ਹਰਦਮ ਮਾਨ
ਡੈਲਟਾ, 21 ਅਕਤੂਬਰ 2019 - ਜਾਰਜ ਮੈਕੀ ਲਾਇਬਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮੱਰਪਿਤ ਸ਼ਾਮ ਵਿਚ ਇਸ ਵਾਰ ਕਵਿੱਤਰੀ ਹਰਸ਼ਰਨ ਕੌਰ ਅਤੇ ਸ਼ਾਇਰ ਸ਼ਾਹਗੀਰ ਗਿੱਲ ਸਰੋਤਿਆਂ ਦੇ ਰੂਬਰੂ ਹੋਏ।
ਇਸ ਪ੍ਰੋਗਰਾਮ ਦੇ ਸੰਚਾਲਕ ਮੋਹਨ ਗਿੱਲ ਸਰੋਤਿਆਂ ਦਾ ਸਵਾਗਤ ਕਰਦਿਆਂ ਕਾਵਿ ਸ਼ਾਮ ਵਿਚ ਆਏ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੀ ਕੁਲ ਦੇ ਚਰਾਗ ਅਜੈ ਛਾਬੜਾ, ਸੰਸਕ੍ਰਿਤ ਦੀ ਸਕਾਲਰ ਡਾ. ਮਧੂ ਸਿੰਘ ਤੇ ਉਰਦੂ ਸ਼ਾਇਰ ਬਾਹਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਹਰਸ਼ਰਨ ਕੌਰ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ।
ਹਰਸ਼ਰਨ ਕੌਰ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਕਿ ਉਹ ਸੁਤੰਤਰਤਾ ਸੈਨਾਨੀ ਹਰਨਾਮ ਸਿੰਘ ਗੁੱਜਰਖਾਨੀ ਤੇ ਸਰਦਾਰਨੀ ਵੀਰਾਂ ਵਾਲੀ ਦੀ ਪੋਤਰੀ ਹੈ। ਜਨਮ ਤੇ ਮੁਢੱਲੀ ਪੜ੍ਹਾਈ ਰਿਆਸਤ ਨਾਭਾ ਵਿਚ ਹੋਈ। ਦਾਦੇ ਤੇ ਪਿਤਾ ਵਲੋਂ ਸਾਹਿਤ ਪੜ੍ਹਨ ਲਈ ਉਤਸਾਹਤ ਕੀਤਾ ਅਤੇ ਭਾਈ ਵੀਰ ਸਿੰਘ ਦੀਆਂ ਪੁਸਤਕਾਂ ਪੜ੍ਹਨ ਕਾਰਨ ਲਿਖਣ ਵਲ ਰੁਚਿਤ ਹੋਈ। ਕਾਲਜ ਪੜ੍ਹਦੇ ਸਮੇਂ ਲਿਖਣਾ ਸ਼ੁਰੂ ਕੀਤਾ। ਸਹੁਰਾ ਪਰਿਵਾਰ ਵੀ ਚੰਗਾ ਮਿਲਿਆ। ਓਥੇ ਵੀ ਪੜ੍ਹਨ ਲਿਖਣ ਦਾ ਸਿਲਸਿਲਾ ਚਲਦਾ ਰਿਹਾ। ਵਿਆਹ ਮਗਰੋਂ ਬਹੁਤਾ ਸਮਾਂ ਡੇਹਰਾਦੂਨ ਵਸੇਬਾ ਹੋਣ ਕਰ ਕੇ ਹਿੰਦੀ ਬੋਲਣੀ ਸਿੱਖੀ। ਹੁਣ ਤੱਕ ਚਾਰ ਕਾਵਿ ਸੰਗ੍ਰਹਿ ਪੰਜਾਬੀ ਵਿਚ ਤੇ ਇਕ ਕਾਵਿ ਸੰਗ੍ਰਹਿ ਹਿੰਦੀ ਵਿਚ ਛਪੇ ਹਨ ਅਤੇ ਇਕ ਕਾਵਿ ਸੰਗ੍ਰਹਿ (ਪੰਜਾਬੀ) ਛਪਾਈ ਅਧੀਨ ਹੈ। ਫਿਰ ਉਹਨਾਂ ਆਪਣੀਆਂ ਕੁਝ ਕਵਿਤਾਵਾਂ, ‘ਆਬਸ਼ਾਰ’, ‘ਅੱਜ ਫਿਰ ਕਵਿਤਾ ਜਨਮ ਰਹੀ’, ‘ਮੁਹੱਬਤ ਦਾ ਇੰਤਜ਼ਾਰ’, ‘ਸਰਾਪ’ ‘ਕੌਣ ਦਿਲ ਨੂੰ ਸਮਝਾਏ’ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹਿੰਦੀ ਕਵਿਤਾਵਾਂ, ‘ਫੌਜੀ ਜਵਾਨ ਦੀ ਕਫਨ ਵਿਚ ਘਰ ਵਾਪਸੀ’ ਅਤੇ ‘ਪਹਾੜਨ ਗੁੱਜਰ ਕੁੜੀ’ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।
ਮਹਿਫਲ ਦੇ ਸਹਿ- ਸੰਚਾਲਕ ਜਰਨੈਲ ਸਿੰਘ ਆਰਟਿਸਟ ਨੇ ਸ਼ਾਇਰ ਸ਼ਾਹਗੀਰ ਗਿੱਲ ਦੀਆਂ ਕਾਵਿ ਪੁਸਤਕਾਂ ਦੀ ਸੰਖੇਪ ਜਾਣਕਾਰੀ ਦੇਣ ਮਗਰੋਂ ਉਹਨਾਂ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਸ਼ਾਹਗੀਰ ਗਿੱਲ ਨੇ ਦੱਸਿਆ ਕਿ ਉਸ ਦਾ ਜਨਮ ਖਾਨੇਵਾਲ ਚੱਕ ਨੰਬਰ 173 (ਪਾਕਿਸਤਾਨ) ਦਾ ਹੈ। ਉਜੜ ਕੇ ਸ਼ਾਹਪੁਰ ਪੱਟੀ ਜ਼ਿਲਾ ਨਵਾਂ ਸ਼ਹਿਰ ਆ ਵਸੇ। ਸਾਧਾਰਨ ਕਿਸਾਨ ਪਰਿਵਾਰ ਵਿਚ ਪੜ੍ਹਨ ਦੇ ਨਾਲ ਨਾਲ ਖੇਤੀਬਾੜੀ ਦੇ ਕੰਮ ਵਿਚ ਵੀ ਹੱਥ ਵਟਾਉਂਦਾ ਰਿਹਾ। ਜ਼ਿੰਮੇਵਾਰੀਆਂ ਦੀ ਪੰਡ ਭਾਰੀ ਹੁੰਦੀ ਮਹਿਸੂਸ ਹੋਈ ਤਾਂ ਇਸ ਨੂੰ ਕੁਝ ਹੌਲਾ ਕਰਨ ਲਈ 1971 ਵਿਚ ਕੈਨੇਡਾ ਦੇ ਬੀ.