ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ
- ਪੰਜਾਬੀ ਸਾਹਿਤ ਵਿਚ ਸਾਹਿਤ ਸਭਾਵਾਂ ਦੀ ਭੂਮਿਕਾ ਉਸਾਰੂ- ਡਾ. ਦਰਸ਼ਨ ਸਿੰਘ 'ਆਸ਼ਟ'
- ਡਾ. ਨਰਿੰਦਰ ਸਿੰਘ ਤੇਜਾਂ ਦੀ ਪੁਸਤਕ ਦਾ ਕੀਤਾ ਗਿਆ ਲੋਕ ਅਰਪਣ
ਪਟਿਆਲਾ, 10 ਅਕਤੂਬਰ 2021 - ਅੱਜ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੌਜਵਾਨ ਲੇਖਕ ਡਾ. ਨਰਿੰਦਰ ਸਿੰਘ ਤੇਜਾਂ ਦੀ ਵਾਰਤਕ ਪੁਸਤਕ 'ਮਨੁੱਖੀ ਜੀਵਨ ਅਤੇ ਧਰਮ ਦਾ ਫ਼ਲਸਫ਼ਾ' ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਚੇਅਰ ਦੇ ਚੇਅਰਮੈਨ ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਸ਼ਾਮਿਲ ਹੋਏ ਜਦੋਂ ਕਿ ਡਾ. ਜਰਨੈਲ ਸਿੰਘ ਕਾਲੇਕੇ,ਡਾਇਰੈਕਟਰ,ਐਸ.ਸੀ.ਈ.ਆਰ.ਟੀ.,ਪੰਜਾਬ,ਮੋਹਾਲੀ ਨੇ ਪ੍ਰਧਾਨਗੀ ਕੀਤੀ।
ਇਸ ਤੋਂ ਇਲਾਵਾ ਡੀ.ਪੀ.ਆਈ.(ਕਾਲਜਾਂ) ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਸ਼ਵਿੰਦਰ ਸਿੰਘ ਰੇਖੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਇੰਜੀ. ਅਮਰਜੀਤ ਸਿੰਘ,ਕਵੀ ਕੁਲਵੰਤ ਸਿੰਘ,ਪ੍ਰੋ. ਗੁਰਬਚਨ ਸਿੰਘ ਰਾਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਮਹਿਮਾਨਾਂ ਅਤੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਹਿਤ ਸਭਾਵਾਂ ਦੀ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਭੂਮਿਕਾ ਬਹੁਤ ਉਸਾਰੂ ਰਹੀ ਹੈ ਜੋ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪ੍ਰਤੀ ਚੇਤੰਨ ਕਰਦੀਆਂ ਹਨ।ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਮਿਹਨਤ,ਸਹਿਜਤਾ ਅਤੇ ਪ੍ਰਤਿਬੱਧਤਾ ਕਾਰਨ ਮੰਜ਼ਿਲ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ।ਪੁਸਤਕ ਚਰਚਾ ਵਿਚ ਭਾਗ ਲੈਂਦਿਆਂ ਪ੍ਰੋ. ਸ਼ਵਿੰਦਰ ਸਿੰਘ ਰੇਖੀ ਨੇ ਕਿਹਾ ਕਿ ਲੇਖਕ ਨੂੰ ਮਾਨਵਤਾ ਪੱਖੀ ਕਾਰਜ ਕਰਦਿਆਂ ਜੀਵਨ ਮੁੱਲਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।ਇੰਜੀਨੀਅਰ ਅਮਰਜੀਤ ਸਿੰਘ ਦਾ ਮਤ ਸੀ ਕਿ ਡਾ. ਤੇਜਾਂ ਨੇ ਸਿੱਖਿਆ ਵਿਭਾਗ ਵਿਚ ਰਹਿੰਦਿਆਂ ਸਿਰਜਣਾਤਮਕ ਕਾਰਜ ਕਰਕੇ ਮਾਂ ਬੋਲੀ ਦਾ ਮਾਣ ਵਧਾਇਆ ਹੈ।ਇਸ ਦੌਰਾਨ ਕਵੀ ਕੁਲਵੰਤ ਸਿੰਘ ਅਤੇ ਪ੍ਰੋਫੈਸਰ ਗੁਰਬਚਨ ਸਿੰਘ ਰਾਹੀ ਨੇ ਵੀ ਮੁੱਲਵਾਨ ਵਿਚਾਰ ਪ੍ਰਗਟ ਕਰਦਿਆਂ ਵਿਸ਼ੇਸ਼ ਕਾਵਿ-ਰਚਨਾਵਾਂ ਸਾਂਝੀਆਂ ਕੀਤੀਆਂ। ਡਾ. ਨਰਿੰਦਰ ਸਿੰਘ ਤੇਜਾਂ ਨੇ ਆਪਣੀ ਸਿਰਜਣਾ ਪ੍ਰਕਿਰਿਆ ਸਾਂਝੀ ਕੀਤੀ ਅਤੇ ਪੰਜਾਬੀ ਮਾਂ ਬੋਲੀ ਦੀ ਵਡਿਆਈ ਦਰਸਾਉਂਦੀ ਕਵਿਤਾ ਵੀ ਸੁਣਾਈ।
ਸਮਾਗਮ ਦੇ ਦੂਜੇ ਦੌਰ ਵਿਚ ਅਮਰ ਗਰਗ ਕਲਮਦਾਨ ਧੂਰੀ, ਸਤੀਸ਼ ਵਿਦਰੋਹੀ,ਰਿਪਨਜੋਤ ਕੌਰ ਸੋਨੀ ਬੱਗਾ, ਬਲਬੀਰ ਸਿੰਘ ਜਲਾਲਾਬਾਦੀ,ਗੁਰਦਰਸ਼ਨ ਸਿੰਘ ਗੁਸੀਲ,ਉਂਕਾਰ ਸਿੰਘ ਤੇਜੇ,ਬਲਬੀਰ ਸਿੰਘ ਦਿਲਦਾਰ,ਸੁਰਿੰਦਰ ਕੌਰ ਬਾੜਾ,ਸਜਨੀ ਬੱਤਾ,ਮਨਜੀਤ ਪੱਟੀ, ਨਵਦੀਪ ਸਿੰਘ ਮੁੰਡੀ, ਕੈਪਟਨ ਚਮਕੌਰ ਸਿੰਘ,ਜੱਗਾ ਰੰਗੂਵਾਲ,ਗਾਇਕ ਮੰਗਤ ਖ਼ਾਨ,ਹਰਦੀਪ ਕੌਰ ਜੱਸੋਵਾਲ, ਕਿਰਨਦੀਪ ਕੌਰ,ਕ੍ਰਿਸ਼ਨ ਲਾਲ ਧੀਮਾਨ,ਹਰਵਿਨ ਸਿੰਘ,ਸ਼ਾਮ ਸਿੰਘ ਪ੍ਰੇਮ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ।ਇਸ ਦੌਰਾਨ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸ਼ਾਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਵਿਚ ਡਾ. ਮਨਿੰਦਰ ਕੌਰ, ਡਾ. ਰਾਮਿੰਦਰਜੀਤ ਸਿੰਘ ਵਾਸੂ,ਜੋਗਾ ਸਿੰਘ ਧਨੌਲਾ, ਚਰਨ ਬੰਬੀਹਾ ਭਾਈ,ਭਾਵਨਾ,ਵਿਨੋਦ ਕੁਮਾਰ, ਪਰਮਿੰਦਰ ਸਿੰਘ,ਹਰਭਗਵਾਨ ਸਿੰਘ,ਗੋਪਾਲ ਕ੍ਰਿਸ਼ਨ ਸ਼ਰਮਾ,ਗੁਰਬਚਨ ਸਿੰਘ, ਭੁਪਿੰਦਰ ਸਿੰਘ ਆਦਿ ਵੀ ਸ਼ਾਮਿਲ ਸਨ।ਸਮਾਗਮ ਦਾ ਸੰਚਾਲਨ ਉਘੇ ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।