ਚੰਡੀਗੜ 26 ਦਸੰਬਰ 2017 : ਚੰਡੀਗੜ ਨੂੰ ਵਸਾਉਣ ਲਈ ਇੱਥੋਂ 28 ਪਿੰਡ ਉਜਾੜ ਦਿੱਤੇ ਗਏ ਤੇ 23 ਪਿੰਡ ਆਪਣੀ ਹੋਂਦ ਤੇ ਭਾਸ਼ਾ ਨੂੰ ਇਸ ਪੱਥਰਾਂ ਦੇ ਸ਼ਹਿਰ ਵਿਚ ਜਿਊਂਦਾ ਰੱਖਣ ਲਈ ਜੱਦੋ ਜਹਿਦ ਕਰ ਰਹੇ ਹਨ। ਪਰ ਯੂਟੀ ਚੰਡੀਗੜ ਨੇ ਇਸ ਪੂਰੇ ਦਸੰਬਰ ਮਹੀਨੇ ਨੂੰ 50 ਸਾਲਾ ਚੰਡੀਗੜ ਸਥਾਪਨਾ ਦਿਵਸ ਦਾ ਨਾਂ ਦਿੱਤਾ ਹੈ ਤੇ ਇਕ ਪਾਸੇ ਯੂਟੀ ਚੰਡੀਗੜ ਸਥਾਪਨਾ ਦਿਵਸ ਦੇ ਨਾਂ 'ਤੇ ਜਸ਼ਨ ਮਨਾ ਰਿਹਾ ਸੀ ਤੇ ਦੂਜੇ ਪਾਸੇ ਚੰਡੀਗੜ ਤੋਂ ਉਜੜੇ ਪੰਜਾਬੀ 50 ਸਾਲਾ ਉਜਾੜਾ ਦਿਵਸ ਮਨਾ ਰਹੇ ਸਨ। ਪੇਂਡੂ ਸੰਘਰਸ਼ ਕਮੇਟੀ ਚੰਡੀਗੜ, ਚੰਡੀਗੜ ਪੰਜਾਬੀ ਮੰਚ ਅਤੇ ਪੰਜਾਬੀ ਲੇਖਕ ਸਭਾ ਦੇ ਸਾਂਝੇ ਬੈਨਰ ਹੇਠ ਪ੍ਰੈਸ ਕਲੱਬ ਵਿਚ '50 ਸਾਲਾਂ ਵਿਚ ਪੰਜਾਬੀਆਂ ਨੇ ਚੰਡੀਗੜ ਵਿਚੋਂ ਕੀ ਖੱਟਿਆ ਅਤੇ ਕੀ ਗੁਆਇਆ' ਵਿਸ਼ੇ 'ਤੇ ਗੰਭੀਰ ਚਰਚਾਵਾਂ ਹੋਈਆਂ। ਇਸ ਮੌਕੇ ਸਭ ਤੋਂ ਪਹਿਲਾਂ ਉਘੇ ਪੱਤਰਕਾਰ ਤਰਲੋਚਨ ਸਿੰਘ ਵਲੋਂ ਲਿਖੀ ਕਿਤਾਬ 'ਚੰਡੀਗੜ ਉਜਾੜਿਆਂ ਦੀ ਦਾਸਤਾਨ' ਰਿਲੀਜ਼ ਕੀਤੀ ਗਈ। ਜਿਸ 'ਤੇ ਵਿਸਥਾਰਤ ਪਰਚਾ ਪੜ•ਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਕਿਤਾਬ ਨੂੰ ਜਿੱਥੇ ਚੰਡੀਗੜ ਪ੍ਰਸ਼ਾਸਨ ਤੇ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੇ ਉਜਾੜੇ ਦਾ ਸਫੇਦ ਪੱਤਰ ਕਰਾਰ ਦਿੱਤਾ, ਉਥੇ ਇਸ ਨੂੰ ਇਕ ਦਸਤਾਵੇਜ਼ੀ ਪੁਸਤਕ ਦੱਸਦਿਆਂ ਆਖਿਆ ਕਿ ਕਿਤਾਬ ਵਿਚ ਦਰਜ ਹੈ ਕਿ ਕਿਵੇਂ ਹਰੇ ਭਰੇ ਲਹਿ ਲਹਿਰਾਉਂਦੇ ਤੇ ਸਭਿਆਚਾਰ ਨਾਲ ਲਬਰੇਜ਼ 28 ਪਿੰਡ ਪ੍ਰਸ਼ਾਸਨ ਨੇ ਚੰਡੀਗੜ ਉਸਾਰਨ ਦੇ ਨਾਂ 'ਤੇ ਮਿੱਟੀ ਦੇ ਢੇਰ ਵਿਚ ਤਬਦੀਲ ਕੀਤੇ ਤੇ ਅੱਜ ਪਿੱਛੇ ਬਚੇ 23 ਪਿੰਡਾਂ ਵਿਚੋਂ ਜਿੱਥੇ ਉਨ•ਾਂ ਦੀ ਭਾਸ਼ਾ ਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ, ਉਥੇ ਚੰਡੀਗੜ ਵਿਚੋਂ ਵੀ ਇਕ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬੀ ਅਤੇ ਪੰਜਾਬੀਅਤ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਦੀਪਕ ਚਨਾਰਥਲ ਨੇ ਆਖਿਆ ਕਿ ਚੰਡੀਗੜ ਦੀਆਂ ਨੀਹਾਂ ਹੇਠ ਉਜੜੇ ਪਿੰਡਾਂ ਦੇ ਲੋਕਾਂ ਦੀਆਂ ਚੀਕਾਂ, ਕੁਰਲਾਹਟਾਂ ਤੇ ਭਾਸ਼ਾ ਤੱਕ ਦਫਨ ਹੈ।
ਇਸ ਮੌਕੇ 'ਤੇ ਆਪਣੀ ਦਲੀਲ ਭਰਪੂਰ ਗੱਲ ਰੱਖਦਿਆਂ ਕਿਤਾਬ ਦੇ ਲੇਖਕ ਤਰਲੋਚਨ ਸਿੰਘ ਨੇ ਆਖਿਆ ਕਿ ਮੈਂ ਘਰ ਘਰ ਜਾ ਕੇ, ਗਲੀ ਗਲੀ ਜਾ ਕੇ, ਪਿੰਡ ਪਿੰਡ ਘੁੰਮ ਕੇ, ਲੰਮਾ ਸਮਾਂ ਲਾ ਕੇ ਇਹ ਵਿਥਿਆ ਸੁਣੀ, ਖੁਦ ਦਰਦ ਨਾਲ ਹੰਢਾਇਆ ਤੇ ਫਿਰ ਉਹ ਅੰਕੜੇ ਵੀ ਇਕੱਤਰ ਕੀਤੇ ਕਿ ਕਿਵੇਂ 20 20 ਰੁਪਏ ਇਕ ਇਕ ਏਕੜ ਦਾ ਮੁੱਲ ਪਾਇਆ ਗਿਆ ਤੇ ਕਿਵੇਂ ਇਕ ਇਕ ਖਣ ਦਾ 100 100 ਰੁਪਏ ਹੱਥ ਫੜਾ ਲੋਕਾਂ ਨੂੰ ਆਪਣੇ ਹੀ ਘਰਾਂ ਤੋਂ ਬਾਹਰ ਤੋਰ ਦਿੱਤਾ। ਪੱਤਰਕਾਰ ਤਰਲੋਚਨ ਸਿੰਘ ਨੇ ਕਿਤਾਬ ਸਬੰਧੀ ਗੱਲ ਕਰਦਿਆਂ ਚਿੰਤਾ ਪ੍ਰਗਟਾਈ ਕਿ ਅੱਜ ਪ੍ਰਸ਼ਾਸਨ ਅਤੇ ਸਿਆਸਤਦਾਨ ਮਿਲ ਕੇ ਇੱਥੇ ਵੋਟਾਂ ਦੀ ਸਿਆਸਤ ਕਰਦੇ ਹਨ ਤੇ ਪੰਜਾਬੀ ਲੋਕਾਂ ਨੂੰ, ਪਿੰਡ ਵਾਸੀਆਂ ਨੂੰ ਤੇ ਪੰਜਾਬੀਅਤ ਨੂੰ ਪਿਛਾਂਹ ਧਕੇਲ ਕੇ ਇੱਥੇ ਆ ਕੇ ਵਸੇ ਪਰਵਾਸੀਆਂ ਨੂੰ ਫਲੈਟ ਦੇ ਦੇ ਕੇ ਇਸ ਲਈ ਨਿਵਾਜ ਰਹੇ ਹਨ ਕਿ ਵੋਟਾਂ ਵੇਲੇ ਸੱਤਾ ਸੁੱਖ ਮਾਣ ਸਕਣ।
ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਪੰਜਾਬੀ ਭਾਸ਼ਾ ਦੇ ਮਾਹਰ ਡਾ. ਜੋਗਾ ਸਿੰਘ ਨੇ ਅੰਕੜੇ ਭਰਪੂਰ ਦਸਤਾਵੇਜ਼ ਪੇਸ਼ ਕਰਦਿਆਂ ਆਖਿਆ ਕਿ ਇਹ ਤਾਂ ਪੂਰਾ ਵਿਸ਼ਵ ਮੰਨਦਾ ਹੈ ਕਿ ਜੇਕਰ ਬੱਚੇ ਮੁੱਢਲੀ ਸਿੱਖਿਆ ਆਪਣੀ ਭਾਸ਼ਾ ਵਿਚ ਸਿੱਖਣ ਤੇ ਉਹ ਫਿਰ ਬਹੁਤ ਤਰੱਕੀ ਕਰਦੇ ਹਨ। ਇਸਦੀ ਉਦਾਹਰਨ ਦਿੰਦਿਆਂ ਉਨ•ਾਂ ਕਿਹਾ ਕਿ ਭਾਰਤ ਦੇ ਜਿੰਨੇ ਵੀ ਵੱਡੇ ਸਾਇੰਸਦਾਨ ਹੋਏ ਹਨ, ਉਨ•ਾਂ ਨੇ ਆਪਣੀ ਸਿੱਖਿਆ ਮਾਂ ਬੋਲੀ ਅਤੇ ਖੇਤਰੀ ਭਾਸ਼ਾ ਵਿਚ ਲਈ ਹੈ ਕਿਸੇ ਨੇ ਵੀ ਅੰਗਰੇਜ਼ੀ ਨਹੀਂ ਪੜ•ੀ। ਮੌਜੂਦਾ ਮਾਡਲ ਸਕੂਲ ਤੇ ਯੂਨੀਵਰਸਿਟੀਆਂ ਦੱਸ ਦੇਣ ਕਿ ਜੇ ਉਨ•ਾਂ ਨੇ ਕੋਈ ਸਾਇੰਸਦਾਨ ਪੈਦਾ ਕੀਤਾ ਹੋਵੇ। ਇਸ ਮੌਕੇ ਚੰਡੀਗੜ ਦੇ ਮੌਜੂਦਾ 23 ਪਿੰਡਾਂ ਦੀ ਸਥਿਤੀ ਤੇ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਜੋਗਿੰਦਰ ਸਿੰਘ ਬੁੜੈਲ ਨੇ ਦੱਸਿਆ ਕਿ ਕਿਵੇਂ ਇਹ ਪਿੰਡ ਚੰਡੀਗੜ ਦੇ ਸ਼ਹਿਰ ਦੇ ਅੰਦਰ ਹੀ ਵਸੇ ਹਨ ਪਰ ਵਿਕਾਸ ਵਿਹੂਣੇ ਹਨ, ਸਕੂਲ ਅਧਿਆਪਕ ਵਿਹੂਣੇ ਹਨ ਤੇ ਪਿੰਡਾਂ ਦੇ ਬੱਚਿਆਂ ਦੇ ਝੋਲਿਆਂ ਵਿਚ ਕਿਤਾਬਾਂ ਤੱਕ ਨਹੀਂ ਹੁੰਦੀਆਂ ਤੇ ਪ੍ਰਸ਼ਾਸਨ ਫਿਰ ਕਿਸ ਖੂਬਸੂਰਤ ਸ਼ਹਿਰ ਦੀ ਗੱਲ ਕਰਦਾ ਹੈ।
50 ਸਾਲਾਂ ਵਿਚ ਪੰਜਾਬੀਆਂ ਨੇ ਚੰਡੀਗੜ ਵਿਚੋਂ ਖੱਟਿਆ ਨਹੀਂ, ਗੁਆਇਆ ਹੀ ਗੁਆਇਆ ਹੈ। ਇਸ ਅਧਾਰ 'ਤੇ ਗੱਲ ਕਰਦਿਆਂ ਚੰਡੀਗੜ ਪੰਜਾਬੀ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਜਿੱਥੇ ਚੰਡੀਗੜ ਦੇ ਉਜਾੜੇ ਲਈ ਅਤੇ ਇੱਥੋਂ ਉਜਾੜੀ ਜਾ ਰਹੀ ਪੰਜਾਬੀ ਭਾਸ਼ਾ ਲਈ ਅਤੇ ਪੰਜਾਬ ਵਿਚ ਵੀ ਪੰਜਾਬੀ ਨਾਲ ਹੋ ਰਹੇ ਧੱਕੇਸ਼ਾਹੀ ਲਈ ਸਿਆਸਤਾਦਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਉਨ•ਾਂ ਨੇ ਆਖਿਆ ਕਿ ਭਾਵੁਕ ਤਕਰੀਰਾਂ ਨਾਲ ਨਹੀਂ ਸਰਨਾ, ਹੁਣ ਸਰਕਾਰਾਂ ਨਾਲ ਆਢਾ ਲੈਣਾ ਹੀ ਪੈਣਾ ਹੈ। ਉਨ•ਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਚੰਡੀਗੜ ਪੰਜਾਬੀ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਅਤੇ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਤੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਆਖਿਆ ਕਿ ਪਹਿਲਾਂ ਜ਼ਮੀਨਾਂ ਖੋਹਣ ਵਾਲੇ ਹੁਣ ਸਾਡੀ ਭਾਸ਼ਾ ਖੋਹਣ 'ਤੇ ਤੁਲੇ ਹਨ। ਪਹਿਲਾਂ ਸਾਡੇ ਘਰ ਉਜਾੜਨ ਵਾਲੇ ਹੁਣ ਸਾਡੀ ਭਾਸ਼ਾ ਨੂੰ ਚੰਡੀਗੜ ਵਿਚੋਂ ਉਜਾੜਨ 'ਤੇ ਤੁਲੇ ਹਨ, ਪਰ ਇਹ ਲੜਾਈ ਉਸ ਦਿਨ ਤੱਕ ਜਾਰੀ ਰਹੇਗੀ, ਜਦੋਂ ਤੱਕ ਚੰਡੀਗੜ ਵਿਚ ਅੰਗਰੇਜ਼ੀ ਦੀ ਥਾਂ 'ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਨਹੀਂ ਮਿਲ ਜਾਂਦਾ।
ਇਸ ਮੌਕੇ 'ਤੇ ਦਵਿੰਦਰ ਸਿੰਘ ਬਬਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਚੰਡੀਗੜ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣੋਂ ਕੋਈ ਨਹੀਂ ਰੋਕ ਸਕਦਾ ਅਤੇ ਉਨ•ਾਂ ਵੱਡੀ ਗਿਣਤੀ ਵਿਚ ਇਕੱਤਰ ਚੰਡੀਗੜ ਵਾਸੀਆਂ ਅਤੇ 23 ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੁਣ ਜਦੋਂ ਕਿਸੇ ਵੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਤੁਹਾਡੇ ਪਿੰਡਾਂ ਵਿਚ ਵੋਟ ਮੰਗਣ ਆਵੇ ਤਾਂ ਉਸ ਨੂੰ ਵੋਟ ਦੇਣ ਤੋਂ ਪਹਿਲਾਂ ਉਸ ਤੋਂ ਐਫੀਡੇਵਟ ਜ਼ਰੂਰ ਲੈ ਲੈਣਾ ਕਿ ਵੋਟ ਤਾਂ ਪਾਵਾਂਗੇ, ਜੇਕਰ ਤੁਸੀਂ ਸਾਡੇ ਨਾਲ ਵਾਅਦਾ ਕਰੋਗੇ ਕਿ ਜਿੱਤ ਕੇ ਮੈਂ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕਰਾਵਾਂਗਾ। ਕਿਤਾਬ ਬਾਰੇ ਅਤੇ ਪੰਜਾਬੀ ਭਾਸ਼ਾ ਦੇ ਪਿੰਡਾਂ ਦੇ ਉਜਾੜੇ ਬਾਰੇ ਬਲਬੀਰ ਸਿੰਘ ਢੌਲ ਤੇ ਬਾਬਾ ਗੁਰਦਿਆਲ ਸਿੰਘ ਨੇ ਵੀ ਜਿੱਥੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ, ਉਥੇ ਆਉਂਦੀ 19 ਫਰਵਰੀ ਨੂੰ ਚੰਡੀਗੜ ਪੰਜਾਬੀ ਮੰਚ ਦੇ ਬੈਨਰ ਹੇਠ ਸੈਕਟਰ 17 ਵਿਚ ਸਮੂਹਿਕ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਦਾ ਦੇਵੀ ਦਿਆਲ ਸ਼ਰਮਾ ਨੇ ਹੋਕਾ ਵੀ ਦਿੱਤਾ। ਸਮਾਗਮ ਨੂੰ ਸਮੇਟਦਿਆਂ ਚੰਡੀਗੜ ਪੰਜਾਬੀ ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼ ਨੇ ਸਮੁੱਚੇ 23 ਪਿੰਡਾਂ ਦੇ ਵਾਸੀਆਂ ਦਾ, ਚੰਡੀਗੜ ਦੇ ਵੱਖੋ ਵੱਖ ਦਲਾਂ ਨਾਲ, ਸੰਸਥਾਵਾਂ ਨਾਲ ਸਬੰਧਤ ਨੁਮਾਇੰਦਿਆਂ ਦਾ ਜਿੱਥੇ ਧੰਨਵਾਦ ਕੀਤਾ, ਉਥੇ ਉਨ•ਾਂ ਵੱਡੀ ਗਿਣਤੀ ਵਿਚ ਪਹੁੰਚੇ ਲੇਖਕਾਂ ਤੇ ਪੱਤਰਕਾਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਚੰਡੀਗੜ ਵਿਚ ਆਪਣੇ ਹੱਕਾਂ ਅਤੇ ਭਾਸ਼ਾ ਦੀ ਲੜਾਈ ਅਜੇ ਲੰਬੀ ਹੈ। ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਸੁੱਖਾ ਨੇ ਬੜੇ ਜੋਸ਼ੀਲੇ ਢੰਗ ਨਾਲ ਨਿਭਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਕਸ਼ਮੀਰ ਕੌਰ ਸੰਧੂ, ਰਾਜਿੰਦਰ ਕੌਰ, ਮਲਕੀਤ ਬਸਰਾ, ਨੀਤੂ ਸ਼ਰਮਾ, ਲਕਸ਼ਮਣ ਸਿੰਘ ਸਰਪੰਚ, ਜਤਿੰਦਰ ਮਾਨ, ਨੈਬ ਸਿੰਘ, ਡਾ. ਸੁਖਦੇਵ ਸਿੰਘ ਕਾਹਲੋਂ, ਭੁਪਿੰਦਰ ਸਿੰਘ ਬਡਹੇੜੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸਾਬਕਾ ਮੇਅਰ, ਭੁਪਿੰਦਰ ਮਲਿਕ, ਲੋਕ ਗਾਇਕਾ ਸੁੱਖੀ ਬਰਾੜ, ਰਾਕੇਸ਼ ਸ਼ਰਮਾ, ਅਵਿਨਾਸ਼ ਗੁਪਤਾ, ਡਾ. ਅਵਤਾਰ ਸਿੰਘ ਪਤੰਗ, ਮਨਜੀਤ ਕੌਰ ਮੀਤ, ਡਾ. ਸੁਰਿੰਦਰ ਗਿੱਲ, ਸੇਵੀ ਰਾਇਤ, ਗੁਰਪ੍ਰੀਤ ਸਿੰਘ ਸੋਮਲ, ਬਲਜਿੰਦਰ ਸਿੰਘ ਭਾਗੋਮਾਜਰਾ, ਰਣਜੀਤ ਸਿੰਘ ਖੰਨਾ, ਗੁਰਮੇਲ ਸਿੰਘ ਸਿੱਧੂ, ਸੁਖਦੇਵ ਸਿੰਘ, ਰਘਬੀਰ ਸਿੰਘ ਸੰਧੂ, ਹਰਭਾਗ ਕੌਰ, ਰਘਬੀਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਆਦਿ ਜਿੱਥੇ ਮੌਜੂਦ ਸਨ, ਉਥੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਬਜ਼ੁਰਗ, ਬੀਬੀਆਂ ਤੇ ਨੌਜਵਾਨ ਵੀ ਹਾਜ਼ਰ ਸਨ।