ਡਾ. ਭੀਮ ਇੰਦਰ ਸਿੰਘ : ਸਿਧਾਂਤ ਤੇ ਸਮੀਖਿਆ ਪੁਸਤਕ ਮਜ਼ਦੂਰਾਂ ਵੱਲੋਂ ਰਿਲੀਜ਼
ਜੀ ਐਸ ਪੰਨੂ
ਪਟਿਆਲਾ,3ਅਗਸਤ,2022 - ਡਾ. ਸਤਿੰਦਰਪਾਲ ਸਿੰਘ ਬਾਵਾ ਵੱਲੋਂ ਸੰਪਾਦਤ ਪੁਸਤਕ ‘ਡਾ. ਭੀਮ ਇੰਦਰ ਸਿੰਘ : ਸਿਧਾਂਤ ਤੇ ਸਮੀਖਿਆ` ਮਜ਼ਦੂਰਾਂ ਵੱਲੋਂ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਪੰਜਾਬੀ ਚਿੰਤਨ ਨਾਲ ਜੁੜੇ ਪੰਜ ਪੀੜ੍ਹੀਆਂ ਦੇ ਚਿੰਤਕਾਂ ਦੇ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵਿਚ ਗੁਰਸ਼ਰਨ ਭਾਅ ਜੀ, ਡਾ. ਟੀ.ਆਰ. ਵਿਨੋਦ, ਡਾ. ਕੇਸਰ ਸਿੰਘ ਕੇਸਰ, ਡਾ. ਪਰੇਮ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਭੱਟੀ ਆਦਿ ਸ਼ਾਮਲ ਹਨ।
ਇਸ ਮੌਕੇ ਪੁਸਤਕ ਦੇ ਸੰਪਾਦਕ ਡਾ. ਸੁਤਿੰਦਰਪਾਲ ਸਿੰਘ ਬਾਵਾ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਦੀ ਮੈਟਾ-ਆਲੋਚਨਾ ਵਿਚ ਕੁਝ ਨਵਾਂ ਜੋੜਨ ਦਾ ਯਤਨ ਕਰੇਗੀ ਅਤੇ ਡਾ. ਭੀਮ ਇੰਦਰ ਸਿੰਘ ਦੇ ਸਾਹਿਤ ਸਿਧਾਂਤ ਤੇ ਸਮੀਖਿਆ ਨੂੰ ਪਾਠਕਾਂ ਸਨਮੁੱਖ ਕਰੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਉੱਘੇ ਚਿੰਤਕਾਂ ਤੋਂ ਇਲਾਵਾਂ ਇਸ ਪੁਸਤਕ ਵਿਚ ਡਾ. ਭੀਮ ਇੰਦਰ ਸਿੰਘ ਨਾਲ ਸਮੇਂ-ਸਮੇਂ ਕੀਤੀਆਂ ਮੁਲਾਕਾਤਾਂ ਨੂੰ ਵੀ ਸ਼ਾਮਲ ਕੀਤਾਂ ਗਿਆਂ ਹੈ।
ਇਸ ਰਿਲੀਜ਼ ਪ੍ਰੋਗਰਾਮ ਵਿਚ ਜਿਥੇ ਡਾ. ਭੀਮ ਇੰਦਰ ਸਿੰਘ ਨੇ ਅਜੋਕੇ ਦੌਰ ਵਿਚ ਮਜ਼ਦੂਰ ਤੇ ਕਿਰਤੀ ਜਮਾਤ ਦੀ ਮੌਜੂਦਾ ਸਥਿਤੀ `ਤੇ ਚਿੰਤਾ ਜ਼ਾਹਿਰ ਕੀਤੀ ਉਥੇ ਉਨ੍ਹਾਂ ਮਜ਼ਦੂਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਇਸ ਸਮੇਂ ਮਜ਼ਦੂਰਾਂ ਦੇ ਨੁਮਾਇੰਦੇ ਚੰਨਣ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਨੂੰ ਕਣਕ ਦੀ ਵੰਡ, ਦਿਹਾੜੀ, ਸ਼ੈੱਡ, ਪੀਣ ਵਾਲੇ ਪਾਣੀ ਆਦਿ ਦੀਆਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਮ ਮੂਰਤੀ ਬਿਹਾਰੀ ਮਜ਼ਦੂਰ ਨੇ ਸਿਹਤ ਸਹੂਲਤਾਂ ਨਾ ਮਿਲਣ ਦੀ ਗੱਲ ਕਹੀ। ਇਸ ਸਮੇਂ ਬਿਹਾਰੀ ਲਾਲ, ਸੁਰਜੀਤ ਸਿੰਘ, ਘਨੱਈਆ ਲਾਲ ਆਦਿ ਮਜ਼ਦੂਰ ਵੀ ਮੌਜੂਦ ਸਨ। ਡਾ. ਭੀਮ ਇੰਦਰ ਸਿੰਘ ਇਸ ਪੁਸਤਕ ਤੋਂ ਪਹਿਲਾਂ ਆਪਣੀ ਪੁਸਤਕ ਰਿਕਸ਼ਾ ਚਾਲਕਾਂ ਤੋਂ ਵੀ ਰਿਲੀਜ਼ ਕਰਵਾ ਚੁੱਕੇ ਹਨ।