ਸ਼ਾਇਰਾ ਗਗਨਮੀਤ ਦੀ ਪਲੇਠੀ ਪੁਸਤਕ ‘ਇਕ ਚੂੰਢੀ ਅਸਮਾਨ’ ‘ਤੇ ਜ਼ੂਮ ਐਪ ਦੁਆਰਾ ਵੈਬੀਨਾਰ ਕਰਵਾਇਆ
ਬਲਜਿੰਦਰ ਸੇਖਾ
ਬਰੈਂਪਟਨ,ਕੈਨੇਡਾ, 28 ਅਗਸਤ 2021, ਬੀਤੇ ਸ਼ਨਿੱਚਰਵਾਰ ਦਿੱਲੀ ਵੱਸਦੀ ਸ਼ਾਇਰਾ ਗਗਨਮੀਤ ਦੀ ਪਲੇਠੀ ਪੁਸਤਕ ‘ਇਕ ਚੂੰਢੀ ਅਸਮਾਨ’ ‘ਤੇ ‘ਲਿਟਰੇਰੀ ਰਿਫਲੈਕਸ਼ਨਜ਼’ ਵਲੋਂ ਜ਼ੂਮ ਐਪ ਦੁਆਰਾ ਇਕ ਵੈਬੀਨਾਰ ਕਰਵਾਇਆ ਗਿਆ ।ਜਿਸ ਵਿਚ ਬਹੁਤ ਸਾਰੇ ਵਿਦਵਾਨਾਂ, ਚਿੰਤਕਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਆਗਾਜ਼ ਸੰਸਥਾ ਦੀ ਡਾਇਰੈਕਟਰ ਸੁਰਜੀਤ ਕੌਰ ਨੇ ਸਾਰਿਆਂ ਦਾ ਸਵਾਗਤ ਕਰਕੇ ਕੀਤਾ। ਉਪਰੰਤ ਦੂਜੀ ਡਾਇਰੈਕਟਰ ਗੁਰਮੀਤ ਪਨਾਗ ਨੇ ਆਪਣੀ ਸੰਸਥਾ ਬਾਰੇ ਦੱਸਦਿਆਂ ਕਿਹਾ ਕਿ ਲਿਟਰੇਰੀ ਰਿਫਲੈਕਸ਼ਨਜ਼ ਗੰਭੀਰ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਤੀਬੱਧ ਹੈ। ਅੱਜ ਤੱਕ ਇਸ ਸੰਸਥਾ ਨੇ ਪੰਜਾਬੀ ਕਹਾਣੀ ‘ਤੇ ਸੈਮੀਨਾਰ ਅਤੇ ਗੋਸ਼ਟੀਆਂ ਕਰਵਾਈਆਂ ਹਨ ਜੋ ਕਿ ਬਹੁਤ ਸਲਾਹੀਆਂ ਗਈਆਂ। ਇਸ ਵਾਰ ਸੰਸਥਾ ਨੇ ਕਵਿਤਾ ਤੇ ਗੱਲ ਕਰਨ ਦਾ ਫੈਸਲਾ ਕੀਤਾ ਤੇ ਇਸ ਲਈ ਗਗਨਮੀਤ ਦੀ ਨਵੀਂ ਕਿਤਾਬ ਨੂੰ ਚੁਣਿਆ ਗਿਆ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਏਕਮ ਮੈਗ਼ਜ਼ੀਨ ਦੇ ਐਡੀਟਰ ਅਰਤਿੰਦਰ ਕੌਰ ਸੰਧੂ ਨੇ ਕਵਿੱਤਰੀ ਦੀ ਜਾਣ-ਪਛਾਣ ਕਰਵਾ ਕੇ ਕੀਤੀ। ਉਨ੍ਹਾਂ ਦੱਸਿਆ ਕਿ ਗਗਨਮੀਤ ਦ੍ਰਿੜ ਨਿਸ਼ਚੇ ਵਾਲੀ ਇਨਸਾਨ ਹੈ। ਇਸ ਤੋਂ ਬਾਅਦ ਉੱਘੇ ਕਵੀ ਹਰਮੀਤ ਵਿਦਿਆਰਥੀ ਨੇ ਗਗਨ ਮੀਤ ਦੀ ਕਵਿਤਾ ਨੂੰ ਨਵੇਂ ਮੁਹਾਂਦਰੇ ਵਾਲੀ ਕਵਿਤਾ ਦੱਸਿਆ। ਪ੍ਰਸਿੱਧ ਸਮੀਖਿਆਕਾਰ ਅਰਵਿੰਦਰ ਕਾਕੜਾ ਨੇ ਕਿਹਾ ਕਿ ਇਸ ਕਵਿਤਾ ਵਿਚ ਕਵਿੱਤਰੀ ਇਕ ਚੂੰਢੀ ਅਸਮਾਨ ਦੀ ਤਲਾਸ਼ ‘ਚ ਹੈ। ਉਸਦੇ ਸੁਪਨੇ ਵਿਚ ਪੂਰੇ ਸਮਾਜ ਦੇ ਸੁਪਨੇ ਹਨ ਜੋ ਉਹ ਸਾਕਾਰ ਕਰਦੀ ਹੈ ਅਤੇ ਆਪਣੇ ਸੁਪਨੇ ਮਰਨ ਨਹੀਂ ਦਿੰਦੀ। ਉਹ ਸ਼ਬਦ ਨੂੰ ਨਹੀਂ ਫੜ੍ਹਦੀ ਸਗੋਂ ਸ਼ਬਦ ਦੇ ਅਰਥ ਨੂੰ ਫੜ੍ਹਦੀ ਹੈ।
