਕ ਗਾਂਧਾ ਸਿੰਘ ਕੱਚਰਭੰਨ ਗੀਤ ਗਾਉਂਦਾ ਫਾਂਸੀ ਚੜ੍ਹਿਆ ਗਦਰ ਲਹਿਰ ਦਾ ਨਿਡਰ ਯੋਧਾ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)- ਸਤਿਨਾਮ ਸਿੰਘ (ਵਾਹਿਦ) ਦੀ ਪੁਸਤਕ ਵਰਤਮਾਨ ਤੇ ਪੇਪਰਵੇਟ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ)- ਸੁਖਵਿੰਦਰ ਦੀ ਪੁਸਤਕ ਹਾਂ!ਮੈਂ ਔਰਤ ਹਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)- ਗੁਰਮੀਤ ਕੜਿਆਲਵੀ ਦੀ ਪੁਸਤਕ ਸ਼ੇਰ ਸ਼ਾਹ ਸੂਰੀ ਨੂੰ ਦਿੱਤਾ ਗਿਆ।
ਹਿੰਦੀ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਸਾਲ 2021 ਦੇ ਜੇਤੂਆਂ ਦੀ ਸੂਚੀ:-
ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ)-ਮੋਹਨ ਸਪਰਾ ਦੀ ਪੁਸਤਕ ਰੰਗੋਂ ਮੇਂ ਰੰਗ… ਪ੍ਰੇਮ ਰੰਗ, ਡਾ. ਇੰਦਰਨਾਥ ਮਦਾਨ ਪੁਰਸਕਾਰ- ਡਾ. ਗੀਤਾ ਡੋਗਰਾ ਦੀ ਪੁਸਤਕ ਸਪਨੇ ਜਾਗ ਰਹੇ ਹੈ, ਗਿਆਨੀ ਗਿਆਨ ਸਿੰਘ ਪੁਰਸਕਾਰ- ਡਾ. ਰਾਜਵੰਤੀ ਮਾਨ ਦੀ ਪੁਸਤਕ ਥੇਮਸ ਤਰਲ ਇਤਿਹਾਸ ਹੈ, ਮੋਹਨ ਰਾਕੇਸ਼ ਪੁਰਸਕਾਰ- ਸ਼੍ਰੀਮਤੀ ਸੁਧਾ ਜੈਨ ਸੁਦੀਪ ਦੀ ਪੁਸਤਕ ਜੀਓ ਔਰ ਜੀਨੇ ਦੋ ਨੂੰ ਦਿੱਤਾ ਗਿਆ।
ਹਿੰਦੀ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਸਾਲ 2022 ਦੇ ਜੇਤੂਆਂ ਦੀ ਸੂਚੀ:-
ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ)- ਰਾਕੇਸ਼ ਪ੍ਰੇਮ ਦੀ ਪੁਸਤਕ ਸੂਰਜ ਮੁਖੀ ਸਾ ਖਿਲਤਾ ਹੈ ਜੋ, ਸੁਦਰਸ਼ਨ ਪੁਰਸਕਾਰ- ਵੀਨਾ ਵਿਜ ਉਦਿਤ ਦੀ ਪੁਸਤਕ ਮੋਹ ਕੇ ਧਾਗੇ, ਡਾ. ਇੰਦਰਨਾਥ ਮਦਾਨ ਪੁਰਸਕਾਰ- ਰਾਜਿੰਦਰ ਤੋਖੀ ਦੀ ਪੁਸਤਕ ਅਮੀਰ ਖੁਸਰੋ, ਬਾਲ ਸਾਹਿਤ ਪੁਰਸਕਾਰ- ਪ੍ਰਿੰ. ਵਿਜੈ ਕੁਮਾਰ ਦੀ ਪੁਸਤਕ ਪਾਪਾ ਕਾ ਏਟੀਐਮ ਨੂੰ ਦਿੱਤਾ ਗਿਆ।
ਉਰਦੂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਸਾਲ 2023 ਦੇ ਜੇਤੂਆਂ ਦੀ ਸੂਚੀ:-
ਰਾਜਿੰਦਰ ਸਿੰਘ ਬੇਦੀ ਪੁਰਸਕਾਰ- ਮੁਹੰਮਦ ਉਮਰ ਫਾਰੂਕ ਦੀ ਪੁਸਤਕ ਸ਼ਰਾਰੇ (ਅਫਸਾਨਚੇ), ਸਾਹਿਰ ਲੁਧਿਆਣਵੀ ਪੁਰਸਕਾਰ- ਡਾ. ਮੁਹੰਮਦ ਆਯੂਬ ਖਾਨ ਦੀ ਪੁਸਤਕ ਰਖਤ ਏ ਸਫਰ (ਸ਼ਿਅਰੀ ਮਜਬੂਆ), ਹਾਫਿਜ਼ ਮਹਿਮੂਦ ਸ਼੍ਰੀਰਾਨੀ ਪੁਰਸਕਾਰ- ਡਾ. ਮੁਹੰਮਦ ਜ਼ਮੀਲ ਦੀ ਪੁਸਤਕ ਤਕਸੀਮ ਏ ਵਤਨ ਕੇ ਬਾਅਦ ਪੰਜਾਬ ਕੇ ਨਾਮਵਰ ਉਰਦੂ ਸ਼ੋਅਰਾ (ਹਯਾਤ ਓ ਖਿਦਮਾਤ) ਨੂੰ ਦਿੱਤਾ ਗਿਆ।