ਰੱਈਆ 23 ਅਕਤੂਬਰ 2018
ਸ਼ਬਦ ਚੇਤਨਾ ਮੰਚ ਰਈਆ (ਅੰਮ੍ਰਿਤਸਰ)ਵੱਲੋਂ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਸਹਿਯੋਗ ਨਾਲ ਲੋਕ ਹਿਤੈਸ਼ੀ ਸ਼ਾਇਰ ਪ੍ਰੋ. ਜਸਪਾਲ ਘਈ ਜੀ (ਫੀਰੋਜ਼ਪੁਰ)ਨੂੰ ਪਹਿਲਾ ਗਦਰੀ ਬਾਬਾ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕਰਨ ਉਪਰੰਤ ਹਾਜ਼ਰ ਲੇਖਕਾਂ ਤੇ ਪਾਂਠਕਾਂ ਨੇ ਮੁਬਾਰਕਾਂ ਭੇਂਟ ਕਰਦਿਆਂ ਕਿਹਾ ਕਿ ਘਈ ਸ਼ਾਇਰਾਂ ਦਾ ਸ਼ਾਇਰ ਕਿਹਾ ਜਾ ਸਕਦਾ ਹੈ ਜਿਸ ਕੋਲ ਪੰਜਾਬੀ ਗ਼ਜ਼ਲ ਦੀ ਬਾਰੀਕ ਸੂਝ ਹੈ। । ਪਰਿਸਬੇਨ ਤੋਂ ਪੰਜਾਬੀ ਕਵੀ ਸਰਬਜੀਤ ਸੋਹੀ ਨੇ ਆਪਣੇ ਸੰਦੇਸ਼ ਚ ਕਿਹਾ ਕਿ ਸਾਨੂੰ ਮਾਣ ਹੈ ਕਿ ਘਈ ਸਾਹਿਬ ਉਸ ਧਿਰ ਦੇ ਸ਼ਾਇਰ ਹਨ, ਜੋ ਅਜੇ ਵੀ ਸਭ ਲਈ ਬਰਾਬਰੀ, ਆਜ਼ਾਦੀ ਅਤੇ ਜ਼ਿੰਦਗੀ ਦੀਆਂ ਲੋੜਵੰਦੀਆਂ ਬਿਹਤਰ ਹਾਲਤਾਂ ਲਈ ਲੜ ਰਹੀ ਹੈ । ਇਸ ਕਲਮ ਦੀ ਸਦਾ ਸਲਾਮਤੀ ਲਈ ਇਹ ਪੁਰਸਕਾਰ ਯਕੀਨਨ ਉਨ੍ਹਾਂ ਲਈ ਪ੍ਰੇਰਕ ਬਣਿਆ ਰਹੇਗਾ।
ਜਸਪਾਲ ਘਈ ਦੀ ਸ਼ਖਸੀਅਤ ਤੇ ਸ਼ਾਇਰੀ ਬਾਰੇ ਸੁਖਜਿੰਦਰ ਸਿੰਘ ਫੀਰੋਜ਼ਪੁਰ ਨੇ ਬੜੀਆਂ ਮੁੱਲਵਾਨ ਟਿਪਣੀਆਂ ਕੀਤੀਆਂ। ਇਸ ਮੌਕੇ ਡਾ: ਬਿਕਰਮਜੀਤ , ਹਰਮੀਤ ਵਿਦਿਆਰਥੀ,ਵਿਸ਼ਾਲ ਬਿਆਸ ਸੰਪਾਦਕ ਅੱਖਰ, ਧਰਵਿੰਦਰ ਸਿੰਘ ਔਲਖ ਸੰਪਾਦਕ ਰਾਗ, ਕੰਵਲਜੀਤ ਭੁੱਲਰ,ਬਲਦੇਵ ਕ੍ਰਿਸ਼ਨ ਸ਼ਰਮਾ ਸਮੇਤ ਅਨੇਕਾ ਪਰਮੁੱਖ ਕਵੀ ਤੇ ਲੇਖਕ ਹਾਜ਼ਰ ਸਨ।
ਇੱਕ ਵੱਖਰੇ ਬਿਆਨ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪਰਧਾਨ ਪ੍ਰੋ: ਗੁਰਭਜਨ ਗਿੱਲ ਨੇ ਸ਼ਬਦ ਚੇਤਨਾ ਮੰਚ ਰੱਈਆ ਤੇ ਇੰਡੋਜ਼ ਪੰਜਾਬੀ ਸਾਹਿੱਤ ਅਕਾਡਮੀ ਆਸਟਰੇਲੀਆ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਹੈ ਜਿੰਨ੍ਹਾਂ ਨੇ ਪ੍ਰੋ: ਜਸਪਾਲ ਘਈ ਨੂੰ ਸਨਮਾਨਿਤ ਕਰਕੇ ਸਹੀ ਸਿਰਜਕ ਦਾ ਸਤਿਕਾਰ ਕੀਤਾ ਹੈ।