ਦਿੱਲੀ ਯੂਨੀਵਰਸਿਟੀ ਤੋਂ ਪ੍ਰੋ ਜਸਪਾਲ ਕੌਰ ਨੇ ਗਗਨਮੀਤ ਦੀ ਕਵਿਤਾ ਦੀ ਸਿਫਤ ਕਰਦਿਆਂ ਦੱਸਿਆ ਕਿ ਉਸਨੇ ਬਹੁਤ ਵਧੀਆ ਬਿੰਬਾਂ ਵਾਲੀ ਕਵਿਤਾ ਲਿਖੀ ਹੈ। ਉਨ੍ਹਾਂ ਕਿਹਾ ਗਗਨਮੀਤ ਨੇ ਲਿਖਿਆ ਹੈ ਕਿ ਬੱਚਿਆਂ ‘ਤੇ ਵਰਚੁਅਲ ਦੁਨੀਆ ਦਾ ਕੀ ਅਸਰ ਪਿਆ ਹੈ ਅਤੇ ਉਨ੍ਹਾਂ ਦੀ ਮਾਸੂਮੀਅਤ ਖੁਸ ਰਹੀ ਹੈ। ਅਮੀਆ ਕੁੰਵਰ ਨੇ ਗਗਨਮੀਤ ਦੀ ਕਵਿਤਾ ਤੇ ਲਿਖਿਆ ਆਪਣਾ ਪਰਚਾ ਪੜ੍ਹਿਆ ਤੇ ਯੂਕੇ ਤੋਂ ਡਾ ਦਵਿੰਦਰ ਕੌਰ, ਜਿਨ੍ਹਾਂ ਨੇ ਇਸ ਕਿਤਾਬ ਦਾ ਮੁਖਬੰਧ ਵੀ ਲਿਖਿਆ ਹੈ, ਨੇ ਵੀ ਗਗਨਮੀਤ ਦੀ ਕਵਿਤਾ ਦੀ ਰੱਜ ਕੇ ਤਾਰੀਫ ਕੀਤੀ। ਚਰਚਾ ਦਾ ਆਗਾਜ਼ ਸੰਸਥਾ ਦੇ ਕੋਆਰਡੀਨੇਟਰ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਸ਼ਬਦਾਂ ਨਾਲ ਕੀਤਾ।
ਡਾ. ਸੁਰਜੀਤ ਸਿੰਘ ਭੱਟੀ, ਡਾ ਕੁਲਦੀਪ ਸਿੰਘ, ਰਾਜੀਵ ਸੇਠ, ਹਰਪ੍ਰੀਤ ਕੌਰ ਭਾਟੀਆ ਨੇ ਗਗਨਮੀਤ ਦੀ ਕਵਿਤਾ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਾਰਿਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਗਗਨਮੀਤ ਦੀ ਕਵਿਤਾ ਦੀ ਪਹਿਲੀ ਪੁਸਤਕ ਹੀ ਸਲਾਹੁਣ ਯੋਗ ਹੈ। ਇਸ ਤੋਂ ਬਾਅਦ ਗਗਨ ਮੀਤ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਨ੍ਹਾਂ ਸ਼ਖਸੀਅਤਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਜਸਵਿੰਦਰ ਸਿੰਘ, ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ, ਚੰਡੀਗੜ੍ਹ ਤੋਂ ਹਰਵਿੰਦਰ ਸਿੰਘ, ਟੋਰਾਂਟੋ ਤੋਂ ਪਰਵਿੰਦਰ ਗੋਗੀ, ਵਿਨੀਪੈੱਗ ਤੋਂ ਡਾ ਪ੍ਰਿਤਪਾਲ ਕੌਰ ਚਾਹਲ, ਕਪੂਰਥਲੇ ਤੋਂ ਡਾ ਭੁਪਿੰਦਰ ਕੌਰ, ਕੇਲੀਫੋਰਨੀਆ ਤੋਂ ਉੱਘੀ ਕਵਿੱਤਰੀ ਲਾਜ ਨੀਲਮ ਸੈਣੀ, ਲੁਧਿਆਣੇ ਤੋਂ ਪ੍ਰੋ ਸੁਰਿੰਦਰ ਜੈਪਾਲ, ਦਿੱਲੀ ਤੋਂ ਡਾ ਹਰਚਰਨ ਕੌਰ, ਮੁੰਬਈ ਤੋਂ ਸ਼ਿਵ ਦੱਤ ਅਕਸ, ਡਾ ਪਸ਼ਪਿੰਦਰ ਖੋਖਰ, ਕੈਲੀਫੋਰਨੀਆ ਤੋਂ ਕਵਿੱਤਰੀ ਮਨਜੀਤ ਕੌਰ ਸੇਖੋਂ, ਡਾ ਪਰਗਟ ਬਰਾੜ ਅਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਅੰਤ ਵਿਚ ਸੰਸਥਾ ਦੇ ਕੋਆਰਡੀਨੇਟਰ ਪ੍ਰੋ ਜਗੀਰ ਸਿੰਘ ਕਾਹਲੋਂ ਨੇ ਸਭ ਦਾ ਧੰਨਵਾਦ ਕੀਤਾ ਤੇ ਅੱਜ ਦੀ ਇਸ ਵਿਚਾਰ ਗੋਸ਼ਟੀ ਦੀ ਸਮਾਪਤੀ ਕੀਤੀ।