ਵਿਸ਼ਵ ਪੰਜਾਬੀ ਸਭਾ (ਰਜਿ.) ਟੋਰਾਂਟੋ ਵੱਲੋਂ ਡਾ. ਸਤਿਬੀਰ ਸਿੰਘ ਨੈਰੋਬੀ (ਅਫ਼ਰੀਕਾ) ਇਕਾਈ ਦੇ ਪ੍ਰਧਾਨ ਥਾਪਣ ਮਗਰੋਂ ਸਨਮਾਨਿਤ
ਲੁਧਿਆਣਾਃ 9 ਜੂਨ 2024 - ਟੋਰਾਂਟੋ ਸਥਿਤ ਵਿਸ਼ਵ ਪੰਜਾਬੀ ਸਭਾ(ਰਜਿ.) ਵੱਲੋਂ ਕੀਨੀਆ(ਅਫਰੀਕਾ) ਵਿੱਚ ਨੈਰੋਬੀ ਵੱਸਦੇ ਡਾ. ਸਤਿਬੀਰ ਸਿੰਘ ਨੈਰੋਬੀ ਨੂੰ ਵਿਸ਼ਵ ਪੰਜਾਬੀ ਸਭਾ ਦੀ ਦੱਖਣੀ ਅਫਰੀਕਾ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। ਇਹ ਐਲਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਟੋਰੰਟੋ ਵਿਖੇ ਕਰਦਿਆਂ ਕਿਹਾ ਕਿ ਮੈਡੀਕਲ ਖੇਤਰ ਦੇ ਸਿਰਕੱਢ ਨੌਜੁਆਨ ਡਾਕਟਰ ਸਤਿਬੀਰ ਸਿੰਘ ਦਾ ਸਾਡੀ ਸੰਸਥਾ ਨਾਲ ਜੁੜਨਾ ਬਹੁਤ ਮਾਣ ਵਾਲੀ ਗੱਲ ਹੈ। ਡਾ. ਸਤਿਬੀਰ ਸਿੰਘ ਨੂੰ ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਤੇ ਡਾ. ਪਰਗਟ ਸਿੰਘ ਬੱਗਾ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ” ਤੇ ਹੋਰ ਪੁਸਤਕਾਂ ਦਾ ਸੈੱਟ ਭੇਂਟ ਕੀਤਾ।
ਡਾ. ਦਲਬੀਰ ਸਿੰਘ ਕਥੂਹੀਆ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ 16-17-18 ਅਗਸਤ 2024 ਨੂੰ ਹੋਣ ਵਾਲੀ ਤੀਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਵਿੱਚ ਡਾ. ਸਤਿਬੀਰ ਸਿੰਘ ਸਾਥੀਆਂ ਸਮੇਤ ਸ਼ਾਮਿਲ ਹੋਣਗੇ।
ਡਾ. ਸਤਿਬੀਰ ਸਿੰਘ ਨੈਰੋਬੀ ਨੇ ਵਿਸ਼ਵ ਪੰਜਾਬੀ ਸਭਾ (ਰਜਿ.) ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਉਸ ਨੂੰ ਅਫਰੀਕਾ ਵਿੱਚ ਸਭਾ ਸੰਗਠਿਤ ਕਰਨ ਦੀ ਜ਼ੁੰਮੇਵਾਰੀ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਅਫਰੀਕਾ ਵਿੱਚ ਪੰਜ ਲੱਖ ਪੰਜਾਬੀ ਪਰਿਵਾਰ ਵੱਸਦੇ ਹਨ ਜੋ ਆਪਣੇ ਮੂਲ ਸੱਭਿਆਚਾਰ ਨਾਲ ਜੁੜੇ ਹੋਏ ਹਨ।
ਵਿਸ਼ਵ ਪੰਜਾਬੀ ਸਭਾ(ਰਜਿ.) ਦੇ ਸਰਪ੍ਰਸਤ ਡਾ. ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਸਤਿਬੀਰ ਸਿੰਘ ਨੂੰ ਨਵੀਂ ਜ਼ੁੰਮੇਵਾਰੀ ਮਿਲਣ ਤੇ ਮੁਬਾਰਕਬਾਦ ਦਿੱਤੀ ਹੈ।