ਡਾ. ਸੈਫੀ ਦੀ ਪੁਸਤਕ “ਕਲਾਮ ਏ ਸੈਫੀ’’ ਪਾਕਿਸਤਾਨ ਦੇ ਅਦੀਬਾਂ ਵੱਲੋਂ ਕੀਤੀ ਗਈ ਜਾਰੀ
- ਸਾਹਿਤਕਾਰਾਂ ਵਲੋਂ ਅਜੌਕੇ ਸਿਸਟਮ ਦੇ ਹੱਥਕੰਡਿਆਂ ਸਬੰਧੀ ਉਠਾਏ ਗਏ ਨੁਕਤੇ!
ਦੀਪਕ ਗਰਗ
ਕੋਟਕਪੂਰਾ, 10 ਜੂਨ 2023 :- ਡਾ. ਦੇਵਿੰਦਰ ਸੈਫੀ ਦੀ ਪੁਸਤਕ “ਕਲਾਮ-ਏ-ਸੈਫੀ’’ ਪਾਕਿਸਤਾਨ ਦੀ ਵੱਡੀ ਵਪਾਰਕ ਸੰਸਥਾ ‘‘ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ’’ ਦੇ ਐਗਜੈਕਟਿਵ ਹਾਲ ’ਚ ਇਸ ਸੰਸਥਾ ਦੀ ਅਦਬੀ ਕਮੇਟੀ ਵਲੋਂ ਜਾਰੀ ਕੀਤੀ ਗਈ। ਪੰਜਾਬੀ ਮਾਂ ਬੋਲੀ ਦੀ ਸਾਂਝੀ ਵਿਰਾਸਤ ਨੂੰ ਸਮਰਪਿਤ ਇਹ ਪ੍ਰੋਗਰਾਮ ਵਰਲਡ ਪੰਜਾਬੀ ਫੋਰਮ, ਪਾਕਿਸਤਾਨ ਦੀ ਛਤਰ ਛਾਇਆ ਹੇਠ ਆਯੋਜਿਤ ਕੀਤਾ ਗਿਆ।
ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਸ਼ਖਸ਼ੀਅਤਾਂ ਗੁਜਰਾਤ ਚੈਂਬਰ ਆਫ ਕਾਮਰਸ ਦੇ ਸਦਰ ਜਨਾਬ ਸਿਕੰਦਰ ਅਸਫਾਕ ਰਾਜੀ, ਐਡੀਸ਼ਨਲ ਸੈਕਟਰੀ ਜਨਾਬ ਮੁਹੰਮਦ ਉਸਮਾਨ, ਡਾ. ਹਫੀਜ ਅਹਿਮਦ, ਡਾ. ਅਨਵਰ ਅਹਿਮਦ ਇਜਾਜ, ਚੌਧਰੀ ਮੁਹੰਮਦ ਅਨਵਰ ਕੰਬੋ, ਡਾ. ਇਸਾਨ-ਉੱਲਾ-ਤਾਹਿਰ ਅਤੇ ਡਾ. ਅਫਜਲ ਰਾਜ ਨੇ ਪੁਸਤਕ ਨੂੰ ਜਾਰੀ ਕਰਨ ਦੀ ਰਸਮ ਨਿਭਾਉਣ ਉਪਰੰਤ ਸਾਂਝੇ ਤੌਰ ’ਤੇ ਡਾ. ਸੈਫੀ ਦੀ ਸ਼ਾਇਰੀ ’ਚ ਮਿਲਦੀ ਸਾਂਝੀ ਪੰਜਾਬੀਅਤ ਦੀ ਧੜਕਣ ਅਤੇ ਬਿਗਾਨੀਆਂ ਬੋਲੀਆਂ ਦੇ ਪ੍ਰਭਾਵ ਤੋਂ ਮੁਕਤ ਸ਼ਬਦਾਵਲੀ ਲਈ ਮੁਹੱਬਤ, ਸਲਾਮ ਅਤੇ ਮੁਬਾਰਕ ਭੇਜੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਜਰਾਤ ਚੈਂਬਰ ਦੀ ਅਦਬੀ ਕਮੇਟੀ ਦੇ ਚੈਅਰਮੈਨ ਡਾ. ਅਫਜਲ ਰਾਜ ਨੇ ਡਾ. ਦੇਵਿੰਦਰ ਸੈਫੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵੇਲੇ ਇਕੱਠੇ ਹੋਏ ਅਦੀਬਾਂ ਨੇ ਪੁਸਤਕ ’ਚੋਂ ਜਾਹਰ ਹੁੰਦੇ ਪੰਜਾਬੀਆਂ ਦੇ ਸਾਂਝੇ ਦਰਦ, ਸਮੁੱਚੀ ਲੋਕਾਈ ਦੇ ਫਿਕਰਾਂ, ਸਾਂਝੀ ਪੰਜਾਬੀ ਵਿਰਾਸਤ, ਸੂਫੀਆਨਾ ਫਲਸਫੇ ਅਤੇ ਅਜੋਕੇ ਸਿਸਟਮ ਵਲੋਂ ਬੰਦੇ ਦੀ ਮਾਸੂਮੀਅਤ ਨੂੰ ਨਪੀੜਨ ਲਈ ਅਪਣਾਏ ਜਾ ਰਹੇ ਹੱਥਕੰਡਿਆਂ ਨਾਲ ਟੱਕਰ ਲੈਣ ਦੇ ਅੰਦਾਜ ਬਾਰੇ ਨੁਕਤੇ ਉਠਾਏ ਗਏ। ਉਹਨਾਂ ਨੇ ਇਸ ਪੁਸਤਕ ਦੀ ਜਿਲਦ ਉੱਪਰ ਲਿਖੇ ਬਾਬਾ ਨਜਮੀ ਦੇ ਸ਼ਬਦਾਂ ਨੂੰ ਸਤਿਕਾਰ ਦਿੰਦਿਆਂ ਆਸਿਫ ਰਜਾ ਦਾ ਵੀ ਸ਼ੁਕਰਾਨਾ ਕੀਤਾ, ਜੀਹਦੇ ਸਦਕਾ ਚੜ੍ਹਦੇ ਪੰਜਾਬ ਦੇ ਜਿਲ੍ਹੇ ਫਰੀਦਕੋਟ ਦੇ ਪਿੰਡ ਮੋਰਾਂਵਾਲੀ ’ਚ ਰਹਿੰਦੇ ਇਸ ਅਦੀਬ ਦੀ ਫਲਸਫਾਨਾ ਸ਼ਾਇਰੀ ਪੜ੍ਹਨ ਦਾ ਸੁਭਾਗ ਹਾਸਲ ਹੋਇਆ।