ਕੁਲਵਿੰਦਰ ਕੌਰ ਕੰਵਲ ਦੀ ਝੋਲੀ ਪਿਆ ਪ੍ਰਿੰਸੀਪਲ ਇੰਦਰਜੀਤ ਕੌਰ ਸੋਹਲ ਯਾਦਗਾਰੀ ਐਵਾਰਡ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 9 ਨਵੰਬਰ 2021
ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿਚ ਜੁੱਟੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਚੂੰਗ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪ ਦਵਿੰਦਰ ਸਿੰਘ, ਮੀਤ ਪ੍ਰਧਾਨ ਵਰਗਿਸ ਸਲਾਮਤ, ਡਾ. ਅਨੂਪ ਸਿੰਘ ਸਾਬਕਾ ਸੀ.ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਵਿਅੰਗ ਲੇਖਕ ਕੇ.ਐਲ. ਗਰਗ, ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕੰਵਲ, ਗਿਆਨੀ ਗੁਲਜ਼ਾਰ ਸਿੰਘ ਖਹਿਰਾ, ਦਵਿੰਦਰ ਸਿੰਘ ਭੋਲਾ, ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸੁਸ਼ੋਭਿਤ ਹੋਏ।
ਇਸ ਮੌਕੇ ਸਭਾ ਦੀ ਸਰਪ੍ਰਸਤ ਮਰਹੂਮ ਪ੍ਰਿੰਸੀਪਲ ਇੰਦਰਜੀਤ ਕੌਰ ਸੋਹਲ ਯਾਦਗਾਰੀ ਐਵਾਰਡ ਸੁਲਤਾਨਪੁਰ ਲੋਧੀ ਦੀ ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕੰਵਲ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸੇਵਾ ਸਿੰਘ ਕੌੜਾ ਯਾਦਗਾਰੀ ਐਵਾਰਡ ਪ੍ਰਸਿੱਧ ਆਲੋਚਕ ਡਾ. ਅਨੂਪ ਸਿੰਘ ਨੂੰ ਅਤੇ ਸੂਬਾ ਸਿੰਘ ਯਾਦਗਾਰੀ ਐਵਾਰਡ ਪ੍ਰਸਿੱਧ ਵਿਅੰਗ ਲੇਖਕ ਕੇ. ਐਲ. ਗਰਗ ਨੂੰ ਦਿੱਤਾ ਗਿਆ।
ਕੁਲਵਿੰਦਰ ਕੌਰ ਕੰਵਲ ਨੂੰ ਸਾਹਿਤ ਜਗਤ ਵਿੱਚ ਨਿਵੇਕਲਾ ਸਥਾਨ ਪ੍ਰਾਪਤ ਕਰਨ ਤੇ ਮਿਲੇ ਅਵਾਰਡ ਨਾਲ ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਸੁਲਤਾਨਪੁਰ ਲੋਧੀ ਦੇ ਸਾਹਿਤ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ ਗੁਰਪ੍ਰੀਤ ਸਿੰਘ ਰਾਣਾ ਅਤੇ ਜਨਕ ਗਰਗ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀ ਵਾਲਾ ਅਤੇ ਚੰਨ ਬੋਲੇਵਾਲੀਆ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ। ਹਾਜ਼ਰ ਕਵੀਆਂ ਦਾ ਸ਼ਾਨਦਾਰ ਅਤੇ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ।