ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸਿ਼ਤ 'ਤ੍ਰੈ-ਭਾਸ਼ੀ ਸ਼ਬਦਾਵਲੀ' ਰਿਲੀਜ਼
ਪਟਿਆਲਾ, 10 ਮਈ 2023 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸਿ਼ਤ ਪੁਸਤਕ 'ਤ੍ਰੈ-ਭਾਸ਼ੀ ਸ਼ਬਦਾਵਲੀ' ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਦਵਿੰਦਰ ਸਿੰਘ ਵੱਲੋਂ ਤਿਆਰ ਕੀਤੀ ਗਈ ਇਸ ਪੁਸਤਕ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਨਾਲ਼ ਸੰਬੰਧਤ ਤਿੰਨ ਭਾਸ਼ਾਵਾਂ ਦੀ ਸ਼ਬਦਾਵਲੀ ਸ਼ਾਮਿਲ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵੱਡੀ ਗਿਣਤੀ ਵਿੱਚ ਭਾਰਤ ਦੇ ਦੂਜੇ ਰਾਜਾਂ ਅਤੇ ਵਿਦੇਸ਼ਾਂ ਤੋਂ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ। ਇਹ ਤ੍ਰੈ-ਭਾਸ਼ੀ ਸ਼ਬਦਾਵਲੀ' ਪੁਸਤਕ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਕਰਨਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇਕਰ ਇਹ ਵਿਦਿਆਰਥੀ ਇਸ ਸ਼ਬਦਾਵਲੀ ਨੂੰ ਸਿੱਖ ਜਾਂਦੇ ਹਨ ਤਾਂ ਉਹ ਵਧੀਆ ਢੰਗ ਨਾਲ਼ ਪੰਜਾਬੀ ਭਾਸ਼ਾ ਬੋਲਣੀ, ਪੜ੍ਹਨੀ ਅਤੇ ਲਿਖਣੀ ਸਿੱਖ ਸਕਦੇ ਹਨ।
ਪਬਲੀਕੇਸ਼ਨ ਬਿਊਰੋ ਦੇ ਮੁਖੀ ਪ੍ਰੋ. ਸੁਰਜੀਤ ਸਿੰਘ ਨੇ ਕਿਹਾ ਕਿ ਇਹ ਸ਼ਬਦਾਵਲੀ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਲਈ ਵੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਸ ਸ਼ਬਦਾਵਲੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੰਜਾਬੀ ਸ਼ਬਦਾਂ ਦੇ ਉਚਾਰਨ ਨੂੰ ਦਰਜ ਕੀਤਾ ਗਿਆ ਹੈ ਜੋ ਕਿ ਅੰਤਰਰਾਸ਼ਟਰੀ ਧੁਨੀ ਲਿਪੀ ਰਾਹੀਂ ਦਿੱਤਾ ਗਿਆ ਹੈ। ਇਸ ਤਰ੍ਹਾਂ ਵਿਦਿਆਰਥੀ ਪੰਜਾਬੀ ਸ਼ਬਦਾਂ ਦਾ ਸਹੀ ਉਚਾਰਨ ਸੌਖੇ ਤਰੀਕੇ ਨਾਲ਼ ਸਿੱਖ ਸਕਦੇ ਹਨ।
ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ਬਦਾਵਲੀ ਵਿੱਚ ਰੋਜ਼ਾਨਾ ਵਰਤੇ ਜਾਂਦੇ ਲਗਭਗ ਪੰਜ ਹਜ਼ਾਰ ਸ਼ਬਦਾਂ ਨੂੰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਸ਼ਬਦਾਂ ਦੇ ਅੰਗਰੇਜ਼ੀ ਭਾਸ਼ਾ ਵਿੱਚ ਅਰਥ ਦਿੱਤੇ ਗਏ ਹਨ।
ਪੁਸਤਕ ਰਿਲੀਜ਼ ਕਰਨ ਮੌਕੇ ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਤੋਂ ਮੁਖੀ ਡਾ. ਪ੍ਰਮਿੰਦਰਜੀਤ ਕੌਰ, ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ, ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਦਾ ਸਟਾਫ਼ ਹਾਜ਼ਰ ਸੀ।