ਜੀ ਐਸ ਪੰਨੂ
ਪਟਿਆਲਾ, 5 ਅਕਤੂਬਰ 2017 :
ਮੌਖਿਕ ਇਤਿਹਾਸ ਨੂੰ ਕਲਮਬੱਧ ਕਰਨ ਲਈ ਡਾ. ਗੰਡਾ ਸਿੰਘ ਦੁਆਰਾ ਸ਼ੁਰੂ ਕੀਤੇ ਪ੍ਰਾਜੈਕਟ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ| ਇਹ ਸ਼ਬਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਭਾਰਤ ਪਾਕਿ ਵੰਡ ਤੇ ਲਿਖੀ ਪੁਸਤਕ ‘ਰੂਹਾਂ ਦਾ ਰੁਦਨ'' ਦੇ ਰਿਲੀਜ ਸਮਾਰੋਹ ਤੇ ਵਿਚਾਰ ਗੋਸ਼ਟੀ ਹੋਈ ਬੋਲਦੇ ਹੋਏ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਹੇ| ਉਨ੍ਹਾਂ ਕਿਹਾ ਕਿ ਧਰਮ ਅਧਿਐਨ ਦਾ ਪ੍ਰੋਫੈਸਰ ਮੌਖਿਕ ਇਤਿਹਾਸ ਤੇ ਕੰਮ ਕਰ ਰਿਹਾ ਹੈ, ਮੇਰੇ ਲਈ ਇਹ ਅਚੰਭੇ ਵਾਲੀ ਗੱਲ ਹੈ| ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਅਕਾਦਮੀਅਨ ਨੂੰ ਮਲਟੀ ਵੇਗ ਹੋਣਾ ਚਾਹੀਦਾ ਹੈ| ਇਹ ਪੁਸਤਕ ਇਸਦੀ ਪੁਖਤਾ ਉਦਾਹਰਨ ਹੈ|ਓਨਾ ਕਿਹਾ ਲੋਕ ਹੁਣ ਵੀ ਚਾਹੁਦੇ ਹਨ ਮਿਲ ਵਰਤਣ ਨੂੰ ਪਰ ਦੇਸ ਦੀਆ ਬਾਰਡਰ ਬੰਦਸ਼ਾਂ ਸਾਨੂੰ ਦੂਰ ਕਰ ਰਹੀਆਂ ਹਨ। ਧਿਆਨ ਰਹੇ ਕਿ ਦੁਬਈ ਦੇ ਧਨਾਢ ਤੇ ਸੰਸਾਰ ਪ੍ਰਸਿੱਧ ਦਾਨੀ ਸੁਰਿੰਦਰਪਾਲ ਸਿੰਘ ਓਬਰਾਏ ਦੇ ਪੁਰਖਿਆਂ ਤੇ ਲਿਖੀਆਂ ਇਨ੍ਹਾਂ ਪੁਸਤਕਾਂ ਨੂੰ ਅਕਾਦਮਿਕ ਜਗਤ ਵਿਚ ਬਹੁਤ ਵੱਡੀ ਮਾਨਤਾ ਪ੍ਰਾਪਤ ਹੋਈ ਹੈ|
ਵਿਚਾਰ ਗੋਸ਼ਟੀ ਵਿਚ ਪੁਸਤਕ ਤੇ ਹੋਈ ਭਰਵੀਂ ਬਹਿਸ ਨੂੰ ਸ਼ੁਰੂ ਕਰਦੇ ਹੋਏ ਡਾ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮਹਿਜ ਬਹੱਤਰ ਘੰਟਿਆਂ ਦੇ ਸਮੇਂ ਨੂੰ ਡੇਢ ਸੌ ਪੰਨੇ ਵਿਚ ਕਿਵੇਂ ਬੰਨ੍ਹ ਲਿਆ ਗਿਆ| ਇਹ ਪੁਸਤਕ ਨਿਸ਼ਚੇ ਹੀ ਵੱਖਵੱਖ ਫਿਰਕਿਆਂ ਵਿਚ ਨਵਾਂ ਅਧਿਆਇ ਸ਼ੁਰੂ ਕਰੇਗੀ| ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਪਾਕਿ ਵੰਡ ਤੇ ਅਨੇਕਾਂ ਪੁਸਤਕਾਂ ਲਿਖੀਆਂ ਗਈਆਂ ਹਨ ਅਤੇ ਲਿਖੀਆਂ ਜਾਂਦੀਆਂ ਰਹਿਣਗੀਆਂ, ਪਰ ਇਹ ਪੁਸਤਕ ਭਾਰਤ ਪਾਕਿ ਵੰਡ ਤੇ ਇਕ ਹਸਤਾਖਰ ਦਾ ਕੰਮ ਕਰੇਗੀ| ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਥੀਆਲੋਜੀ ਦਾ ਪ੍ਰਵੇਗ ਇਹੋ ਜਿਹਾ ਕਮਾਲ ਦਾ ਪ੍ਰਵਚਨ ਆਪਣੀ ਲਿਖਤ ਰਾਹੀਂ ਸਾਹਮਣੇ ਲੈ ਆਵੇਗਾ, ਹੈਰਾਨੀਜਨਕ ਲੱਗਦਾ ਹੈ| ਪਰ ਜੋ ਪ੍ਰਬੁੱਧ ਵਿਦਵਾਨ ਨੇ ਕਰ ਦਿੱਤਾ ਹੈ, ਉਹ ਸਦੈਵ ਸਾਡੇ ਚੇਤਿਆਂ ਦਾ ਭਾਗ ਰਹੇਗਾ|ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਦੇਸ ਵੰਡ ਕੋਈ ਲੋਕਾਂ ਵਲੋਂ ਕੀਤੀ ਗਈ ਵੰਡ ਨਹੀਂ ਸੀ ਬਲਕਿ ਇਹ ਤਾ ਸਿਰਫ 9 ਬੰਦਿਆ ਨੇ ਦੇਸ ਦੀ ਵੰਡ ਕੀਤੀ ਜਿਸ ਕੋਈ ਲੋੜ ਨਹੀਂ ਸੀ। ਦੇਸ ਵੰਡ ਧਾਰਮਿਕ ਤੋਰ ਤੇ ਕੀਤੀ ਗਈ ਵੰਡ ਵਿਚ 1.5 ਕਰੋੜ ਦੇ ਕਰੀਬ ਲੋਕ ਪ੍ਰਭਾਵਤ ਹੋਏ ਕੁੱਝ ਮਾਰੇ ਗਏ ਤੇ ਬਹੁਤ ਸਾਰੇ ਜਖਮੀ ਹੋਏ ਜੋ ਹੁਣ ਤਕ ਵੀ ਤਾਬ ਨਹੀਂ ਆ ਸਕੇ।
ਪੁਸਤਕ ਦੇ ਲੇਖਕ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਮੈਂ ਤੇ ਐਸ.ਪੀ. ਸਿੰਘ ਓਬਰਾਏ ਤੇ ਲਿਖਣਾ ਸ਼ੁਰੂ ਕੀਤਾ ਸੀ, ਪਰ ਇਹ ਵੱਖਰੀ ਤੇ ਨਿਵੇਕਲੀ ਟੈਕਸਟ ਦਾ ਰੂਪ ਕਿਵੇਂ ਬਣ ਗਿਆ, ਇਹ ਮੇਰੀ ਵੀ ਸਮਝ ਤੋਂ ਬਾਹਰ ਹੈ| ਡਾ. ਮਨਜੀਤ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਨੇ ਕਿਹਾ ਕਿ ਇਹ ਵੀ ਵੱਖਰੀ ਦੀ ਗੱਲ ਹੈ ਕਿ ਸਾਡੀਆਂ ਇਹ ਪੁਸਤਕਾਂ ਆਂਧਰਾ ਪ੍ਰਦੇਸ਼ , ਮਹਾਂਰਾਸ਼ਟਰ ਤੇ ਤਾਮਿਲਨਾਡੂ ਦੀਆਂ ਯੂਨੀਵਰਸਿਟੀਆਂ ਨੇ ਛਾਪ ਕੇ ਇਨ੍ਹਾਂ ਪੁਸਤਕਾਂ ਦੀ ਅਹਿਮੀਅਤ ਨੂੰ ਸਾਹਮਣੇ ਲੈ ਆਂਦਾ ਹੈ|
ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਮੇਰੇ ਕੋਲ ਸਭ ਕੁਝ ਹੈ ਪਰ ਇਨ੍ਹਾਂ ਪੁਸਤਕਾਂ ਦਾ ਰਿਣ ਉਤਾਰਨ ਲਈ ਮੇਰੇ ਕੋਲ ਕੁਝ ਵੀ ਨਹੀਂ ਹੈ|