ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਗੋਸ਼ਟੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ 23 ਅਪ੍ਰੈਲ 2022- ਇੱਥੋਂ ਦੇ ਸਰਕਾਰੀ ਕਾਲਜ ਵਿਚ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ‘ਸਾਹਿਤਕ ਗੋਸ਼ਟੀ’ ਹੋਈ। ਇਸ ਵਿੱਚ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਅਤੇ ਕਵੀ ਗੁਰਪਿਆਰ ਹਰੀ ਨੌ ਨੇ ਉਦਾਸੀ ਦੀ ਕਵਿਤਾ ਰਾਹੀਂ ਸਮਾਜ ਤੇ ਸੱਤਾ ਦੇ ਟਕਰਾਅ ਨੂੰ ਰੂਪਮਾਨ ਕੀਤਾ। ‘ਪੰਜਾਬ ਸਟੂਡੈਂਟਸ ਯੂਨੀਅਨ’ ਅਤੇ ‘ਭਾਸ਼ਾ ਮੰਚ’ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਡਾ. ਕਾਕੜਾ ਨੇ ਦੱਸਿਆ ਕਿ ਸਮਾਜ ਦੀ ਦਸ਼ਾ ਤੇ ਦਿਸ਼ਾ ਸਮਾਜਿਕ ਤੇ ਰਾਜਨੀਤਕ ਲਹਿਰਾਂ ਤੈਅ ਕਰਦੀਆਂ ਹਨ। ਉਦਾਸੀ ਨਕਸਲਾਈਟ ਲਹਿਰ ਤੋਂ ਪ੍ਰਭਾਵਿਤ ਸੀ।
ਉਸੇ ਲਹਿਰ ਨੇ ਪੰਜਾਬ ਦੀ ਕਿਸਾਨੀ ਤੇ ਕਿਰਤੀ ਵਰਗ ਨੂੰ ਇਕੱਠਾ ਕੀਤਾ ਜਿਸ ਦਾ ਸਿੱਟਾ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਵਿੱਚ ਦਿਖਾਈ ਦਿੰਦਾ ਹੈ। ਗੁਰਪਿਆਰ ਹਰੀਨੌ ਨੇ ਕਿਹਾ ਕਿ ਸਮਾਜ ਰੂਪੀ ਜੰਗਲ ‘ਚ ਅਜੇ ਵੀ ਡਾਢਾ ਮਾੜੇ ਨੂੰ ਖਾ ਰਿਹਾ ਹੈ ਜਿਸ ਦੀ ਸਮਝ ਉਦਾਸੀ ਵਰਗੀ ਸੋਚ ਨੂੰ ਅਪਣਾ ਕੇ ਹੀ ਆ ਸਕਦੀ ਹੈ। ਵੱਡੀ ਗਿਣਤੀ ‘ਚ ਵਿਦਿਆਰਥੀ ਸਮਾਗਮ ‘ਚ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਪ੍ਰੋ ਸਤਵੰਤ ਕੌਰ, ਪੀਐਸਯੂ ਆਗੂ ਸੁਖਪ੍ਰੀਤ ਕੌਰ, ਮਮਤਾ ਰਾਣੀ, ਦਿਲਕਰਨ ਸਿੰਘ , ਸੁਖਵੀਰ ਕੌਰ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਭਾਸ਼ਾ ਮੰਚ ਵੱਲੋਂ ਪ੍ਰੋ ਕੰਵਰਜੀਤ ਸਿੰਘ ਬਰਾੜ, ਪ੍ਰੋ ਜਸਕਰਨ ਸਿੰਘ, ਖੰਡਵੀਰ ਕੌਰ ਤੇ ਵਿਦਿਆਰਥੀ ਮੋਜੂਦ ਸਨ।