ਸੀ. ਸੂਬੇ ਦੇ ਸ਼ਹਿਰ ਕਿਟੀਮੈਟ ਆ ਗਿਆ। ਫਿਰ ਵੈਨਕੂਵਰ ਆ ਕੇ ਕੁਝ ਸਮਾਂ ਭਾਂਤ ਸੁਭਾਂਤੀਆਂ ਨੌਕਰੀਆਂ ਕਰਨ ਬਾਅਦ ਗੱਡੀ ਲੀਹ ‘ਤੇ ਆ ਗਈ। ਹੁਣ ਰਿਟਾਇਰਡ ਜ਼ਿੰਦਗੀ ਮਾਣ ਰਿਹਾ ਹੈ। ਕਵਿਤਾ ਲਿਖਣ ਦਾ ਸ਼ੌਕ ਸਕੂਲ ਪੜ੍ਹਨ ਸਮੇਂ ਹੀ ਪੈ ਗਿਆ ਸੀ। ਕਵਿਤਾ ਦੇ ਹਰ ਰੂਪ ‘ਤੇ ਹੱਥ ਅਜ਼ਮਾਇਆ ਹੈ। ਕਵਿਤਾ ਦੀਆਂ 15 ਪੁਸਤਕਾਂ ਛਪ ਚੁੱਕੀਆਂ ਹਨ, ਸੋਲ੍ਹਵੀਂ ਛਪਾਈ ਅਧੀਨ ਹੈ। ਫਿਰ ਉਹਨਾਂ ਆਪਣੀ ਹਰ ਵੰਨਗੀ ਦੀ ਕਵਿਤਾ, ‘ਅੰਦਰ ਦਾ ਨੇਰ੍ਹਾ ਸਵੇਰਾ’, ‘ਮੁਹੱਬਤ ਦਾ ਗੀਤ’, ‘ਔਰਤ’ ‘ਖੁਦ ਨੂੰ ਤਰਾਸ਼, ਪੱਥਰਾਂ ਨੂੰ ਤਰਾਸ਼ੇਂ!’ ‘ਛੋਟੇ ਬਹਿਰ ਦੀ ਗ਼ਜ਼ਲ, ‘ਜ਼ਿੰਦਗੀ ਨੂੰ ਬੇ-ਮਿਸਾਲ ਕਰ, ਹਰ ਪਲ ਦਾ ਪਰ ਖਿਆਲ ਕਰ’, ‘ਸੱਜਣ ਮੈਂਢਾ ਰੰਗਲਾ’ ਅਤੇ ‘ਮੇਰੇ ਮਜਾਰ ‘ਤੇ ਕਦੀ ਤੇ ਆਇਆ ਹੋਏਂਗਾ’ ਸੁਣਾਈ। ਅਖੀਰ ਵਿਚ ਸ਼ਿਵ ਕੁਮਾਰ ਬਟਾਵਲੀ ਨੂੰ ਸਮੱਰਪਿਤ, ਉਸ ਦੀਆਂ ਕੁਝ ਕਵਿਤਾਵਾਂ ਦੇ ਅਤੇ ਇਕ ਕਵਿਤਾ ਸੁਣਾ ਕੇ ਬਟਾਲਵੀ ਨਾਲ ਗੁਜ਼ਾਰੇ ਦਿਨਾਂ ਨੂੰ ਯਾਦ ਕੀਤਾ।
ਇਸ ਕਾਵਿ-ਸ਼ਾਮ ਵਿਚ ਡਾ. ਰਾਜਵੰਤ ਸਿੰਘ ਚਲਾਣਾ, ਸ੍ਰੀਮਤੀ ਚਲਾਣਾ, ਡਾ. ਅਜੈ ਛਾਬੜਾ, ਡਾ. ਸ਼ਬਨਮ ਮੱਲ੍ਹੀ, ਭੂਪਿੰਦਰ ਮਲ੍ਹੀ, ਜਰਨੈਲ ਸਿੰਘ ਸੇਖਾ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ, ਗੁਰਤੇਜ ਗਿੱਲ, ਗੁਰਚਰਨ ਟੱਲੇਵਾਲੀਆ, ਬਲਬੀਰ ਤਨਹਾ, ਰਾਬਿੰਦਰ ਸਿੰਘ ਮੱਲ੍ਹੀ, ਰਣਜੀਤ ਕੌਰ ਔਲਖ, ਜਸਬੀਰ ਮਾਨ, ਮੀਨੂੰ ਬਾਵਾ, ਰੁਪਿੰਦਰ ਖੈਰ੍ਹਾ ਰੂਪੀ, ਬਿੰਦੂ ਮਠਾੜੂ, ਦਵਿੰਦਰ ਬਚਰਾ, ਮੋਹਨ ਬਚਰਾ ਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।